ਅਹਿਮਦਾਬਾਦ, 28 ਅਪਰੈਲ
ਵਿਲ ਜੈਕਸ ਦੀ 41 ਗੇਂਦਾਂ ਵਿੱਚ ਨਾਬਾਦ 100 ਦੌੜਾਂ ਦੀ ਪਾਰੀ ਸਦਕਾ ਰੌਇਲ ਚੈਲੰਜਰਜ਼ ਬੰਗਲੂਰੂ (ਆਰਸੀਬੀ) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਟੀ20 ਮੈਚ ਵਿੱਚ ਅੱਜ ਇੱਥੇ ਗੁਜਰਾਤ ਟਾਈਟਨਜ਼ ਨੂੰ ਚਾਰ ਓਵਰ ਰਹਿੰਦਿਆਂ ਨੌਂ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਗੁਜਰਾਤ ਨੇ ਪਹਿਲਾਂ ਬੱਲੇਬਾਜ਼ ਦਾ ਸੱਦਾ ਮਿਲਣ ’ਤੇ ਤਿੰਨ ਵਿਕਟਾਂ ਗੁਆ ਕੇ 200 ਦੌੜਾਂ ਬਣਾਈਆਂ ਸੀ ਪਰ ਆਰਸੀਬੀ ਨੇ ਸਿਰਫ਼ 16 ਓਵਰ ਵਿੱਚ ਇੱਕ ਵਿਕਟ ਦੇ ਨੁਕਸਾਨ ’ਤੇ 206 ਦੌੜਾਂ ਬਣਾ ਕੇ 10 ਮੈਚਾਂ ਵਿੱਚ ਤੀਜੀ ਜਿੱਤ ਦਰਜ ਕੀਤੀ। ਗੁਜਰਾਤ ਦੀ ਇਹ 10 ਮੈਚਾਂ ਵਿੱਚ ਛੇਵੀਂ ਹਾਰ ਹੈ। ਜੈਕਸ ਨੇ ਦਿੱਗਜ ਵਿਰਾਟ ਕੋਹਲੀ (ਨਾਬਾਦ 70) ਨਾਲ ਦੂਜੀ ਵਿਕਟ ਲਈ ਮਹਿਜ਼ 74 ਗੇਂਦਾਂ ਵਿੱਚ 166 ਦੌੜਾਂ ਦੀ ਸਾਂਝੇਦਾਰੀ ਕੀਤੀ। ਕੋਹਲੀ ਨੇ ਇਸ ਦੌਰਾਨ ਮੌਜੂਦਾ ਆਈਪੀਐੱਲ ਸੈਸ਼ਨ ਵਿੱਚ 500 ਦੌੜਾਂ ਪੂਰੀਆਂ ਕਰ ਲਈਆਂ। ਇਹ ਸੱਤਵੀਂ ਵਾਰ ਹੈ ਜਦੋਂ ਕੋਹਲੀ ਨੇ ਆਈਪੀਐੱਲ ਸੈਸ਼ਨ ਵਿੱਚ 500 ਤੋਂ ਵੱਧ ਦੌੜਾਂ ਬਣਾਈਆਂ ਹਨ। ਗੁਜਰਾਤ ਟਾਈਟਨਜ਼ ਲਈ ਇਕਲੌਤੀ ਸਫ਼ਲਤਾ ਸਾਈ ਕਿਸ਼ੋਰ ਨੂੰ ਤੀਜੇ ਓਵਰ ਵਿੱਚ 30 ਦੌੜਾਂ ’ਤੇ ਇੱਕ ਵਿਕਟ ਲੈਣ ਨਾਲ ਮਿਲੀ। -ਪੀਟੀਆਈ
ਟੀ20: ਭਾਰਤੀ ਮਹਿਲਾ ਟੀਮ ਨੇ ਬੰਗਲਾਦੇਸ਼ ਨੂੰ 44 ਦੌੜਾਂ ਨਾਲ ਹਰਾਇਆ
ਸਿਲਹਟ (ਬੰਗਲਾਦੇਸ਼): ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਅਤੇ ਪੂਜਾ ਵਸਤਰਾਕਰ ਦੀ ਜੋੜੀ ਨੇ ਮਿਲ ਕੇ ਬੰਗਲਾਦੇਸ਼ ਦੀਆਂ ਪੰਜ ਵਿਕਟਾਂ ਲਈਆਂ ਜਿਸ ਸਦਕਾ ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਪਹਿਲੇ ਟੀ20 ਕੌਮਾਂਤਰੀ ਮੇਚ ਵਿੱਚ ਮੇਜ਼ਬਾਨ ਟੀਮ ਨੂੰ 44 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਮੈਦਾਨ ’ਚ ਆਈ ਭਾਰਤੀ ਟੀਮ ਲਈ ਕਪਤਾਨ ਹਰਮਨਪ੍ਰੀਤ ਕੌਰ ਅਤੇ ਯਾਸਿਤਕਾ ਭਾਟੀਆ ਨੇ ਚੰਗੀ ਸ਼ੁਰੂਆਤ ਕਰਦਿਆਂ ਤੇਜ਼ੀ ਨਾਲ ਦੌੜਾਂ ਬਣਾਈਆਂ ਪਰ ਮੈਚ ਦੇ ਮੱਧ ਮਗਰੋਂ ਬੱਲੇਬਾਜ਼ਾਂ ਦੀ ਰਫ਼ਤਾਰ ਮੱਠੀ ਪੈ ਗਈ, ਜਿਸ ਕਾਰਨ ਟੀਮ ਸੱਤ ਵਿਕਟਾਂ ’ਤੇ 145 ਦੌੜਾਂ ਬਣਾ ਸਕੀ। ਇਸ ਮਗਰੋਂ ਰੇਣੂਕਾ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ’ਤੇ 101 ਦੌੜਾਂ ਹੀ ਬਣਾਉਣ ਦਿੱਤੀਆਂ। ਕਪਤਾਨ ਨਿਗਾਰ ਸੁਲਤਾਨਾ ਨੇ 48 ਗੇਂਦਾਂ ਵਿੱਚ 51 ਦੌੜਾਂ ਦੀ ਨੀਮ ਸੈਂਕੜੇ ਦੀ ਪਾਰੀ ਖੇਡੀ ਪਰ ਉਸ ਨੂੰ ਸਾਥੀ ਖਿਡਾਰਨ ਦਾ ਸਾਥ ਨਹੀਂ ਮਿਲਿਆ। ਭਾਰਤ ਲਈ ਰੇਣੂਕਾ ਨੇ 18 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਪੂਜਾ ਵਸਤਰਾਕਰ ਨੇ 25 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। -ਪੀਟੀਆਈ