ਕੇਪ ਕੈਨਵਰਲ, 16 ਨਵੰਬਰ
ਪ੍ਰਾਈਵੇਟ ਕੰਪਨੀ ‘ਸਪੇਸ ਐਕਸ’ ਨੇ ਨਾਸਾ ਲਈ ਪਹਿਲੀ ਵਾਰ ਚਾਰ ਪੁਲਾੜ ਯਾਤਰੀਆਂ ਨੂੰ ਸੰਪੂਰਨ ਟੈਕਸੀ ਉਡਾਣ ਰਾਹੀਂ ਕੌਮਾਂਤਰੀ ਪੁਲਾੜ ਸਟੇਸ਼ਨ ਭੇਜਿਆ ਹੈ। ਕਿਸੇ ਪ੍ਰਾਈਵੇਟ ਕੰਪਨੀ ਵੱਲੋਂ ਪੁਲਾੜ ਕੇਂਦਰ ਭੇਜੀ ਗਈ ਇਹ ਪਹਿਲੀ ਉਡਾਣ ਹੈ। ਫਾਲਕਨ ਰੌਕੇਟ ਐਤਵਾਰ ਨੂੰ ਕੈਨੇਡੀ ਪੁਲਾੜ ਕੇਂਦਰ ਤੋਂ ਰਾਤ ਨੂੰ ਉਡਿਆ। ਇਸ ਵਿਚ ਤਿੰਨ ਅਮਰੀਕੀ ਤੇ ਇਕ ਜਪਾਨੀ ਯਾਤਰੀ ਸਵਾਰ ਹੈ। ਕਰੀਬ ਨੌਂ ਮਿੰਟਾਂ ਬਾਅਦ ਰੌਕੇਟ ਪੁਲਾੜ ਪੰਧ ਉਤੇ ਪੈ ਗਿਆ। ਇਸ ਦੇ ਅੱਜ ਦੇਰ ਰਾਤ ਪੁਲਾੜ ਸਟੇਸ਼ਨ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸਪੇਸ ਐਕਸ ਦੋ ਪਾਇਲਟਾਂ ਨਾਲ ਇਕ ਟੈਸਟ ਉਡਾਣ ਭੇਜ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਟੇਸ਼ਨ ਦੀ ਲੈਬ ਵਿਚ ਜ਼ਿਆਦਾ ਲੋਕ ਹੋਣਗੇ ਤਾਂ ਖੋਜ ਵੀ ਵੱਧ ਹੋਵੇਗੀ। ਸਪੇਸ ਐਕਸ ਦੇ ਕੈਲੀਫੋਰਨੀਆ ਸਥਿਤ ਮਿਸ਼ਨ ਕੰਟਰੋਲ ’ਤੇ ਲਾਂਚ ਦੀ ਖ਼ੁਸ਼ੀ ਮਨਾਈ ਗਈ। ਕੰਪਨੀ ਦੇ ਸੀਈਓ ਐਲਨ ਮਸਕ ਨੇ ਟੀਮ ਨੂੰ ਵਧਾਈ ਦਿੱਤੀ। -ਏਪੀ