ਤੈਪਈ, 2 ਅਗਸਤ
ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਪੇਈਚਿੰਗ ਵੱਲੋਂ ਗੰਭੀਰ ਨਤੀਜੇ ਭੁਗਤਣ ਦੀਆਂ ਦਿੱਤੀਆਂ ਗਈਆਂ ਧਮਕੀਆਂ ਦੇ ਬਾਵਜੂਦ ਅੱਜ ਤਾਇਵਾਨ ਪਹੁੰਚ ਗਈ ਹੈ। ਪਿਛਲੇ 25 ਸਾਲ ਤੋਂ ਵੱਧ ਸਮੇਂ ’ਚ ਤਾਇਵਾਨ ’ਚ ਆਉਣ ਵਾਲੀ ਉਹ ਅਮਰੀਕਾ ਦੀ ਸਭ ਤੋਂ ਸੀਨੀਅਰ ਆਗੂ ਹੈ। ਪੇਲੋਸੀ ਦੇ ਇਸ ਦੌਰੇ ਨਾਲ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਚੀਨ ਸਵੈ-ਸ਼ਾਸਿਤ ਤਾਇਵਾਨ ’ਤੇ ਆਪਣਾ ਹੱਕ ਹੋਣ ਦਾ ਦਾਅਵਾ ਕਰਦਾ ਹੈ। ਉਹ ਵਿਦੇਸ਼ੀ ਆਗੂਆਂ ਤੇ ਅਧਿਕਾਰੀਆਂ ਦੇ ਤਾਇਵਾਨ ਦੌਰੇ ਦਾ ਵਿਰੋਧ ਕਰਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਹ ਇਸ ਨੂੰ ਪ੍ਰਭੂਸੱਤਾ ਵਜੋਂ ਮਾਨਤਾ ਦੇਣ ਦੇ ਬਰਾਬਰ ਹੈ। ਚੀਨ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਪੇਲੋਸੀ ਆਪਣਾ ਦੌਰਾ ਅੱਗੇ ਵਧਾਉਂਦੀ ਹੈ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਬਾਇਡਨ ਪ੍ਰਸ਼ਾਸਨ ਨੇ ਸਪੱਸ਼ਟ ਤੌਰ ’ਤੇ ਪੇਲੋਸੀ ਨੂੰ ਦੌਰਾ ਰੱਦ ਕਰਨ ਦੀ ਅਪੀਲ ਨਹੀਂ ਕੀਤੀ, ਸਗੋਂ ਪੇਈਚਿੰਗ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਤਾਇਵਾਨ ਸਬੰਧੀ ਅਮਰੀਕੀ ਨੀਤੀ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਜਾਵੇਗੀ।
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਤਾਇਵਾਨ ਦੇ ਮੁੱਦੇ ’ਤੇ ਵਾਸ਼ਿੰਗਟਨ ਦਾ ਵਿਸ਼ਵਾਸਘਾਤ ਇਸ ਦੀ ਕੌਮੀ ਭਰੋਸੇਯੋਗਤਾ ਨੂੰ ਸੰਨ੍ਹ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕੁੱਝ ਸਿਆਸੀ ਆਗੂ ਤਾਇਵਾਨ ਦੇ ਮੁੱਦੇ ’ਤੇ ਅੱਗ ਨਾਲ ਖੇਡ ਰਹੇ ਹਨ। ਇਸ ਦਾ ਕੋਈ ਚੰਗਾ ਨਤੀਜਾ ਨਹੀਂ ਨਿਕਲੇਗਾ।
ਚੀਨ ਵਾਰ-ਵਾਰ ਕਹਿੰਦਾ ਰਿਹਾ ਹੈ ਕਿ ਜੇ ਪੇਲੋਸੀ ਨੇ ਇੱਥੇ ਦੌਰਾ ਕੀਤਾ ਤਾਂ ਉਸ ਦੀ ਫੌਜ ਚੁੱਪ ਕਰਕੇ ਨਹੀਂ ਬੈਠੇਗੀ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਅੱਜ ਪੇਈਚਿੰਗ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਤਾਇਵਾਨ ਨੇ ਭੜਕਾਹਟ ਪੈਦਾ ਕਰਨ ਲਈ ਮਿਲੀਭੁਗਤ ਕੀਤੀ ਹੈ। -ਏਪੀ