ਲਾਹੌਰ: ਪਾਕਿਸਤਾਨ ਕ੍ਰਿਕਟ ਬੋਰਡ ਨੇ ਅੱਜ ਦੱਖਣੀ ਅਫਰੀਕਾ ਦੇ ਸਾਬਕਾ ਖਿਡਾਰੀ ਗੈਰੀ ਕ੍ਰਿਸਟਨ ਨੂੰ ਇੱਕ ਰੋਜ਼ਾ ਤੇ ਟੀ-20 ਕੌਮਾਂਤਰੀ ਟੀਮ ਲਈ ਆਪਣਾ ਮੁੱਖ ਕੋਚ ਨਿਯੁਕਤ ਕੀਤਾ ਹੈ ਜਦਕਿ ਸਾਬਕਾ ਆਸਟਰੇਲਿਆਈ ਤੇਜ਼ ਗੇਂਦਬਾਜ਼ ਜੇਸਨ ਗਿਲਿਸਪੀ ਟੈਸਟ ਕ੍ਰਿਕਟ ’ਚ ਇਹ ਜ਼ਿੰਮੇਵਾਰੀ ਸੰਭਾਲਣਗੇ। ਇਨ੍ਹਾਂ ਦੇ ਨਾਲ ਹੀ ਪਾਕਿਸਤਾਨ ਦੇ ਸਾਬਕਾ ਆਲ ਰਾਊਂਡਰ ਅਜ਼ਹਰ ਮਹਿਮੂਦ ਨੂੰ ਸਾਰੀਆਂ ਵੰਨਗੀਆਂ ਲਈ ਟੀਮ ਦਾ ਸਹਾਇਕ ਕੋਚ ਨਿਯੁਕਤ ਕੀਤਾ ਗਿਆ ਹੈ। ਪੀਸੀਬੀ ਮੁਖੀ ਮੋਹਸਿਨ ਨਕਵੀ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘ਗੈਰੀ ਕ੍ਰਿਸਟਨ ਤੇ ਜੇਸਨ ਗਿਲਿਸਪੀ ਦੀ ਨਿਯੁਕਤੀ ਤੋਂ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਕ੍ਰਿਕਟ ਟੀਮ ਨੂੰ ਕਿੰਨੀ ਅਹਿਮੀਅਤ ਦਿੱਤੀ ਗਈ ਹੈ ਅਤੇ ਵਿਦੇਸ਼ੀ ਕੋਚ ਸਾਡੇ ਖਿਡਾਰੀਆਂ ’ਚ ਕਿੰਨੀਆਂ ਸੰਭਾਵਨਾਵਾਂ ਦੇਖਦੇ ਹਨ।’ ਉਨ੍ਹਾਂ ਕਿਹਾ, ‘ਅਸੀਂ ਟੀਮ ਨੂੰ ਬਿਹਤਰੀਨ ਸਹੂਲਤਾਂ ਦੇਣਾ ਚਾਹੁੰਦੇ ਹਾਂ। ਇਸੇ ਲਈ ਅਸੀਂ ਕ੍ਰਿਸਟਨ ਤੇ ਗਿਲਿਸਪੀ ਨੂੰ ਨਿਯੁਕਤ ਕੀਤਾ ਹੈ।’ -ਪੀਟੀਆਈ