ਸਿਓਲ, 15 ਸਤੰਬਰ
ਉੱਤਰੀ ਕੋਰੀਆ ਵੱਲੋਂ ਛੇ ਮਹੀਨੇ ਦੀ ਚੁੱਪ ਮਗਰੋਂ ਵਿਕਸਤ ਕੀਤੀ ਗਈ ਨਵੀਂ ਮਿਜ਼ਾਈਲ ਟੈਸਟ ਕਰਨ ਦਾ ਦਾਅਵਾ ਕੀਤੇ ਜਾਣ ਤੋਂ ਦੋ ਦਿਨ ਬਾਅਦ ਅੱਜ ਦੁਪਹਿਰੇ ਇਸ ਦੇ ਪੂਰਬੀ ਤੱਟ ਦੇ ਪਾਣੀਆਂ ਵਿਚ ਦੋ ਬੈਲਿਸਟਿਕ ਮਿਜ਼ਾਈਲਾਂ ਦਾ ਪਰੀਖਣ ਕੀਤਾ ਗਿਆ।
ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਨੇ ਕਿਹਾ ਕਿ ਇਹ ਮਿਜ਼ਾਈਲਾਂ ਅੱਜ ਦੁਪਹਿਰੇ ਕੇਂਦਰੀ ਉੱਤਰੀ ਕੋਰੀਆ ਵੱਲੋਂ ਦਾਗੀਆਂ ਗਈਆਂ। ਦੱਖਣੀ ਕੋਰੀਆ ਤੇ ਅਮਰੀਕੀ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਉੱਤਰ ਕੋਰੀਆ ਵੱਲੋਂ ਕੀਤੇ ਗਏ ਮਿਜ਼ਾਈਲਾਂ ਦੇ ਪਰੀਖਣ ਬਾਰੇ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੁਆਇੰਟ ਚੀਫ਼ ਨੇ ਬਿਆਨ ਵਿੱਚ ਕਿਹਾ ਕਿ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਖ਼ਿਲਾਫ਼ ਨਿਗਰਾਨੀ ਵਧਾ ਦਿੱਤੀ ਹੈ।
ਉੱਧਰ, ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਕਿ ਮਿਜ਼ਾਈਲਾਂ ਜਪਾਨ ਦੇ ਵਿਸ਼ੇਸ਼ ਆਰਥਿਕ ਜ਼ੋਨ ਦੇ ਬਾਹਰ ਉੱਤਰ-ਪੱਛਮੀ ਜਪਾਨ ਤੇ ਕੋਰਿਆਈ ਪ੍ਰਾਇਦੀਪ ਵਿਚਾਲੇ ਪਾਣੀਆਂ ਵਿਚ ਡਿੱਗੀਆਂ। -ਏਪੀ