ਡਾ. ਪਿਆਰਾ ਲਾਲ ਗਰਗ
ਕਬੀਰ ਜੈਅੰਤੀ ਸਬੰਧੀ 24 ਜੂਨ ਦੀ ਸਰਵਜਨਕ ਛੁੱਟੀ ਨੂੰ ਸਿਆਸੀ ਲਾਹਾ ਲੈਣ ਵਾਲੀ ਛੁੱਟੀ ਮੰਨ ਕੇ ਦਫ਼ਤਰ ਬੰਦ ਕਰਨਾ ਉਹੀ ਕਰਮਕਾਂਡ ਹੋ ਨਬਿੜਿਆ ਜਿਸ ਵਿਰੁੱਧ ਭਗਤ ਕਬੀਰ ਜੀ ਨੇ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ। ਸਾਡੇ ਸਮਾਜ ਨੂੰ ਜਾਤ-ਪਾਤ ਤੇ ਧਰਮ ਦੀਆਂ ਵੰਡੀਆਂ ਪਾ ਕੇ ਬੁਰੀ ਤਰ੍ਹਾਂ ਪਾਟੋ-ਧਾੜ ਕਰ ਦਿੱਤਾ ਗਿਆ ਹੈ। ਨਿਘਰੀ ਹੋਈ ਸਿਆਸਤ ਵੀ ਹੁਣ ਵਕਤੀ ਲਾਭ ਲਈ ਅਜਿਹੇ ਗੈਰ-ਸਮਾਜਿਕ ਪਾੜਿਆਂ ਨੂੰ ਹਵਾ ਦੇਣ ਵਿੱਚ ਗਲਤਾਨ ਹੈ। ਬੇਇਨਸਾਫੀ, ਜ਼ੁਲਮ, ਧੱਕਿਆਂ-ਧੋੜਿਆਂ, ਠੱਗੀਆਂ, ਕਰਮਕਾਂਡ ਅਤੇ ਗੈਰ ਵਿਗਿਆਨਕ ਵਰਤਾਰੇ ਨੇ ਕਮਜ਼ੋਰ ਅਤੇ ਗਰੀਬ ਦੇ ਹੱਕ ਵਿੱਚ ਡਟਣ ਦੀ ਥਾਂ ਉਸ ਨਾਲ ਹੁੰਦੇ ਧੱਕੇ ਨੂੰ ਜਾਇਜ਼ ਠਹਿਰਾਉਣ ਤੱਕ ਪਹੁੰਚਦੇ ਜਾਂਦੇ ਬ੍ਰਿਤਾਂਤ, ਵਹਿਮਾਂ-ਭਰਮਾਂ, ਕਰਮਕਾਂਡ, ਖੋਜ ਦੀ ਬਿਰਤੀ ਨੂੰ ਕਮਜ਼ੋਰ ਕਰ ਕੇ ਸੱਚ ਦੀ ਪਛਾਣ ਖਤਮ ਕਰਨ ਦੀਆਂ ਨੀਤੀਆਂ, ਹਕੀਕਤ ਤੋਂ ਮੂੰਹ ਮੋੜ ਕੇ ਦਿਖਾਵੇ ਤੇ ਛਲਾਵੇ ਭਰੇ ਜੀਵਣ, ਸੰਵਾਦਹੀਣਤਾ ਹੋਣ ਕਰਕੇ ਅਤੇ ਵਿਚਾਰਾਂ ਦੀ ਆਜ਼ਾਦੀ ਦੇ ਹੱਕ ਉਪਰ ਮਾਰੇ ਛਾਪਿਆਂ, ਸਵਾਲ ਕਰਕੇ ਸ਼ੰਕਾ ਨਵਿਰਤੀ ਦੀ ਥਾਂ ਪਿਛਲਗ ਬਣਾਉਣ ਦੇ ਰੁਝਾਣ, ਅਲੋਚਨਾ ਕਰਨ ਅਤੇ ਸੁਣਨ ਦੀ ਥਾਂ ਅਸਹਿਣਸ਼ੀਲਤਾ, ਕਹਿਣੀ ਤੇ ਕਥਨੀ ਦੇ ਪਾੜੇ ਅਤੇ ਹੁਕਮਰਾਨਾਂ ਦੇ ਗੈਰ-ਜਮਹੂਰੀ ਹਥਕੰਡਿਆਂ ਨੇ ਸਮਾਜ ਨੂੰ ਡੂੰਘੇ ਟੋਏ ’ਚ ਧੱਕ ਦਿੱਤਾ ਹੈ।
