ਮਾਸਕੋ, 23 ਅਪਰੈਲ
ਕੈਦ ਕੀਤੇ ਵਿਰੋਧੀ ਧਿਰ ਦੇ ਆਗੂ ਐਲੇਕਸੀ ਨਵਾਲਨੀ ਨੇ ਕਿਹਾ ਕਿ ਡਾਕਟਰੀ ਸਹਾਇਤਾ ਮਿਲਣ ਅਤੇ ਡਾਕਟਰਾਂ ਵੱਲੋਂ ਚਿਤਾਵਨੀ ਦਿੱਤੇ ਜਾਣ ਕਿ ਭੁੱਖ ਹੜਤਾਲ ਜਾਰੀ ਰੱਖਣ ਨਾਲ ਉਸ ਦੀ ਜ਼ਿੰਦਗੀ ਨੂੰ ਖ਼ਤਰਾ ਹੋ ਸਕਦਾ ਹੈ, ਤੋਂ ਬਾਅਦ ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰ ਰਿਹਾ ਹੈ।
ਭੁੱਖ ਹੜਤਾਲ ਦੇ 24ਵੇਂ ਦਿਨ ਅੱਜ ਦੁਪਹਿਰੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਨਵਾਲਨੀ ਨੇ ਕਿਹਾ ਕਿ ਉਸ ਦੀਆਂ ਲੱਤਾਂ-ਬਾਹਾਂ ਦੀ ਤਕਲੀਫ਼ ਨੂੰ ਦੂਰ ਕਰਨ ਲਈ ਉਸ ਦੇ ਡਾਕਟਰ ਨੂੰ ਉਸ ਕੋਲ ਆਉਣ ਦੀ ਇਜਾਜ਼ਤ ਦੇਣ ਸਬੰਧੀ ਮੰਗ ਉਹ ਜਾਰੀ ਰੱਖੇਗਾ। ਉਸ ਨੇ ਨਾਲ ਇਹ ਵੀ ਕਿਹਾ ਕਿ ਜੇਲ੍ਹ ਤੋਂ ਬਾਹਰਲੇ ਡਾਕਟਰਾਂ ਵੱਲੋਂ ਜਾਂਚ ਕੀਤੇ ਜਾਣ ਤੋਂ ਬਾਅਦ ਹੀ ਉਸ ਨੇ ਹੜਤਾਲ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਇਸ ਨੂੰ ਉਸ ਨੇ ਇਕ ਵੱਡੀ ਸਫ਼ਲਤਾ ਦੱਸਿਆ। ਜ਼ਿਕਰਯੋਗ ਹੈ ਕਿ ਉਕਤ ਸਿਆਸਤਦਾਨ ਵੱਲੋਂ ਜਿਸ ਦਿਨ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਉਸ ਦੀ ਮੁੱਖ ਮੰਗ ਇਹੀ ਸੀ ਕਿ ਉਸ ਦੇ ਡਾਕਟਰ ਨੂੰ ਉਸ ਦੀ ਜਾਂਚ ਕਰਨ ਵਾਸਤੇ ਉਸ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। -ਏਪੀ