ਨਵੀਂ ਦਿੱਲੀ: ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ, ਗੋਲਕੀਪਰ ਸਵਿਤਾ ਪੂਨੀਆ, ਪੈਰਾਲੰਪਿਕ ਤਗ਼ਮਾ ਜੇਤੂ ਮਰੀਅੱਪਨ ਥੰਗਾਵੇਲੂ ਅਤੇ ਸ਼ਰਦ ਕੁਮਾਰ ਨੂੰ ਟੋਕੀਓ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਭਾਰਤੀ ਖੇਡ ਅਥਾਰਟੀ (ਸਾਈ) ਨੇ ਸਮੇਂ ਤੋਂ ਪਹਿਲਾਂ ਤਰੱਕੀ ਦੇਣ ਦਾ ਫ਼ੈਸਲਾ ਕੀਤਾ ਹੈ। ਸਾਈ ਦੀ ਪ੍ਰਸ਼ਾਸਕੀ ਇਕਾਈ ਦੀ ਅੱਜ ਹੋਈ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਟੋਕੀਓ ਓਲੰਪਿਕ ਵਿੱਚ ਇਤਿਹਾਸਕ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਪੁਰਸ਼ ਟੀਮ ਦੇ ਕੋਚ ਪਿਊਸ਼ ਦੂਬੇ ਨੂੰ ਵੀ ਤਰੱਕੀ ਦਿੱਤੀ ਗਈ ਹੈ। ਸਾਈ ਨੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਅਤੇ ਅਰਜੁਨ ਪੁਰਸਕਾਰ ਪ੍ਰਾਪਤ ਮਰਹੂਮ ਮੁੱਕੇਬਾਜ਼ ਡਿੰਕੋ ਸਿੰਘ ਦੇ ਪਰਿਵਾਰ ਨੂੰ ਇਕਮੁਸ਼ਤ ਛੇ ਲੱਖ 87 ਹਜ਼ਾਰ ਰੁਪਏ ਦੇਣ ਦਾ ਫ਼ੈਸਲਾ ਵੀ ਕੀਤਾ ਹੈ। -ਪੀਟੀਆਈ