ਕਰੋਨਾ ਵਿਸ਼ਵ ਮਹਾਮਾਰੀ ਦੇ ਦੌਰ ਵੇਲੇ ਅਸੀਂ ਕਰਮ ਕਾਂਡ, ਗੈਰ-ਵਿਗਿਆਨਿਕ ਸੋਚ, ਵਹਿਮਾਂ-ਭਰਮਾਂ ਯੁਕਤ ਵਰਤਾਰਿਆਂ, ਧਰਮ ਆਧਾਰਤ ਵੰਡੀਆਂ ਨੂੰ ਗਹਿਰਾ ਕਰ ਕੇ ਇਸ ਕਦਰ ਸਰਕਾਰੀ ਸ਼ਹਿ ਦਿੱਤੀ ਕਿ ਮਹਾਮਾਰੀ ’ਤੇ ਕਾਬੂ ਪਾਉਣ ਦੀ ਥਾਂ ਅਸੀਂ ਬਿਮਾਰੀ ਅਤੇ ਹੋ ਰਹੀਆਂ ਮੌਤਾਂ ਨੂੰ ਅੰਧ-ਵਿਸ਼ਵਾਸਾਂ ਰਾਹੀਂਂ ਫੈਲਾਏ ਅੰਧੇਰ ਅਤੇ ਗੋਬਰ ਇਸ਼ਨਾਨ ਰਾਹੀਂ ਕਾਲੀ ਫੰਗਸ ਦੇ ਫੈਲਾਅ ਨੂੰ ਸੰਪੂਰਨ ਬਲ ਦਿੱਤਾ ਹੈ। ਇਸ ਸੰਕਟ ਦੌਰਾਨ ਸਾਡੇ ਲਈ ਕਬੀਰ ਜੀ ਦੀ ਸੋਚ, ਅਮਲ ਅਤੇ ਫਲਸਫਾ ਬਹੁਤ ਹੀ ਮਹੱਤਵਪੂਰਨ ਹਨ। ਇਹ ਫਲਸਫਾ ਹੋਕਾ ਦਿੰਦਾ ਹੈ ਕਿ ਕਰਮਕਾਂਡ ਰਾਹੀਂ, ਘੰਟੀਆਂ, ਤਾਲੀਆਂ, ਥਾਲੀਆਂ ਵਜਾਉਣ ਨਾਲ, ਨੌਂ ਵੱਜ ਕੇ ਨੌਂ ਮਿੰਟ ’ਤੇ ਬਿਜਲੀ ਬੰਦ ਕਰਨ ਨਾਲ ਹਕੀਕਤ ਬਦਲ ਨਹੀਂ ਜਾਂਦੀ। ਗੋਬਰ ਇਸ਼ਨਾਨ, ਕਲਸ਼ ਯਾਤਰਾ ਜਾਂ ਹੋਰ ਕਰਮ ਕਾਂਡ ਹਕੀਕਤ ਦੇ ਸਾਹਮਣੇ ਬੇਮਾਇਨੇ ਹਨ। ਕਬੀਰ ਜੀ ਦਾ ਵੇਦਾਂਤ, ਵਿਹਾਰਕ ਸੱਚ (ਅਬਜੈਕਟਿਵ ਆਈਡਲਿਜ਼ਮ) ਦਾ ਫਲਸਫਾ ਸਾਨੂੰ ਬ੍ਰਹਮਾ, ਜੀਵ ਅਤੇ ਪ੍ਰਕਿਰਤੀ ਦੇ ਆਪਸੀ ਸਬੰਧ ਬਾਬਤ, ਭੇਦ-ਅਭੇਦ, ਦਵੈਤ ਅਤੇ ਅਦਵੈਤ ਵਿਧੀ ਰਾਹੀਂ ਗਿਆਨ ਦੇ ਕੇ ਚੇਤੰਨ ਕਰਦਾ ਹੈ। ਸਾਡੀਆਂ ਅਜੋਕੀਆਂ ਪੀੜ੍ਹੀਆਂ ਨੂੰ ਸੋਚਣ ਦਾ ਮੌਕਾ ਮਿਲਦਾ ਕਿ ਬੁੱਧ ਅਤੇ ਜੈਨ ਫਲਸਫੇ ਦੇ ਗ੍ਰੰਥ ਸਾਡੇ ਕੋਲੋਂ ਕਿਸ ਨੇ, ਕਿਉਂ ਖੋਹੇ ਅਤੇ ਨਾਲੰਦਾ ਵਰਗੀਆਂ ਮਹਾਨ ਯੂਨੀਵਰਸਿਟੀਆਂ ਦੀਆਂ ਲਾਇਬਰੇਰੀਆਂ ਨੂੰ ਕਿਸ ਨੇ, ਕਿਉਂ ਸਾੜ ਕੇ ਸੁਆਹ ਕਰ ਕੇ ਸਾਨੂੰ ਇਨ੍ਹਾਂ ਮਹਾਨ ਫਲਸਫਿਆਂ ਤੋਂ ਵਾਂਝੇ ਕੀਤਾ।
ਲੋੜ ਤਾਂ ਸੀ ਕਿ ਇਸ ਦਿਨ ਪ੍ਰਿੰਟ ਤੇ ਬਿਜਲਈ ਸੰਚਾਰ ਸਾਧਨਾਂ ਵਿੱਚ, ਵਿਦਿਅਕ ਅਦਾਰਿਆਂ ਵਿੱਚ, ਲੇਖਕਾਂ ਤੇ ਵਿਦਵਾਨਾਂ, ਨੌਜਵਾਨਾਂ ਤੇ ਵਿਦਿਆਰਥੀਆਂ, ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਵੱਖ-ਵੱਖ ਪੀੜ੍ਹੀਆਂ ਦਰਮਿਆਨ ਕਬੀਰ ਜੀ ਦੇ ਫਲਸਫੇ ਉਪਰ ਨਿੱਠ ਕੇ ਚਰਚਾ ਹੁੰਦੀ ਤਾਂ ਕਿ ਸਾਡੀ ਨਵੀਂ ਪੀੜ੍ਹੀ ਸਮਾਜ ਵਿੱਚ ਪਸਰ ਰਹੇ ਮੌਜੂਦਾ ਘੁੱਪ ਹਨੇਰ ਤੋਂ ਛੁਟਕਾਰਾ ਪਾਉਣ ਵਾਸਤੇ ਕਬੀਰ ਜੀ ਦੇ ਜੀਵਣ ਤੋਂ, ਫਲਸਫੇ ਤੋਂ ਅਤੇ ਅਮਲਾਂ ਤੋਂ ਸਮਾਜ ਨੂੰ ਸੁਧਾਰਨ ਲਈ ਕੁੱਝ ਸੇਧ ਲੈ ਸਕਦੀ। ਪਰ ਅਜਿਹਾ ਹੋਇਆ ਨਹੀਂ। ਇਸ ਤਪਦੇ ਮਾਰੂਥਲ ਵਿੱਚ ਵੀ ਇੱਕ ਬੁੱਲਾ ਸੀਤ ਹਵਾ ਦਾ ਆਇਆ। ਯੁਵਕ ਸੇਵਾਵਾਂ ਪੰਜਾਬ ਯੂਨੀਵਰਸਿਟੀ ਦੀ ਪਹਿਲਕਦਮੀ ਨਾਲ ਸਰਕਾਰੀ ਈਵਨਿੰਗ ਕਾਲਜ ਲੁਧਿਆਣਾ ਅਤੇ ਹੋਰ ਸੰਸਥਾਵਾਂ ਨੇ ਰਲ ਕੇ ਕਬੀਰ ਜੀ ਦੀ ਬਾਣੀ ਦੀ ਆਧੁਨਿਕ ਸੰਦਰਭ ਵਿੱਚ ਸਾਰਥਕਤਾ ਬਾਬਤ ਇੱਕ ਵੈਬਿਨਾਰ ਕੀਤਾ। ਇਸ ਅਤਿ ਸਾਰਥਕ ਯਤਨ ਵਿੱਚ ਜ਼ੂਮ ਰਾਹੀਂ ਬਹੁਤ ਸਾਰੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਸੰਤ ਕਬੀਰ ਦਾਸ ਦੀ ਬਾਣੀ ਦੀ ਮੌਜੂਦਾ ਸਥਿਤੀ ਵਿੱਚ ਸਾਰਥਕਤਾ ਬਾਬਤ ਗੱਲ ਨੇ ਉਨ੍ਹਾਂ ਦੀ ਖੋਜੀ ਬਿਰਤੀ ਅਤੇ ਪ੍ਰਸ਼ਨ-ਉੱਤਰ ਰਾਹੀਂ ਸ਼ੰਕਾ ਨਵਿਰਤੀ ਦੇ ਵਿਧੀ ਵਿਧਾਨ ਵੱਲ ਝਾਤ ਪਵਾਈ ਹੈ, ‘‘ਓਇ ਜੁ ਦੀਸਹਿ ਅੰਬਰਿ ਤਾਰੇ ॥ ਕਿਨਿ ਓਇ ਚੀਤੇ ਚੀਤਨਹਾਰੇ ॥1॥ ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ॥ ਬੂਝੈ ਬੂਝਨਹਾਰੁ ਸਭਾਗਾ॥’’ ਸਾਨੂੰ ਇਹ ਵੀ ਪਤਾ ਚੱਲਿਆ ਕਿ ਸੂਰਜ ਚੰਦ ਆਦਿ ਵਿੱਚ ਇੱਕੋ ਹੀ ਬ੍ਰਹਿਮੰਡੀ ਊਰਜਾ ਦਾ ਪਸਾਰਾ ਹੈ, ‘‘ਸੂਰਜ ਚੰਦੁ ਕਰਹਿ ਉਜੀਆਰਾ ॥ ਸਭ ਮਹਿ ਪਸਰਿਆ ਬ੍ਰਹਮ ਪਸਾਰਾ॥’’ ਗਿਆਨ ਪ੍ਰਾਪਤ ਹੋਣ ਨਾਲ ਅਕਲ ਉਪਰ ਪਿਆ ਵਹਿਮਾਂ-ਭਰਮਾਂ ਦਾ ਪਰਦਾ ਹਟ ਜਾਂਦਾ ਹੈ, ‘‘ਦੇਖੌ ਭਾਈ ਗਿਆਨ ਕੀ ਆਈ ਆਂਧੀ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ॥’’ ਤਰਕ ਸੰਗਤ ਵਿਚਾਰ ਰਾਹੀਂ ਕਰਮ ਕਾਂਡ ਦਾ ਪਰਦਾਫਾਸ਼ ਕਰਦੇ ਹੋਏ, ਤੀਰਥ ਇਸ਼ਨਾਨ ਨਾਲ ਮਨ ਦੀ ਸ਼ੁੱਧੀ ਹੋਣ ਉਪਰ ਸਵਾਲ ਖੜ੍ਹਾ ਕਰਦੇ ਹੋਏ, ਮਨ, ਬਚਨ, ਕਰਮ ਦੀ ਸ਼ੁਧਤਾ ਦਾ ਹੋਕਾ ਦਿੰਦੇ ਹੋਏ, ਕਹਿਣੀ ਤੇ ਕਥਨੀ ਇੱਕ ਹੋਣ ਦੀ ਅਹਿਮੀਅਤ ਦੱਸਦਿਆਂ ਭਗਤ ਕਬੀਰ ਜੀ ਕਹਿੰਦੇ ਹਨ, ‘‘ਨਗਨ ਫਿਰਤ ਜੌ ਪਾਈਐ ਜੋਗੁ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥’’ ‘‘ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ॥ ਜਿਉ ਭਏ ਦਾਦੁਰ ਪਾਨੀ ਮਾਹੀ॥’’ ‘‘ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥’’ ‘‘ਲਉਕੀ ਅਠਸਠਿ ਤੀਰਥ ਨ੍ਾਈ ॥ ਕਉਰਾਪਨੁ ਤਊ ਨ ਜਾਈ॥’’ ‘‘ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ’’, ਵਰਗੇ ਵਾਕ ਸਾਨੂੰ ਆਪਣੇ ਮਨ ’ਚੋਂ ਕੁੜੱਤਣ ਦੂਰ ਕਰਨ ਅਤੇ ਆਪਣੇ ਗੁਣਾਂ ਵਿੱਚ ਹਕੀਕੀ ਬਦਲਾਅ ਵੱਲ ਦਾ ਰਸਤਾ ਖੋਜਣ ਦੀ ਪ੍ਰੇਰਨਾ ਦਿੰਦੇ ਹਨ। ਕਬੀਰ ਜੀ ਸਜੀਵ ਨੂੰ ਮਾਰ ਕੇ ਨਿਰਜੀਵ ਦੀ ਪੂਜਾ ਕਰਨ; ਨਿਰਜੀਵ ਦੀ ਪੂਜਾ ਲਈ ਸਜੀਵ ਫੁੱਲਾਂ ਨੂੰ ਟਾਹਣੀ ਨਾਲੋਂ ਤੋੜਨ ’ਤੇ ਪ੍ਰਸ਼ਨ ਖੜ੍ਹਾ ਕਰਦੇ ਹਨ, ‘‘ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥’’ ਚੰਗੀ ਬੁਰੀ ਸੰਗਤ ਦਾ ਪ੍ਰਭਾਵ ਦੱਸਦੇ ਹਨ ਕਿ ਦੁਰਜਨ ਦੀ ਖੁਸ਼ੀ ਭਲੇ ਪੁਰਸ਼ਾਂ ਦੇ ਦੁੱਖ ਤੇ ਕਸ਼ਟ ਦਾ ਕਾਰਨ ਬਣਦੀ ਹੈ, ‘‘ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥ ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ॥’’ ਪਰ ਬੁਰੀ ਸੰਗਤ ਹੋਣ ’ਤੇ ਵੀ ਬਚਾਅ ਕਰਨਾ ਜ਼ਰੂਰੀ ਦੱਸਦੇ ਹਨ, ‘‘ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥ ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ॥’’ ਇਸੇ ਤਰ੍ਹਾਂ ਧੱਕੇ ਨਾਲ ਟੈਕਸ ਵਸੂਲਣ ਬਾਬਤ ਕਹਿੰਦੇ ਹਨ, ‘‘ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ॥’’ ਕਬੀਰ ਜੀ ਸਾਨੂੰ ਕੂੜ ’ਚੋਂ ਕੱਢ ਕੇ ਹਕੀਕਤ ਨਾਲ ਰੂਬਰੂ ਕਰਵਾਉਂਦੇ ਹਨ, ‘‘ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ॥’’ ‘‘ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥’’
ਕਬੀਰ ਜੀ ਰਾਜਿਆਂ ਦੇ ਪਿੱਛੇ ਲੱਗਣ ਤੋਂ ਵਰਜਦੇ ਹੋਏ ਜਾਤ ਪਾਤ ਦਾ ਖੰਡਨ ਕਰਦਿਆਂ ਗਿਆਨ ਨੂੰ ਜਾਤ ਤੇ ਧਰਮ ਨਾਲੋਂ ਵੱਖ ਕਰਦੇ ਹਨ ਅਤੇ ਗਿਆਨ ਪ੍ਰਾਪਤੀ ਲਈ ਸਾਧਨ ਦੱਸਦੇ ਹਨ, ‘‘ਤੂੰ ਬਾਮਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ॥ ਤੁਮ੍ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ॥’’ ਸਤਿਸੰਗ ਲਈ ਰੁੱਖੀ ਮਿਸੀ ਵਾਲੇ ਬਿਦਰ ਕੋਲ ਬੈਠ ਕੇ ਰਾਤ ਭਰ ਚਰਚਾ ਬਚਨ ਬਿਲਾਸ ਨੂੰ ਤਰਜੀਹ ਦਿੰਦੇ ਹਨ, ‘‘ਰਾਜਨ ਕਉਨੁ ਤੁਮਾਰੈ ਆਵੈ॥ ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ॥’’ ‘‘ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ॥ ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ॥’’
