ਨਵੀਂ ਦਿੱਲੀ: ਭਾਰਤ ਦੀ ਵਿਸ਼ਵ ਕੱਪ-2011 ਜੇਤੂ ਟੀਮ ਦੇ ਦਸਤਖ਼ਤਾਂ ਵਾਲਾ ਇੱਕ ਬੈਟ ਦੁਬਈ ਵਿੱਚ ਨਿਲਾਮੀ ਦੌਰਾਨ 25 ਹਜ਼ਾਰ ਡਾਲਰ ਵਿੱਚ ਵਿਕਿਆ, ਜਦਕਿ ਡੇਵਿਡ ਵਾਰਨਰ ਦੀ ਆਈਪੀਐੱਲ-2016 ਜੇਤੂ ਸਨਰਾਈਜ਼ਰਜ਼ ਹੈਦਰਾਬਾਦ ਦੀ ਜਰਸੀ ’ਤੇ 30 ਹਜ਼ਾਰ ਡਾਲਰ ਦੀ ਬੋਲੀ ਲੱਗੀ। ਇਹ ਨਿਲਾਮੀ ਕ੍ਰਿਕਫਲਿਕਸ ਵੱਲੋਂ ਕਰਵਾਈ ਗਈ ਸੀ। ਧੋਨੀ ਦੀ ਅਗਵਾਈ ਵਿੱਚ ਭਾਰਤ ਨੇ ਸਾਲ 2011 ਵਿੱਚ 28 ਸਾਲ ਮਗਰੋਂ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ। ਕ੍ਰਿਕਟਰ ਸਚਿਨ ਤੇਂਦੁਲਕਰ ਦੇ 200ਵੇਂ ਟੈਸਟ ਮੈਚ ਦੇ ਸੰਗ੍ਰਹਿ ਦਾ ਡਿਜੀਟਲ ਅਧਿਕਾਰ ਮੁੰਬਈ ਵਾਸੀ ਅਮਲ ਖ਼ਾਨ ਨੇ 40 ਹਜ਼ਾਰ ਅਮਰੀਕੀ ਡਾਲਰ (30 ਲੱਖ ਰੁਪਏ ਤੋਂ ਵੱਧ) ਵਿੱਚ ਹਾਸਲ ਕੀਤਾ ਹੈ। ਭਾਰਤ ਦੀ ਵਿਸ਼ਵ ਕੱਪ-1983 ਜੇਤੂ ਟੀਮ ਲਈ ਲਤਾ ਮੰਗੇਸਕਰ ਦੇ ਸੰਗੀਤ ਪ੍ਰੋਗਰਾਮ ਦੀ ਰਿਕਾਰਡਿੰਗ 21 ਹਜ਼ਾਰ ਡਾਲਰ ਵਿੱਚ ਵਿਕੀ ਹੈ। ਭਾਰਤੀ ਮਹਿਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੀ ਵਿਸ਼ਵ ਕੱਪ-2017 ਦੇ ਸੈਮੀਫਾਈਨਲ ਵਿੱਚ ਪਹਿਨੀ ਗਈ ਜਰਸੀ ਦੀ ਕੀਮਤ 10 ਹਜ਼ਾਰ ਡਾਲਰ ਲੱਗੀ। -ਪੀਟੀਆਈ