ਆਕਲੈਂਡ, 6 ਅਕਤੂਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਨਿਊਜ਼ੀਲੈਂਡ ਦੀ ਆਪਣੀ ਹਮਰੁਤਬਾ ਨਨਾਯਾ ਮਹੂਤਾ ਨਾਲ ਗੱਲਬਾਤ ਦੌਰਾਨ ਹਿੰਦ-ਪ੍ਰਸ਼ਾਂਤ ਅਤੇ ਯੂਕਰੇਨ ਸੰਘਰਸ਼ ਵਰਗੇ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਕੀਤੀ। ਵਿਦੇਸ਼ ਮੰਤਰੀ ਵਜੋਂ ਜੈਸ਼ੰਕਰ ਦਾ ਨਿਊਜ਼ੀਲੈਂਡ ਵਿੱਚ ਪਹਿਲਾ ਦੌਰਾ ਹੈ। ਇਸ ਦੌਰਾਨ ਉਨ੍ਹਾਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨਾਲ ਵੀ ਮੁਲਾਕਾਤ ਕੀਤੀ ਅਤੇ ਦੋਵਾਂ ਨੇ ਵਪਾਰਕ ਸਹਿਯੋਗ ਵਧਾਉਣ ਅਤੇ ਲੋਕਾਂ ਵਿਚਾਲੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ।
ਜੈਸ਼ੰਕਰ ਨੇ ਮਹੂੁਤਾ ਨਾਲ ਮੀਟਿੰਗ ਮਗਰੋਂ ਟਵੀਟ ਕਰਦਿਆਂ ਕਿਹਾ, ‘‘ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਨਾਯਾ ਮਹੂਤਾ ਨਾਲ ਅੱਜ ਦੁਪਹਿਰ ਵੇਲੇ ਨਿੱਘੀ ਅਤੇ ਲਾਭਕਾਰੀ ਗੱਲਬਾਤ ਹੋਈ। ਇੱਕ-ਦੂੁਜੇ ਦੀਆਂ ਰਵਾਇਤਾਂ ਅਤੇ ਸੱਭਿਆਚਾਰ ਦਾ ਸਨਮਾਨ ਕਰਨ ਵਾਲੇ ਦੋਵੇਂ ਸਮਾਜ ਬਿਹਤਰ ਸਮਕਾਲੀ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਿੰਦ-ਪ੍ਰਸ਼ਾਂਤ ਅਤੇ ਯੂਕਰੇਨ ਯੁੱਧ ਵਰਗੀਆਂ ਕੌਮਾਂਤਰੀ ਚਿੰਤਾਵਾਂ ਦੇ ਮੁੱਦੇ ’ਤੇ ਵਿਚਾਰ-ਚਰਚਾ ਦੀ ਸਰਾਹਨਾ ਕੀਤੀ। ਅਸੀਂ ਸੰਯੁਕਤ ਰਾਸ਼ਟਰ ਅਤੇ ਰਾਸ਼ਟਰਮੰਡਲ ਸਮੇਤ ਬਹੁ-ਪੱਖੀ ਮੰਚਾਂ ’ਤੇ ਇਕਜੁੱਟ ਹੋ ਕੇ ਕੰਮ ਕਰਨ ਨੂੰ ਮਹੱਤਵ ਦਿੰਦੇ ਹਾਂ।’’ ਜੈਸ਼ੰਕਰ ਨੇ ਮਹੂਤਾ ਨਾਲ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਬਹੁਤ ਕੁਝ ਸਾਂਝਾ ਹੈ। ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਭਾਰਤ ਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਕੋਲ ਬਸਤੀਵਾਦ ਕਾਲ ਮਗਰੋਂ ਇੱਕ ਵਿਵਸਥਾ ਬਣਾਉਣ ਦੀ ਖਾਸ ਜ਼ਿੰਮੇਵਾਰੀ ਹੈ।’’ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਮਹੂਤਾ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਬਾਰੇ ਵੀ ਚਰਚਾ ਕੀਤੀ ਗਈ। ਉਨ੍ਹਾਂ ਆਪਣੀ ਹਮਰੁਤਬਾ ਮਹੂਤਾ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ। -ਪੀਟੀਆਈ
ਜੈਸ਼ੰਕਰ ਨੇ ਵਿਦਿਆਰਥੀ ਵੀਜ਼ੇ ਦਾ ਮੁੱਦਾ ਵੀ ਉਠਾਇਆ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਕੋਲ ਦੇਸ਼ ਵਿੱਚ ਪੜ੍ਹਾਈ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਸਲਾਹ ਦਿੱਤੀ। ਉਨ੍ਹਾਂ ਕਰੋਨਾ ਮਹਾਮਾਰੀ ਕਾਰਨ ਪ੍ਰਭਾਵਿਤ ਹੋਏ ਵਿਦਿਆਰਥੀਆਂ ਪ੍ਰਤੀ ‘ਨਿਰਪੱਖ ਅਤੇ ਵਧੇਰੇ ਹਮਦਰਦੀ ਵਾਲਾ ਰਵੱਈਆ’ ਅਪਣਾਉਣ ਦੀ ਅਪੀਲ ਕੀਤੀ। ਜੈਸ਼ੰਕਰ ਨੇ ਕਿਹਾ, ‘‘ਮੈਂ ਸਬੰਧਤ ਮੰਤਰੀ ਕੋਲ ਉਨ੍ਹਾਂ ਵਿਦਿਆਰਥੀਆਂ ਨਾਲ ਜੁੜੀਆਂ ਮੁਸ਼ਕਲਾਂ ਨੂੰ ਵੀ ਉਠਾਇਆ, ਜਿਨ੍ਹਾਂ ਨੂੰ ਕਰੋਨਾ ਕਾਲ ਦੌਰਾਨ ਨਿਊਜ਼ੀਲੈਂਡ ਛੱਡਣਾ ਪਿਆ ਅਤੇ ਜਿਨ੍ਹਾਂ ਕੋਲ ਆਪਣੇ ਵੀਜ਼ੇ ਨੂੰ ਰੀਨਿਊ ਕਰਵਾਉਣ ਦਾ ਮੌਕਾ ਨਹੀਂ ਸੀ।’’ ਉਨ੍ਹਾਂ ਮੰਗ ਉਠਾਈ ਕਿ ਉਨ੍ਹਾਂ ਵਿਦਿਆਰਥੀਆਂ ਲਈ ਵੀ ਵੀਜ਼ਾ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ, ਜੋ ਪੜ੍ਹਾਈ ਲਈ ਨਿਊਜ਼ੀਲੈਂਡ ਆਉਣ ਦੀ ਉਡੀਕ ਕਰ ਰਹੇ ਹਨ।