‘‘ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥’’ ਨਾਲ ਨਰਕ-ਸਵਰਗ ਨੂੰ ਰੱਦ ਕਰਦੇ ਹਨ। ਗਰੀਬ, ਕਮਜ਼ੋਰ ਤੇ ਮਜ਼ਲੂਮ ਦੇ ਹੱਕ ਵਿੱਚ ਖੜ੍ਹਨ ਦਾ, ਬੇਇਨਸਾਫੀ ਤੇ ਜ਼ੁਲਮ ਵਿਰੁੱਧ ਮੈਦਾਨ ਵਿੱਚ ਉਤਰ ਕੇ ਜੂਝਣ ਦਾ ਹੋਕਾ ਦਿੰਦੇ ਹਨ, ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥’’ ਹੰਕਾਰੀ ਵਿਖਾਵੇ ਵਾਲੇ ਹੁਕਮਰਾਨਾਂ ਨੂੰ ਅਲਪਕਾਲੀਨ ਦੱਸਦੇ ਹਨ, ‘ਕੋਊ ਹਰਿ ਸਮਾਨਿ ਨਹੀ ਰਾਜਾ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥’’ ਸੰਤਾਂ (ਚੰਗੇ ਇਨਸਾਨਾਂ) ਦੀ ਗੱਲ ਮੰਨਣੀ ਤੇ ਮਾੜਿਆਂ ਨੂੰ ਡੰਡ ਦੇਣ ਦਾ ਸੰਕਲਪ ਦ੍ਰਿੜ ਕਰਦੇ ਹੋਏ ਕਹਿੰਦੇ ਹਨ, ‘ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ॥’’
ਗਿਆਨ ਪ੍ਰਾਪਤੀ ਲਈ ਪੇਟ ਦੀ ਭੁੱਖ ਮਿਟਾਉਣੀ ਤੇ ਹੋਰ ਜੀਵਣ ਲੋੜਾਂ ਦੀ ਪੂਰਤੀ ਜ਼ਰੂਰੀ ਹੈ ਸੋ ਹੁਕਮਰਾਨਾਂ ਕੋਲ ਨਿਗੂਣੀ ਤਨਖਾਹ ’ਤੇ ਕੰਮ ਕਰਨ ਦੀ ਥਾਂ ਲੋੜਾਂ ਦੀ ਪੂਰਤੀ ਦੀ ਮੰਗ ਦਾ ਹੱਕ ਬੁਲੰਦ ਕਰ ਕੇ ਹੋਕਾ ਦਿੰਦੇ ਹਨ ਤੇ ਕਹਿੰਦੇ ਹਨ ਕਿ ਮੈਂ ਤਾਂ ਅਤਿ ਲੋੜੀਂਦੀਆਂ ਵਸਤਾਂ ਹੀ ਮੰਗੀਆਂ ਹਨ ਕੋਈ ਲਾਲਚ ਨਹੀਂ ਕੀਤਾ, ‘‘ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥’’
‘‘ਦੁਇ ਸੇਰ ਮਾਂਗਉ ਚੂਨਾ॥ ਪਾਉ ਘੀਉ ਸੰਗਿ ਲੂਨਾ॥ ਅਧ ਸੇਰੁ ਮਾਂਗਉ ਦਾਲੇ॥ ਮੋ ਕਉ ਦੋਨਉ ਵਖਤ ਜਿਵਾਲੇ ॥ ਖਾਟ ਮਾਂਗਉ ਚਉਪਾਈ ॥ ਸਿਰਹਾਨਾ ਅਵਰ ਤੁਲਾਈ ॥ ਊਪਰ ਕਉ ਮਾਂਗਉ ਖੀਂਧਾ॥ ਤੇਰੀ ਭਗਤਿ ਕਰੈ ਜਨੁ ਥੀਂਧਾ।। ਮੈ ਨਾਹੀ ਕੀਤਾ ਲਬੋ॥ ਇਕੁ ਨਾਉ ਤੇਰਾ ਮੈ ਫਬੋ।।’’ ਜੀਵਣ ਦੇ ਵੱਖ ਵੱਖ ਸ਼ੋਭਿਆਂ ਵਿੱਚ ਫਿਰਦੇ ਭੇਖੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਛਲਾਵੇ ਤੋਂ ਅਪਣਾ ਬਚਾਅ ਕਰਨ ਵੱਲ ਵੱਧਦੇ ਕਹਿੰਦੇ ਹਨ, ‘‘ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਰਾ ਜਪਮਾਲੀਆ ਲੋਟੇ ਹਥਿ ਨਬਿਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥’’ ਨਿੱਤ ਦੇ ਟੈਕਸਾਂ ਵਾਲਿਆਂ ਤੇ ਠੱਗੀਆਂ ਮਾਰਨ ਵਾਲਿਆਂ ਨੇ ਲੋਕਾਂ ਦਾ ਜੀਵਣ ਕਿਸ ਕਦਰ ਦੁੱਭਰ ਕਰ ਰੱਖਿਆ ਹੈ, ‘‘ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ ॥ ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ॥’’ ਸਾਰਾ ਬਿਰਤਾਂਤ ਦੱਸਦੇ ਹੋਏ ਕਬੀਰ ਜੀ ਸਾਨੂੰ ਜਿਉਂਦਿਆਂ ਨੂੰ ਰੋਟੀ ਨਾ ਦੇਣ ਪਰ ਮਰਿਆਂ ਦੇ ਸਰਾਧ ਕਰਵਾਉਣ ਬਾਬਤ ਕਹਿੰਦੇ ਹਨ, ‘‘ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥’’ ਆਪਣੇ ਆਪ ਨੂੰ ਸਹੀ ਰੱਖਣ ਵਾਸਤੇ ਰਸਤੇ ਤੋਂ ਭਟਕਣ ਨਾ ਦੇਣ ਵਾਸਤੇ ਅਲੋਚਨਾ ਸੁਣਨਾ ਜ਼ਰੂਰੀ ਹੈ। ਚਾਪਲੂਸਾਂ ਦੀ ਥਾਂ ਅਲੋਚਕਾਂ ਦੇ ਕਹੇ ਉਪਰ ਧਿਆਨ ਕੇਂਦਰਿਤ ਕਰੀਏ ਤਾਂਕਿ ਗਲਤੀਆਂ ਦਾ ਸੁਧਾਰ ਹੋ ਸਕੇ, ‘‘ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ॥ ਨਿੰਦਾ ਜਨ ਕਉ ਖਰੀ ਪਿਆਰੀ॥’’ ‘‘ਨਿੰਦਾ ਕਰੈ ਸੁ ਹਮਰਾ ਮੀਤੁ ॥ ਨਿੰਦਕ ਮਾਹਿ ਹਮਾਰਾ ਚੀਤੁ॥’’ ਕਬੀਰ ਜੀ ਕਹਿੰਦੇ ਹਨ ਕਿ ਜੋ ਕਿਸੇ ਹੋਰ ਨਾਲ ਵਾਪਰ ਰਿਹਾ ਹੈ, ਉਹ ਸਾਡੇ ਨਾਲ ਵੀ ਵਾਪਰ ਸਕਦਾ ਹੈ, ਅਸੀਂ ਵੇਖਿਆ ਹੀ ਹੈ ਕਿ ਕਰੋਨਾ ਮਹਾਮਾਰੀ ਵਿੱਚ ਘਰ-ਘਰ ਵਿੱਚ ਵਾਪਰਿਆ ਹੈ ਕਿਤੇ ਪਹਿਲਾਂ ਕਿਤੇ ਪਿੱਛੋਂ, ‘‘ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ॥’’ ਬਚਾਅ ਇਸੇ ਵਿੱਚ ਹੈ ਕਿ ਸਾਰੇ ਮਿਲ ਕੇ ਰਹੀਏ। ‘‘ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ ॥ ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ॥’’ ਸਪੱਸ਼ਟ ਹੈ ਕਿ ਆਪਸ ਵਿੱਚ ਕੁੱਝ ਬਦਲਾਅ ਲਿਆ ਕੇ ਦੂਜਿਆਂ ਨਾਲ ਮਿਲ ਕੇ ਰਹਿਣ ਨਾਲ ਹੀ ਅਸੀਂ ਇਨ੍ਹਾਂ ਮੁਸੀਬਤਾਂ ਦਾ ਮੁਕਾਬਲਾ ਕਰ ਸਕਦੇ ਹਾਂ।
ਸੰਪਰਕ: 99145-05009
• ਕਬੀਰ ਜੀ ਰਾਜਿਆਂ ਦੇ ਪਿੱਛੇ ਲੱਗਣ ਤੋਂ ਵਰਜਦੇ ਹੋਏ ਜਾਤ ਪਾਤ ਦਾ ਖੰਡਨ ਕਰਦਿਆਂ ਗਿਆਨ ਨੂੰ ਜਾਤ ਤੇ ਧਰਮ ਨਾਲੋਂ ਵੱਖ ਕਰਦੇ ਹਨ ਅਤੇ ਗਿਆਨ ਪ੍ਰਾਪਤੀ ਲਈ ਸਾਧਨ ਦੱਸਦੇ ਹਨ, ‘‘ਤੂੰ ਬਾਮਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ॥ ਤੁਮ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ॥’’
• ‘‘ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥’’ ਨਾਲ ਨਰਕ-ਸਵਰਗ ਨੂੰ ਰੱਦ ਕਰਦੇ ਹਨ। ਗਰੀਬ, ਕਮਜ਼ੋਰ ਤੇ ਮਜ਼ਲੂਮ ਦੇ ਹੱਕ ਵਿੱਚ ਖੜ੍ਹਨ ਦਾ, ਬੇਇਨਸਾਫੀ ਤੇ ਜ਼ੁਲਮ ਵਿਰੁੱਧ ਮੈਦਾਨ ਵਿੱਚ ਉਤਰ ਕੇ ਜੂਝਣ ਦਾ ਹੋਕਾ ਦਿੰਦੇ ਹਨ, ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥’’ ਹੰਕਾਰੀ ਵਿਖਾਵੇ ਵਾਲੇ ਹੁਕਮਰਾਨਾਂ ਨੂੰ ਅਲਪਕਾਲੀਨ ਦੱਸਦੇ ਹਨ, ‘ਕੋਊ ਹਰਿ ਸਮਾਨਿ ਨਹੀ ਰਾਜਾ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥’’ ਸੰਤਾਂ (ਚੰਗੇ ਇਨਸਾਨਾਂ) ਦੀ ਗੱਲ ਮੰਨਣੀ ਤੇ ਮਾੜਿਆਂ ਨੂੰ ਡੰਡ ਦੇਣ ਦਾ ਸੰਕਲਪ ਦ੍ਰਿੜ ਕਰਦੇ ਹੋਏ ਕਹਿੰਦੇ ਹਨ, ‘ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ॥’’