ਕੋਪਨਹੇਗਨ, 24 ਨਵੰਬਰ
ਸਵੀਡਨ ਦੀ ਸੰਸਦ ਨੇ ਅੱਜ ਮੈਗਡਾਲੀਨਾ ਐਂਡਰਸਨ ਨੂੰ ਪ੍ਰਧਾਨ ਮੰਤਰੀ ਚੁਣ ਲਿਆ। ਇਹ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਮਹਿਲਾ ਹੋਵੇਗੀ। ਐਂਡਰਸਨ ਪਾਰਟੀ ਆਗੂ ਤੇ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਦੀ ਥਾਂ ਲਏਗੀ। ਸਵੀਡਨ ਵਿਚ ਇਸ ਕਦਮ ਨੂੰ ਮੀਲ ਦਾ ਪੱਥਰ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਲੈਂਗਿਕ ਰਿਸ਼ਤਿਆਂ ਦੇ ਮਾਮਲੇ ਵਿਚ ਸਵੀਡਨ ਨੂੰ ਯੂਰੋਪ ਦੇ ਸਭ ਤੋਂ ਅਗਾਂਹਵਧੂ ਦੇਸ਼ਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਪਰ ਹਾਲੇ ਤੱਕ ਉੱਥੇ ਕੋਈ ਮਹਿਲਾ ਦੇਸ਼ ਦੇ ਸਭ ਤੋਂ ਉੱਚੇ ਸਿਆਸੀ ਅਹੁਦੇ ਉਤੇ ਨਹੀਂ ਪਹੁੰਚੀ ਸੀ। ਸੰਸਦ ਵਿਚ ਭਾਸ਼ਣ ਦਿੰਦਿਆਂ ਇਕ ਆਜ਼ਾਦ ਮੈਂਬਰ ਅਮੀਨੇਹ ਕਾਕਾਬਾਵੇਹ ਨੇ ਕਿਹਾ ਕਿ ਸਵੀਡਨ ਬਰਾਬਰੀ ਦੇ ਅਧਿਕਾਰ ਦੇਣ ਦੀ 100ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਜੇਕਰ ਔਰਤਾਂ ਨੂੰ ਸਿਰਫ਼ ਵੋਟ ਦਾ ਹੱਕ ਦੇ ਕੇ ਸਭ ਤੋਂ ਉੱਚਾ ਅਹੁਦਾ ਹਾਲੇ ਤੱਕ ਨਹੀਂ ਦਿੱਤਾ ਗਿਆ ਸੀ ਤਾਂ ਇਸ ਦਾ ਮਤਲਬ ਇਹ ਸੀ ਕਿ ਹਾਲੇ ਲੋਕਤੰਤਰ ਪੂਰੀ ਤਰ੍ਹਾਂ ਮੁਕਾਮ ਉਤੇ ਨਹੀਂ ਪਹੁੰਚਿਆ ਸੀ। ਅਮੀਨੇਹ ਨੇ ਸੰਸਦ ਵਿਚ ਐਂਡਰਸਨ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਹਮਾਇਤ ਕੀਤੀ ਸੀ। 349 ਮੈਂਬਰੀ ਸਦਨ ਵਿਚ 117 ਮੈਂਬਰਾਂ ਨੇ ਐਂਡਰਸਨ ਦੇ ਹੱਕ ਵਿਚ ਵੋਟ ਪਾਈ। ਹਾਲਾਂਕਿ 174 ਵੋਟਾਂ ਉਸ ਦੇ ਖ਼ਿਲਾਫ਼ ਵੀ ਪਈਆਂ ਪਰ ਸਵੀਡਿਸ਼ ਸੰਵਿਧਾਨ ਮੁਤਾਬਕ ਜਦ ਤੱਕ ਘੱਟੋ-ਘੱਟ 175 ਵੋਟਾਂ ਖ਼ਿਲਾਫ਼ ਨਹੀਂ ਪੈਂਦੀਆਂ, ਪ੍ਰਧਾਨ ਮੰਤਰੀ ਚੁਣਿਆ ਜਾ ਸਕਦਾ ਹੈ। -ਏਪੀ