ਖੇਤਰੀ ਪ੍ਰਤੀਨਿਧ
ਐਸ.ਏ.ਐਸ. ਨਗਰ(ਮੁਹਾਲੀ), 15 ਮਈ
ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵੱਲੋਂ ਸ਼੍ਰੋਮਣੀ ਕਵੀ ਸੁਰਿੰਦਰ ਗਿੱਲ ਦੇ ਕਾਵਿ-ਸੰਗ੍ਰਹਿ ‘ਪੁਲ਼ ਤੇ ਪਾਣੀ’ ਨੂੰ ਲੋਕ ਅਰਪਣ ਅਤੇ ਇਸ ਬਾਰੇ ਵਿਚਾਰ-ਚਰਚਾ ਕਰਨ ਲਈ ਇਕ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਡਾ. ਸਰਬਜੀਤ ਕੌਰ ਸੋਹਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਸਮਾਰੋਹ ਦੀ ਪ੍ਰਧਾਨਗੀ ਸਿਰੀ ਰਾਮ ਅਰਸ਼ ਨੇ ਕੀਤੀ। ਸਮਾਗਮ ਦੇ ਸ਼ੁਰੂ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਭਾਸ਼ਾ ਵਿਭਾਗ ਦੇ ਸੂਬਾਈ ਅਤੇ ਜ਼ਿਲ੍ਹਾ ਦਫ਼ਤਰ ਵੱਲੋਂ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲੇਖਕ ਨੂੰ ਨਵੀਂ ਲਿਖਤ ਲਈ ਵਧਾਈ ਦਿੱਤੀ। ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਰਿਲੀਜ਼ ਕੀਤੀ ਗਈ।
ਸਿਰੀ ਰਾਮ ਅਰਸ਼ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਆਖਿਆ, ”ਸੁਰਿੰਦਰ ਗਿੱਲ ਨੇ ਇਸ ਪੁਸਤਕ ਵਿੱਚ ਵੀ ਆਪਣੀ ਪਲੇਠੀ ਪੁਸਤਕ ਵਰਗੀ ਪ੍ਰਤੀਬੱਧਤਾ ਕਾਇਮ ਰੱਖੀ ਹੈ।” ਮੁੱਖ ਮਹਿਮਾਨ ਡਾ. ਸਰਬਜੀਤ ਕੌਰ ਸੋਹਲ ਨੇ ਸੁਰਿੰਦਰ ਗਿੱਲ ਦੀ ਕਵਿਤਾ ਬਾਰੇ ਕਿਹਾ ਕਿ ਸੁਰਿੰਦਰ ਗਿੱਲ ਦੀ ਕਵਿਤਾ ਹਨੇਰੇ ਨੂੰ ਚੀਰਦੀ ਕਿਰਨ ਵਾਂਗ ਹੈ ਜੋ ਸ਼ਿੱਦਤ ਅਤੇ ਜਜ਼ਬੇ ਨਾਲ ਲਬਰੇਜ਼ ਹੈ। ਵਿਸ਼ੇਸ਼ ਮਹਿਮਾਨ ਸ਼ਿਵ ਨਾਥ ਨੇ ਲੇਖਕ ਦੀ ਕਵਿਤਾ ਅਤੇ ਸ਼ਖ਼ਸੀਅਤ ਬਾਰੇ ਕਿਹਾ, ”ਮੈਂ ਸੁਰਿੰਦਰ ਗਿੱਲ ਦੀ ਕਵਿਤਾ ਤੋਂ ਇਹੀ ਸਿੱਖਿਆ ਹੈ ਕਿ ਕੀ ਲਿਖਣਾ ਚਾਹੀਦਾ ਹੈ ਅਤੇ ਕਿਉਂ ਲਿਖਣਾ ਚਾਹੀਦਾ ਹੈ।”
ਡਾ. ਨਿਰਮਲ ਸਿੰਘ ਬਾਸੀ ਨੇ ਪਰਚਾ ਪੜ੍ਹਦਿਆਂ ਕਿਹਾ, ”ਪੁਸਤਕ ਵਿੱਚ ਕਵੀ ਨੇ ਜੀਵਨ ਅਤੇ ਸਮਾਜ ਦੇ ਵੱਖ-ਵੱਖ ਰੰਗਾਂ ਨੂੰ ਆਪਣੀ ਚਿੰਤਨਸ਼ੀਲ ਦ੍ਰਿਸ਼ਟੀ ਨਾਲ ਫੜਨ ਦੀ ਕੋਸ਼ਿਸ਼ ਕੀਤੀ ਹੈ।” ਪੁਸਤਕ ਦੇਲੇਖਕ ਸੁਰਿੰਦਰ ਗਿੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਰਾਜਿੰਦਰ ਸਿੰਘ ਧੀਮਾਨ, ਬਾਬੂ ਰਾਮ ਦੀਵਾਨਾ ਤੇ ਭਗਤ ਰਾਮ ਰੰਗਾੜਾ ਨੇ ਵੀ ਸੰਬੋਧਨ ਕੀਤਾ। ਬਲਵਿੰਦਰ ਸਿੰਘ ਢਿੱਲੋਂ ਅਤੇ ਮੈਡਮ ਸਨੇਹ ਪ੍ਰਭਾ ਵੱਲੋਂ ਗ਼ਜ਼ਲ ਗਾਇਨ ਕੀਤਾ ਗਿਆ। ਵਿਚਾਰ-ਚਰਚਾ ਵਿਚ ਸ਼ੈਲੀ ਧੀਰ, ਮਨਜੀਤਪਾਲ ਸਿੰਘ, ਗੁਰਚਰਨ ਸਿੰਘ, ਬੂਟਾ ਸਿੰਘ, ਪ੍ਰੀਤਮ ਸਿੰਘ, ਅਸ਼ੋਕ ਨਾਦਿਰ, ਤਰਵਿੰਦਰ ਸਿੰਘ, ਸ਼ਬਦੀਸ਼ ਆਦਿ ਨੇ ਸ਼ਿਰਕਤ ਕੀਤੀ।