ਕੋਲਕਾਤਾ, 14 ਅਪਰੈਲ
ਫਿਲ ਸਾਲਟ ਦੀ ਨਾਬਾਦ 89 ਦੌੜਾਂ ਦੀ ਹਮਲਾਵਰ ਪਾਰੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇੱਥੇ ਆਈਪੀਐਲ ਮੈਚ ਵਿੱਚ ਲਖਨਊ ਸੁਪਰਜਾਇੰਟਸ ਨੂੰ 26 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਹਰਾ ਕੇ ਚੌਥੀ ਜਿੱਤ ਦਰਜ ਕੀਤੀ। ਲਖਨਊ ਵੱਲੋਂ ਦਿੱਤਾ 162 ਦੌੜਾਂ ਦਾ ਟੀਚਾ ਕੋਲਕਾਤਾ ਨੇ 15.4 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ ਹੀ ਪੂਰਾ ਕਰ ਲਿਆ।
ਸਾਲਟ ਨੇ ਕਪਤਾਨ ਸ਼੍ਰੇਅਸ ਅਈਅਰ ਨਾਲ ਤੀਜੀ ਵਿਕਟ ਲਈ 76 ਗੇਂਦਾਂ ’ਚ 120 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ ਅਤੇ 47 ਗੇਂਦਾਂ ਦੀ ਆਪਣੀ ਪਾਰੀ ’ਚ 14 ਚੌਕੇ ਅਤੇ ਤਿੰਨ ਛੱਕੇ ਜੜੇ। ਅਈਅਰ ਨੇ 38 ਗੇਂਦਾਂ ’ਤੇ ਨਾਬਾਦ 38 ਦੌੜਾਂ ਦੀ ਆਪਣੀ ਪਾਰੀ ਵਿੱਚ ਛੇ ਚੌਕੇ ਲਗਾਏ। ਲਖਨਊ ਲਈ ਗੇਂਦ ਨਾਲ ਸਿਰਫ ਮੋਹਸਿਨ ਖਾਨ ਹੀ ਪ੍ਰਭਾਵਿਤ ਕਰ ਸਕਿਆ ਜਿਸ ਨੇ ਚਾਰ ਓਵਰਾਂ ਵਿੱਚ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਟੀਮ ਨੇ 22 ਵਾਧੂ ਦੌੜਾਂ ਦਿੱਤੀਆਂ। ਲਖਨਊ ਦੀ ਛੇ ਮੈਚਾਂ ਵਿੱਚ ਇਹ ਤੀਜੀ ਹਾਰ ਹੈ।
ਇਸ ਤੋਂ ਪਹਿਲਾਂ ਨਿਕੋਲਸ ਪੂਰਨ (45 ਦੌੜਾਂ), ਕਪਤਾਨ ਲੋਕੇਸ਼ ਰਾਹੁਲ (39 ਦੌੜਾਂ) ਅਤੇ ਆਯੂਸ਼ ਬਦੋਨੀ (29 ਦੌੜਾਂ) ਦੀਆਂ ਪਾਰੀਆਂ ਦੀ ਬਦੌਲਤ ਲਖਨਊ ਨੇ 161 ਦੌੜਾਂ ਬਣਾਈਆਂ ਸਨ। ਇਨ੍ਹਾਂ ਤਿੰਨਾਂ ਤੋਂ ਇਲਾਵਾ ਟੀਮ ਦਾ ਹੋਰ ਕੋਈ ਵੀ ਬੱਲੇਬਾਜ਼ ਦਹਾਈ ਦਾ ਅੰਕੜਾ ਨਹੀਂ ਪਾਰ ਕਰ ਸਕਿਆ। -ਪੀਟੀਆਈ
ਚੇਨੱਈ ਨੇ ਮੁੰਬਈ ਨੂੰ ਹਰਾਇਆ
ਮੁੰਬਈ: ਚੇਨੱਈ ਸੁਪਰ ਕਿੰਗਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਰੋਹਿਤ ਸ਼ਰਮਾ ਦੀਆਂ ਨਾਬਾਦ 105 ਦੌੜਾਂ ਦੇ ਬਾਵਜੂਦ ਮੁੰਬਈ ਦੀ ਟੀਮ ਚੇਨੱਈ ਵੱਲੋਂ ਦਿੱਤਾ 207 ਦੌੜਾਂ ਦਾ ਟੀਚਾ ਪੂਰਾ ਨਹੀਂ ਕਰ ਸਕੀ। ਮੇਜ਼ਬਾਨ ਟੀਮ ਛੇ ਵਿਕਟਾਂ ਦੇ ਨੁਕਸਾਨ ’ਤੇ 186 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਕਪਤਾਨ ਰੁਤੂਰਾਜ ਗਾਇਕਵਾੜ ਅਤੇ ਸ਼ਿਵਮ ਦੂਬੇ ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਚੇਨੱਈ ਨੇ ਚਾਰ ਵਿਕਟਾਂ ’ਤੇ 206 ਦੌੜਾਂ ਬਣਾਈਆਂ। -ਪੀਟੀਆਈ