ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 9 ਜੂਨ
ਪੰਜਾਬ ਵਪਾਰ ਮੰਡਲ ਦੀ ਜ਼ਿਲ੍ਹਾ ਕਾਰਜਕਾਰਣੀ ਵੱਲੋਂ ਟਰੇਡ ਲਾਇਸੈਂਸ ’ਤੇ ਰੋਜ਼ਾਨਾ ਦੇ ਹਿਸਾਬ ਲੱਗੇ ਜੁਰਮਾਨੇ ਨੂੰ ਮੁਆਫ਼ ਕਰਨ ਦੀ ਮੰਗ ’ਤੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵੱਡਾ ਫੈਸਲਾ ਲੈ ਕੇ ਇਹ ਜੁਰਮਾਨਾ ਤੁਰੰਤ ਪ੍ਰਭਾਵ ਨਾਲ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਇਸ ਜੁਰਮਾਨੇ ਦੀ ਮੁਆਫੀ ਨਾਲ ਹਰ ਇਕ ਕਾਰੋਬਾਰੀ ਨੂੰ ਲੱਗਣ ਵਾਲੇ 37,500 ਜੁਰਮਾਨੇ ਵਿੱਚੋਂ 37,000 ਰੁਪਏ ਦੀ ਮੁਆਫ਼ੀ ਦਿੱਤੀ ਗਈ ਹੈ।
ਮੇਅਰ ਰਿੰਟੂ ਵੱਲੋਂ ਕੀਤੇ ਗਏ ਇਸ ਐਲਾਨ ਮੌਕੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ, ਜਨਰਲ ਸਕੱਤਰ ਸਮੀਰ ਜੈਨ, ਵਿੱਤ ਸਕੱਤਰ ਐੱਸ.ਕੇ. ਵਧਵਾ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਦੁੱਗਲ, ਜ਼ਿਲ੍ਹਾ ਵਿੱਤ ਸਕੱਤਰ ਰਵੀ ਅਰੋੜਾ, ਜ਼ਿਲ੍ਹਾ ਵਾਈਸ ਪ੍ਰਧਾਨ ਅਤੇ ਬਿਜਲੀ ਮਾਰਕੀਟ ਐਸੋਸੀਏਸ਼ਨ ਦੇ ਬਲਬੀਰ ਭਸੀਨ, ਪ੍ਰਧਾਨ ਨਹਿਰੂ ਸ਼ਾਪਿੰਗ ਕੰਪਲੈਕਸ ਐਸੋਸੀਏਸ਼ਨ ਵਿਕਾਸ ਨਾਰੰਗ, ਕੌਸਲਰ ਰਾਜੇਸ਼ ਮਦਾਨ, ਸੀਏ ਵਿਜੈ ਉਮਟ, ਸੁਨੀਲ ਕੌਂਟੀ ਅਤੇ ਜਗਮੋਹਨ ਕਪੂਰ ਹਾਜ਼ਰ ਸਨ। ਵਪਾਰ ਮੰਡਲ ਦੇ ਆਗੂਆਂ ਨੇ ਲੋਕਹਿੱਤ ਵਿੱਚ ਲਏ ਗਏ ਇਸ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ। ਮੇਅਰ ਨੇ ਕਿਹਾ ਕਿ ਕਰੋਨਾ ਕਾਲ ਦੀ ਇਸ ਘੜੀ ਪਹਿਲਾਂ ਹੀ ਲੋਕ ਬੜੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ ਅਤੇ ਟਰੇਡ ਲਾਇਸੈਂਸ ’ਤੇ ਇਹ 100 ਰੁਪਏ ਰੋਜ਼ਾਨਾ ਦਾ ਜੁਰਮਾਨਾ ਲੋਕਾਂ ’ਤੇ ਬਹੁਤ ਵੱਡਾ ਬੋਝ ਸੀ। ਹੁਣ ਹਜ਼ਾਰਾਂ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਵਿੱਤੀ ਲਾਭ ਹੋਵੇਗਾ। ਮੇਅਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਦਿੱਤੀ ਗਈ ਇਸ ਰਾਹਤ ਦਾ ਫਾਇਦਾ ਉਠਾਉਣ।