ਸਿੰਗਾਪੁਰ, 14 ਅਪਰੈਲ
ਸਿੰਗਾਪੁਰ ਦੀ ਚਾਂਗੀ ਜੇਲ੍ਹ ’ਚ ਸਾਬਕਾ ਕਾਊਂਸਲਰ ਰਹਿ ਚੁੱਕੀ ਭਾਰਤੀ ਮੂਲ ਦੀ ਇੱਕ 51 ਸਾਲਾ ਔਰਤ ਨੂੰ ਆਪਣੀ ਨੌਕਰਾਣੀ ਨਾਲ ਮਾੜਾ ਵਤੀਰਾ ਕਰਨ ਕਰਕੇ ਸੱਤ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦੱਸਣਯੋਗ ਹੈ ਕਿ ਇਸ ਸਾਬਕਾ ਕਾਊਂਸਲਰ ਨੇ ਆਪਣੀ ਨੌਕਰਾਣੀ ਨੂੰ ਇੰਨੇ ਜ਼ੋਰ ਨਾਲ ਥੱਪੜ ਮਾਰਿਆ ਕਿ ਉਸ ਨੂੰ ਅਸਥਾਈ ਤੌਰ ’ਤੇ ਸੁਣਨਾ ਬੰਦ ਹੋ ਗਿਆ। ਮੀਡੀਆ ਰਿਪੋਰਟ ਮੁਤਾਬਕ ਗਾਇਤਰੀ ਅਈਅਰ ਨੂੰ ਦੋ ਮਹੀਨੇ ਚੱਲੇ ਮੁਕੱਦਮੇ ਮਗਰੋਂ ਫਰਵਰੀ ਵਿੱਚ ਦੋਸ਼ੀ ਮੰਨਿਆ ਗਿਆ ਪਰ ਉਸ ਵੱਲੋਂ ਇਸ ਫ਼ੈਸਲੇ ਖ਼ਿਲਾਫ਼ ਅਪੀਲ ਦਾਇਰ ਕੀਤੀ ਜਾ ਰਹੀ ਹੈ ਅਤੇ ਉਹ ਇਸ ਸਮੇਂ 15,000 ਸਿੰਗਾਪੁਰ ਡਾਲਰਾਂ (8,43,158 ਰੁਪਏ) ਦੇ ਮੁਚੱਲਕੇ ’ਤੇ ਜ਼ਮਾਨਤ ’ਤੇ ਬਾਹਰ ਹੈ। ਜਾਣਕਾਰੀ ਮੁਤਾਬਕ 30 ਸਾਲਾਂ ਨੌਕਰਾਣੀ ਦੀ ਸੁਣਨ ਦੀ ਸਮਰੱਥਆ ਇੱਕ ਮਹੀਨੇ ਤੱਕ ਪ੍ਰਭਾਵਿਤ ਰਹੀ। -ਪੀਟੀਆਈ