ਚੇਨੱਈ, 23 ਅਪਰੈਲ
ਲਖਨਊ ਸੁਪਰਜਾਇੰਟਸ ਨੇ ਅੱਜ ਇੱਥੇ ਆਈਪੀਐੱਲ ਮੈਚ ਦੌਰਾਨ ਮੇਜ਼ਬਾਨ ਚੇਨੱਈ ਸੁਪਰਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਚੇਨੱਈ ਦੀ ਟੀਮ ਨੇ ਲਖਨਊ ਨੂੰ ਜਿੱਤ ਲਈ 211 ਦੌੜਾਂ ਦਾ ਟੀਚਾ ਦਿੱਤਾ ਸੀ। ਲਖਨਊ ਨੇ ਮਾਰਕਸ ਸਟੌਇਨਸ (124 ਦੌੜਾਂ) ਦੇ ਨਾਬਾਦ ਸੈਂਕੜੇ ਤੇ ਦੀਪਕ ਹੁੱਡਾ ਦੀਆਂ ਨਾਬਾਦ 17 ਦੌੜਾਂ ਸਦਕਾ 19.3 ਓਵਰਾਂ ’ਚ 4 ਵਿਕਟਾਂ ਗੁਆ ਕੇ 213 ਦੌੜਾਂ ਬਣਾ ਕੇ ਜੇਤੂ ਟੀਚਾ ਹਾਸਲ ਕਰ ਲਿਆ।
ਸਟੌਇਨਸ ਨੇ 63 ਗੇਂਦਾਂ ਦੀ ਪਾਰੀ ’ਚ 13 ਚੌਕੇ ਤੇ 6 ਛੱਕੇ ਜੜੇ। ਨਿਕੋਲਸ ਪੂਰਨ 34 ਤੇ ਕਪਤਾਨ ਕੇ.ਐੱਲ. ਰਾਹੁਲ ਨੇ 16 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਮੇਜ਼ਬਾਨ ਚੇਨੱਈ ਸੁਪਰਕਿੰਗਜ਼ ਦੀ ਟੀਮ ਨੇ ਕਪਤਾਨ ਰੁਤੂਰਾਜ ਗਾਇਕਵਾੜ ਦੇ ਨਾਬਾਦ ਸੈਂਕੜੇ (108 ਦੌੜਾਂ) ਤੇ ਐੱਸ. ਦੂਬੇ ਦੀਆਂ 66 ਦੌੜਾਂ ਸਦਕਾ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 210 ਦੌੜਾਂ ਬਣਾਈਆਂ। ਗਾਇਕਵਾੜ ਨੇ ਆਪਣੀ ਪਾਰੀ ਵਿੱਚ 12 ਚੌਕੇ ਤੇ ਤਿੰਨ ਛੱਕੇ ਜੜੇ ਜਦੋਂਕਿ ਦੂਬੇ ਨੇ 66 ਦੌੜਾਂ ਦੀ ਪਾਰੀ ਖੇਡੀ ਤੇ ਇਸ ਦੌਰਾਨ ਸੱਤ ਛੱਕੇ ਤੇ ਤਿੰਨ ਚੌਕੇ ਮਾਰੇ। ਹੋਰਨਾਂ ਬੱਲੇਬਾਜ਼ਾਂ ’ਚ ਡੈਰੇਲ ਮਿਸ਼ੇਲ ਨੇ 11 ਤੇ ਰਵਿੰਦਰ ਜਡੇਜਾ ਨੇ 16 ਦੌੜਾਂ ਬਣਾਈਆਂ। -ਏਜੰਸੀ