ਇਸਲਾਮਾਬਾਦ, 13 ਜੁਲਾਈ
ਪਾਕਿਸਤਾਨ ਦੇ ਪੰਜਾਬ ਸੂਬੇ ’ਚ ਪ੍ਰਸ਼ਾਸਨ ਨੇ ਇੱਕ ਸਕੂਲ ਦੀਆਂ ਉਹ ਕਿਤਾਬਾਂ ਜ਼ਬਤ ਕੀਤੀਆਂ ਹਨ ਜਿਨ੍ਹਾਂ ’ਚ ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸੁਫ਼ਜ਼ਈ ਨੂੰ ਅਹਿਮ ਹਸਤੀਆਂ ਦੀ ਸੂਚੀ ’ਚ ਸ਼ਾਮਲ ਦਿਖਾਇਆ ਗਿਆ ਹੈ। ਇਸ ਕਦਮ ਪਿੱਛੇ ਬਰਤਾਨੀਆ ’ਚ ਰਹਿ ਰਹੀ ਕਾਰਕੁਨ ਦੇ ਇਸਲਾਮ ਬਾਰੇ ਵਿਵਾਦਤ ਬਿਆਨਾਂ ਕਾਰਨ ਪਾਕਿਸਤਾਨ ਦੀ ਨਾਰਾਜ਼ਗੀ ਨੂੰ ਮੰਨਿਆ ਜਾ ਰਿਹਾ ਹੈ। ਮਲਾਲਾ ਸਭ ਤੋਂ ਘੱਟ ਉਮਰ ’ਚ ਨੋਬੇਲ ਪੁਸਰਕਾਰ ਹਾਸਲ ਕਰਨ ਵਾਲੀ ਹਸਤੀ ਹੈ। ਮਲਾਲਾ ਬੀਤੇ ਦਿਨ 24 ਸਾਲ ਦੀ ਹੋ ਗਈ ਹੈ। ਉਸ ਨੂੰ ਉੱਤਰ ਪੱਛਮੀ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਦੀ ਸਵਾਤ ਘਾਟੀ ’ਚ ਮਹਿਲਾਵਾਂ ਤੇ ਬੱਚਿਆਂ ਦੀ ਸਿੱਖਿਆ ਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਲਈ ਜਾਣਿਆ ਜਾਂਦਾ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਂ ਦੀ ਜਥੇਬੰਦੀ ਨੇ ਇਸ ਖੇਤਰ ’ਚ ਕਈ ਵਾਰ ਲੜਕੀਆਂ ਦੀ ਪੜ੍ਹਾਈ-ਲਿਖਾਈ ’ਤੇ ਪਾਬੰਦੀ ਲਗਾਈ ਹੈ। ਪਾਕਿਸਤਾਨ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਬੀਤੇ ਦਿਨ ਮਲਾਲਾ ਬਾਰੇ ਇੱਕ ਦਸਤਾਵੇਜ਼ੀ ਪੇਸ਼ ਕੀਤੀ ਜਿਸ ’ਚ ਇਸਲਾਮ, ਵਿਆਹ ਤੇ ਪੱਛਮੀ ਏਜੰਡੇ ਬਾਰੇ ਉਸ ਦੇ ਵਿਚਾਰਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਉਸੇ ਦਿਨ ਪੰਜਾਬ ਪਾਠਕ੍ਰਮ ਤੇ ਪਾਠ ਪੁਸਤਕ ਬੋਰਡ (ਪੀਸੀਟੀਬੀ) ਨੇ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਵੱਲੋਂ ਪ੍ਰਕਾਸ਼ਿਤ ਸੱਤਵੀਂ ਕਲਾਸ ਦੀ ਸਮਾਜਿਕ ਅਧਿਐਨ ਦੀਆਂ ਪੁਸਤਕਾਂ ਜ਼ਬਤ ਕਰ ਲਈਆਂ। ਇਸ ਪੁਸਤਕ ’ਚ 1965 ਦੀ ਭਾਰਤ-ਪਾਕਿ ਜੰਗ ’ਚ ਮਾਰੇ ਗਏ ਫੌਜੀ ਅਧਿਕਾਰੀ ਮੇਜਰ ਅਜ਼ੀਜ਼ ਭੱਟੀ ਤੇ ਹੋਰ ਹਸਤੀਆਂ ਦੇ ਨਾਲ ਮਲਾਲਾ ਦੀ ਤਸਵੀਰ ਵੀ ਛਾਪੀ ਗਈ ਸੀ।
ਸੂਤਰਾਂ ਨੇ ਦੱਸਿਆ ਕਿ ਕਿਤਾਬਾਂ ਪਹਿਲਾਂ ਹੀ ਸਕੂਲਾਂ ’ਚ ਵੰਡੀਆਂ ਜਾ ਚੁੱਕੀਆਂ ਸਨ ਤੇ ਪੀਟੀਸੀਬੀ, ਪੁਲੀਸ ਤੇ ਹੋਰ ਏਜੰਸੀਆ ਕਿਤਾਬਾਂ ਦੀਆਂ ਕਾਪੀਆਂ ਜ਼ਬਤ ਕਰਨ ਲਈ ਦੁਕਾਨਾਂ ’ਚ ਛਾਪੇ ਮਾਰ ਰਹੀਆਂ ਹਨ। -ਪੀਟੀਆਈ