ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 1 ਅਗਸਤ
ਪੰਜਾਬੀ ਸਾਹਿਤ ਸੰਗਮ ਅੰਮ੍ਰਿਤਸਰ ਵੱਲੋਂ ਅੱਜ ਸਥਾਨਕ ਭਾਈ ਵੀਰ ਸਿੰਘ ਨਿਵਾਸ ਸਥਾਨ ਵਿੱਚ ਡਾ. ਹੀਰਾ ਸਿੰਘ ਦੀ ਪੁਸਤਕ ‘ਚੁੱਪ ਦੇ ਬਹਾਨੇ: ਸਹਿਜ ਸਮਾਲੋਚਨਾ’ ਲੋਕ ਅਰਪਣ ਕੀਤੀ ਗਈ। ਡਾ. ਹੀਰਾ ਸਿੰਘ ਸਥਾਨਕ ਖ਼ਾਲਸਾ ਕਾਲਜ ਵਿੱਚ ਅਧਿਆਪਨ ਦਾ ਕਾਰਜ ਕਰਦੇ ਹਨ ਅਤੇ ਇਹ ਉਨ੍ਹਾਂ ਦੀ ਛੇਵੀਂ ਆਲੋਚਨਾਤਮਕ ਪੁਸਤਕ ਹੈ। ਉਨ੍ਹਾਂ ਦੇ 40 ਦੇ ਕਰੀਬ ਖੋਜ ਪੱਤਰ ਵੱਖ-ਵੱਖ ਰਸਾਲਿਆਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ 20 ਦੇ ਕਰੀਬ ਉਹ ਪੇਪਰ ਵੱਖ-ਵੱਖ ਸੈਮੀਨਾਰਾਂ/ਕਾਨਫਰੰਸਾਂ ਵਿਚ ਪੜ੍ਹ ਚੁੱਕੇ ਹਨ। ਇਹ ਪੁਸਤਕ ਅੰਮ੍ਰਿਤਸਰ ਦੇ ਪ੍ਰਸਿੱਧ ਕਵੀ ਮਲਵਿੰਦਰ ਸਿੰਘ ਦੀ ਕਾਵਿ ਪੁਸਤਕ ‘ਚੁੱਪ ਦੇ ਬਹਾਨੇ’ ਉਪਰ ਲਿਖੇ ਵੱਖ-ਵੱਖ ਵਿਦਵਾਨਾਂ ਦੇ ਖੋਜ-ਪੱਤਰਾਂ ਦਾ ਸੰਗ੍ਰਹਿ ਹੈ।
ਭਾਈ ਵੀਰ ਸਿੰਘ ਨਿਵਾਸ ਸਥਾਨ ’ਤੇ ਸਾਬਕਾ ਪ੍ਰਿੰਸੀਪਲ ਅਤੇ ਵਰਤਮਾਨ ਡਾਇਰੈਕਟਰ ਭਾਈ ਵੀਰ ਸਿੰਘ ਨਿਵਾਸ ਸਥਾਨ ਡਾ. ਸੁਖਬੀਰ ਕੌਰ ਮਾਹਲ ਦੀ ਪ੍ਰਧਾਨਗੀ ਵਿੱਚ ਹੋਏ ਸਮਾਗਮ ਵਿੱਚ ਪੰਜਾਬੀ ਸਾਹਿਤ ਸੰਗਮ ਦੇ ਪ੍ਰਧਾਨ ਸਰਬਜੀਤ ਸਿੰਘ ਸੰਧੂ, ਜਨਰਲ ਸਕੱਤਰ ਮਲਵਿੰਦਰ ਸਿੰਘ, ਅੰਮ੍ਰਿਤਸਰ ਤੋਂ ਨਿਕਲਦੇ ਪੰਜਾਬੀ ਰਸਾਲੇ ‘ਏਕਮ’ ਦੀ ਸੰਪਾਦਕ ਅਤੇ ਪ੍ਰਸਿੱਧ ਸ਼ਾਇਰਾ ਅਰਤਿੰਦਰ ਕੌਰ ਸੰਧੂ ਸ਼ਾਮਲ ਹੋਏ।