ਨਬਲੂਸ, 25 ਅਕਤੂਬਰ
ਇਜ਼ਰਾਇਲੀ ਸੁਰੱਖਿਆ ਬਲਾਂ ਨੇ ਅੱਜ ਪੱਛਮੀ ਕੰਢੇ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿਚ ਇਕ ਹਥਿਆਰਬੰਦ ਗਰੁੱਪ ਉਤੇ ਹਮਲਾ ਕੀਤਾ ਹੈ। ਇਸ ਦੌਰਾਨ ਬੰਬ ਬਣਾਉਣ ਵਾਲੀ ਇਕ ਥਾਂ ਧਮਾਕਿਆਂ ਨਾਲ ਉੱਡ ਗਈ ਤੇ ਪੰਜ ਫ਼ਲਸਤੀਨੀ ਮਾਰੇ ਗਏ। ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਵੀ ਹੋਈ। ਇਸ ਹਿੰਸਕ ਟਕਰਾਅ ਦੌਰਾਨ 20 ਜਣੇ ਜ਼ਖ਼ਮੀ ਵੀ ਹੋ ਗਏ। ਹਮਲਾ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕਸਬਾਹ ਸ਼ਹਿਰ ਹਥਿਆਰਬੰਦ ਫ਼ਲਸਤੀਨੀ ਗਰੁੱਪਾਂ ਦਾ ਗੜ੍ਹ ਹੈ। ਇਜ਼ਰਾਈਲ ਤੇ ਫ਼ਲਸਤੀਨ ਵਿਚਕਾਰ ਤਣਾਅ ਪਿਛਲੇ ਕੁਝ ਸਮੇਂ ਤੋਂ ਵਧਿਆ ਹੋਇਆ ਹੈ। ਟੀਵੀ ਫੁਟੇਜ ਵਿਚ ਸ਼ਹਿਰ ਉੱਪਰ ਧੂੰਆਂ ਤੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਗਈਆਂ ਹਨ। ਇਜ਼ਰਾਇਲੀ ਸੈਨਾ ਮੁਤਾਬਕ ਉਨ੍ਹਾਂ ਮੋਢੇ ’ਤੇ ਰੱਖ ਕੇ ਮਿਜ਼ਾਈਲਾਂ ਲਾਂਚ ਕੀਤੀਆਂ ਹਨ। ਸ਼ਹਿਰ ਵਾਸੀਆਂ ਮੁਤਾਬਕ ਉੱਥੇ ਵੱਡਾ ਧਮਾਕਾ ਸੁਣਿਆ ਗਿਆ ਹੈ। ਇਜ਼ਰਾਈਲ ਨੇ ਇਸ ਹਮਲੇ ਵਿਚ ਫ਼ਲਸਤੀਨੀ ਬੰਦੂਕਧਾਰੀਆਂ ਦੇ ਗਰੁੱਪ ‘ਲਾਇਨਜ਼ ਡੈੱਨ’ ਨੂੰ ਨਿਸ਼ਾਨਾ ਬਣਾਇਆ ਹੈ। ਇਹ ਗਰੁੱਪ ਹਾਲ ਹੀ ਵਿਚ ਹੋਈ ਇਕ ਇਜ਼ਰਾਇਲੀ ਸੈਨਿਕ ਦੀ ਮੌਤ ਲਈ ਜ਼ਿੰਮੇਵਾਰ ਸੀ। ਉਨ੍ਹਾਂ ਹੋਰ ਵੀ ਕਈ ਹਮਲੇ ਕੀਤੇ ਸਨ। ਮ੍ਰਿਤਕ 20-30 ਸਾਲ ਦੀ ਉਮਰ ਦੇ ਹਨ। -ਏਪੀ