ਪੇਈਚਿੰਗ, 18 ਅਕਤੂਬਰ
ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ ਵਿਚ ਚੀਨ ਦੀ ਜੀਡੀਪੀ 4.9 ਫ਼ੀਸਦ ਰਹੀ ਹੈ ਜੋ ਕਿ ਦੂਜੀ ਨਾਲੋਂ ਕਾਫ਼ੀ ਘੱਟ ਹੈ। ਦੂਜੀ ਤਿਮਾਹੀ ਵਿਚ ਜੀਡੀਪੀ 7.9 ਫ਼ੀਸਦ ਸੀ। ਚੀਨ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਆਰਥਚਾਰਾ ਹੈ ਅਤੇ ਮਹਾਮਾਰੀ ਦੀ ਮਾਰ ਝੱਲ ਰਿਹਾ ਹੈ। ਕੋਵਿਡ ਸੰਕਟ ਨੇ ਪ੍ਰਾਪਰਟੀ ਕਾਰੋਬਾਰ, ਊਰਜਾ ਖੇਤਰ ਤੇ ਰਿਕਵਰੀ ਨੂੰ ਪ੍ਰਭਾਵਿਤ ਕੀਤਾ ਹੈ। ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿਚ ਚੀਨ ਦੀ ਆਰਥਿਕਤਾ ਤੇਜ਼ੀ ਨਾਲ ਵਧ ਰਹੀ ਸੀ ਪਰ ਮਗਰੋਂ ਇਸ ਵਿਚ ਨਿਘਾਰ ਆਇਆ ਹੈ। ਚੀਨ ਦੇ ‘ਸਟੈਟਿਕਸ ਬਿਊਰੋ’ ਦੇ ਬੁਲਾਰੇ ਫੂ ਲਿੰਗਹੂਈ ਨੇ ਕਿਹਾ ਕਿ ਕੌਮਾਂਤਰੀ ਪੱਧਰ ਉਤੇ ਇਸ ਵੇਲੇ ਬੇਭਰੋਸਗੀ ਦਾ ਮਾਹੌਲ ਹੈ। ਘਰੇਲੂ ਆਰਥਿਕ ਰਿਕਵਰੀ ਅਜੇ ਵੀ ਸਥਿਰ ਨਹੀਂ ਹੈ। ਅੰਕੜਿਆਂ ਮੁਤਾਬਕ ਚੀਨ ਵਿਚ ਵਸਤਾਂ ਦੀ ਖ਼ਪਤ ਵਧੀ ਹੈ ਅਤੇ ਪ੍ਰਚੂਨ ਵਿਕਰੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਮੁਲਕ ਵਿਚ ਸ਼ਹਿਰੀ ਬੇਰੁਜ਼ਗਾਰੀ ਦਰ 4.9 ਫ਼ੀਸਦ ਹੈ। -ਪੀਟੀਆਈ