ਬ੍ਰਿਸਬਨ: ਆਸਟਰੇਲੀਆ ਖ਼ਿਲਾਫ਼ ਚੌਥੇ ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਨੇ ਮੀਂਹ ਕਾਰਨ ਖੇਡ ਛੇਤੀ ਬੰਦ ਹੋਣ ਤੱਕ ਦੋ ਵਿਕਟਾਂ ’ਤੇ 62 ਦੌੜਾਂ ਬਣਾ ਲਈਆਂ ਸਨ। ਮੇਜ਼ਬਾਨ ਟੀਮ ਨੇ ਪਹਿਲੀ ਪਾਰੀ ਵਿੱਚ 369 ਦੌੜਾਂ ਬਣਾਈਆਂ ਸਨ। ਭਾਰਤ ਨੇ ਸ਼ੁੱਭਮਨ ਗਿੱਲ (ਸੱਤ) ਅਤੇ ਉਪ ਕਪਤਾਨ ਰੋਹਿਤ ਸ਼ਰਮਾ (44) ਦੀਆਂ ਮਹੱਤਵਪੂਰਨ ਵਿਕਟਾਂ ਚਾਹ ਦੇ ਬ੍ਰੇਕ ਤੱਕ ਗੁਆ ਲਈਆਂ। ਆਖ਼ਰੀ ਸੈਸ਼ਨ ਦੀ ਚਾਹ ਦੀ ਬ੍ਰੇਕ ਦੇ ਨਾਲ ਹੀ ਮੀਂਹ ਸ਼ੁਰੂ ਹੋ ਗਿਆ। ਪਿੱਚ ਗਿੱਲੀ ਹੋਣ ਕਾਰਨ ਮੈਚ ਦਾ ਤੀਜਾ ਸੈਸ਼ਨ ਨਹੀਂ ਹੋ ਸਕਿਆ। ਭਾਰਤ ਵੱਲੋਂ ਚੇਤੇਸ਼ਵਰ ਪੁਜਾਰਾ (ਅੱਠ) ਅਤੇ ਕਪਤਾਨ ਅਜਿੰਕਿਆ ਰਹਾਣੇ (ਦੋ) ਮੈਦਾਨ ’ਤੇ ਡਟੇ ਹੋਏ ਹਨ। ਭਾਰਤ ਹਾਲੇ ਵੀ 307 ਦੌੜਾਂ ਨਾਲ ਪੱਛੜ ਰਿਹਾ ਹੈ। -ਪੀਟੀਆਈ
ਭਾਰਤੀ ਪ੍ਰਸ਼ੰਸਕ ਵੱਲੋਂ ਨਸਲੀ ਟਿੱਪਣੀ ਦਾ ਦੋਸ਼
ਸਿਡਨੀ: ਭਾਰਤੀ ਕ੍ਰਿਕਟ ਟੀਮ ਦੇ ਇੱਕ ਪ੍ਰਸ਼ੰਸਕ ਨੇ ਆਸਟਰੇਲੀਆ ਖ਼ਿਲਾਫ਼ ਸਿਡਨੀ ਕ੍ਰਿਕਟ ਮੈਦਾਨ (ਐੱਸਸੀਜੀ) ’ਤੇ ਖੇਡੇ ਗਏ ਤੀਜੇ ਟੈਸਟ ਮੈਚ ਦੇ ਪੰਜਵੇਂ ਦਿਨ ਸੁਰੱਖਿਆ ਅਧਿਕਾਰੀ ’ਤੇ ਨਸਲੀ ਟਿੱਪਣੀ ਅਤੇ ਦੁਰਵਿਹਾਰ ਦਾ ਦੋਸ਼ ਲਾਇਆ, ਜਿਸ ਮਗਰੋਂ ਇਸ ਮੈਦਾਨ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਇਸ ਡਰਾਅ ਟੈਸਟ ਮੈਚ ਦੇ ਤੀਜੇ ਅਤੇ ਚੌਥੇ ਦਿਨ ਦਰਸ਼ਕਾਂ ਵੱਲੋਂ ਨਸਲੀ ਦੁਰਵਿਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿਡਨੀ ਵਾਸੀ ਕ੍ਰਿਸ਼ਨ ਕੁਮਾਰ ਨੇ ਵੀਰਵਾਰ ਨੂੰ ਐੱਨਐੱਸਡਬਲਿਊ (ਨਿਊ ਸਾਊਥ ਵੇਲਜ਼) ਦੇ ਲੀਗਲ ਅਧਿਕਾਰੀ ਨਾਲ ਮੁਲਾਕਾਤ ਕਰਕੇ ਅਧਿਕਾਰਤ ਤੌਰ ’ਤੇ ਸ਼ਿਕਾਇਤ ਦਰਜ ਕਰਵਾਈ ਸੀ। -ਪੀਟੀਆਈ