ਨਿਊ ਯਾਰਕ, 11 ਦਸੰਬਰ
ਅਗਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਇਡਨ ਤੇ ਉਨ੍ਹਾਂ ਦੀ ਡਿਪਟੀ ਕਮਲਾ ਹੈਰਿਸ ਨੂੰ ਦੁਨੀਆ ਦੇ ਮੰਨੇ-ਪ੍ਰਮੰਨੇ ‘ਟਾਈਮ’ ਰਸਾਲੇ ਨੇ ‘2020 ਪਰਸਨ ਆਫ਼ ਦਿ ਯੀਅਰ’ ਐਲਾਨਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਅਮਰੀਕਾ ਦਾ ਇਤਿਹਾਸ ਬਦਲਣ ਲਈ ਦਿੱਤਾ ਗਿਆ ਹੈ। ਰਸਾਲੇ ਮੁਤਾਬਕ ਇਨ੍ਹਾਂ ਦੀ ਜਿੱਤ ਦਰਸਾਉਂਦੀ ਹੈ ਕਿ ਹਮਦਰਦ ਤਾਕਤਾਂ ਵੰਡ ਦੇ ਪਾਗਲਪਨ ਨਾਲੋਂ ਤਕੜੀਆਂ ਹਨ। ਇਨ੍ਹਾਂ ਨੇ ਦੁਖੀ ਸੰਸਾਰ ਨੂੰ ਆਰਾਮ ਦੇ ਪੰਧ ’ਤੇ ਤੋਰਨ ਦਾ ਯਤਨ ਕੀਤਾ ਹੈ। ਡੈਮੋਕਰੈਟਿਕ ਆਗੂਆਂ ਨਾਲ ਖ਼ਿਤਾਬ ਦੀ ਦੌੜ ਵਿਚ ਸਿਹਤ ਕਾਮੇ, ਲਾਗ਼ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਐਂਥਨੀ ਫੌਚੀ, ਨਸਲੀ ਨਿਆਂ ਲਈ ਚੱਲਿਆ ਅੰਦੋਲਨ ਤੇ ਰਾਸ਼ਟਰਪਤੀ ਡੋਨਲਡ ਟਰੰਪ ਵੀ ਸ਼ਾਮਲ ਸਨ। ‘ਟਾਈਮ’ ਨੇ ਲਿਖਿਆ ‘ਪਿਛਲੇ ਚਾਰ ਸਾਲਾਂ ਦੌਰਾਨ ਜੇ ਡੋਨਲਡ ਟਰੰਪ ਵੰਡ ਤੇ ਅੜਿੱਕੇ ਪਾਉਣ ਵਾਲੀ ਤਾਕਤ ਬਣਿਆ ਹੋਇਆ ਸੀ ਤਾਂ ਬਾਇਡਨ-ਹੈਰਿਸ ਨੇ ਨਵਾਂ ਰਾਹ ਦਿਖਾਇਆ ਤੇ ਲੋਕਾਂ ਨੂੰ ਦੱਸਿਆ ਕਿ ਮੁਲਕ ਕਿੱਧਰ ਨੂੰ ਜਾ ਰਿਹਾ ਹੈ।’ ਰਸਾਲੇ ਨੇ ਡਾ. ਫੌਚੀ, ਸਿਹਤ ਕਾਮਿਆਂ ਤੇ ਨਸਲੀ ਨਿਆਂ ਲਈ ਲੜਨ ਵਾਲਿਆਂ ਨੂੰ ‘2020 ਗਾਰਡੀਅਨਜ਼ ਆਫ਼ ਦਿ ਯੀਅਰ’ ਐਲਾਨਿਆ ਹੈ। ਕਾਨਫ਼ਰੰਸਿੰਗ ਪਲੈਟਫਾਰਮ ‘ਜ਼ੂਮ’ ਦੇ ਸੀਈਓ ਐਰਿਕ ਯੁਆਨ ਨੂੰ ਸਾਲ ਦੇ ਕਾਰੋਬਾਰੀ ਦਾ ਖ਼ਿਤਾਬ ਦਿੱਤਾ ਗਿਆ ਹੈ। ਦੱਖਣੀ ਕੋਰਿਆਈ ਲੜਕਿਆਂ ਦੇ ਸੰਗੀਤ ਬੈਂਡ ‘ਬੀਟੀਐੱਸ’ ਨੂੰ ‘ਐਂਟਰਟੇਨਰ ਆਫ਼ ਦਿ ਯੀਅਰ’ ਐਲਾਨਿਆ ਗਿਆ ਹੈ। ਜਦਕਿ ਅਮਰੀਕੀ ਬਾਸਕਟਬਾਲ ਖਿਡਾਰੀ ਲਬਿਰੋਨ ਜੇਮਸ ਨੂੰ ਸਾਲ ਦਾ ਬਿਹਤਰੀਨ ਅਥਲੀਟ ਐਲਾਨਿਆ ਗਿਆ ਹੈ। ਲੰਘੇ ਵਰ੍ਹੇ ਸੰਸਾਰ ਦਾ ਜਲਵਾਯੂ ਤਬਦੀਲੀ ਵੱਲ ਧਿਆਨ ਖਿੱਚਣ ਵਾਲੀ ਸਵੀਡਿਸ਼ ਕਾਰਕੁਨ ਗ੍ਰੇਟਾ ਥਨਬਰਗ ਨੂੰ ‘ਟਾਈਮ’ ਨੇ ਸਾਲ ਦੀ ਸ਼ਖ਼ਸੀਅਤ ਐਲਾਨਿਆ ਸੀ। ‘ਟਾਈਮ’ ਨੇ ਕਿਹਾ ਕਿ ਅਮਰੀਕੀ ਉਪ ਰਾਸ਼ਟਰਪਤੀ ਪਹਿਲਾਂ ਕਦੇ ਵੀ ਔਰਤ, ਸਿਆਹਫਾਮ ਜਾਂ ਏਸ਼ਿਆਈ ਅਮਰੀਕੀ ਨਹੀਂ ਰਹੀ, ਪਰ ਹੁਣ ਇਹ ਹੋਣ ਜਾ ਰਿਹਾ ਹੈ ਤੇ ਅਗਾਂਹ ਵੀ ਹੋਵੇਗਾ। -ਪੀਟੀਆਈ
ਭਾਰਤੀ-ਅਮਰੀਕੀ ਰਾਹੁਲ ਦੂਬੇ 2020 ਦੇ ਨਾਇਕਾਂ ’ਚ ਸ਼ੁਮਾਰ
ਸਿਆਹਫਾਮ ਜੌਰਜ ਫਲਾਇਡ ਦੀ ਹੱਤਿਆ ਖ਼ਿਲਾਫ਼ ਮੁਜ਼ਾਹਰਾ ਕਰ ਰਹੇ 70 ਜਣਿਆਂ ਨੂੰ ਵਾਸ਼ਿੰਗਟਨ ਡੀਸੀ ਵਿਚਲੇ ਆਪਣੇ ਘਰ ਵਿਚ ਆਸਰਾ ਦੇਣ ਵਾਲੇ ਭਾਰਤੀ-ਅਮਰੀਕੀ ਰਾਹੁਲ ਦੂਬੇ ਨੂੰ ‘ਟਾਈਮ’ ਨੇ ‘ਹੀਰੋਜ਼ ਆਫ਼ 2020’ ਵਿਚ ਥਾਂ ਦਿੱਤੀ ਹੈ। ਰਸਾਲੇ ਨੇ ਕਿਹਾ ਕਿ ਰਾਹੁਲ ਨੇ ਬਣਦੀ ਜ਼ਿੰਮੇਵਾਰੀ ਤੋਂ ਵਧ ਕੇ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਆਸਟਰੇਲੀਆ ਦੇ ਅੱਗ ਬੁਝਾਊ ਅਮਲੇ ਦੇ ਮੈਂਬਰਾਂ, ਮਹਾਮਾਰੀ ਦੌਰਾਨ ਸਿੰਗਾਪੁਰ ਵਿਚ ਲੋਕਾਂ ਨੂੰ ਭੋਜਨ ਕਰਵਾਉਣ ਵਾਲੇ ਫੂਡ ਸਟਾਲ ਮਾਲਕ ਵੀ 2020 ਦੇ ਨਾਇਕਾਂ ਵਿਚ ਸ਼ਾਮਲ ਹਨ।