ਨਵੀਂ ਦਿੱਲੀ: ਭਾਰਤ ਵਿੱਚ ਦਿਨੋ-ਦਿਨ ਵਧ ਰਹੇ ਕਰੋਨਾ ਦੇ ਕਹਿਰ ਕਾਰਨ ਭਾਰਤੀ ਗੇਂਦਬਾਜ਼ ਰਵੀਚੰਦਰਨ ਅਸ਼ਿਵਨ ਤੋਂ ਇਲਾਵਾ ਕੁਝ ਆਸਟੇਲਿਆਈ ਖਿਡਾਰੀਆਂ ਨੇ ਆਈਪੀਐੱਲ ਵਿਚਾਲੇ ਹੀ ਛੱਡਣ ਦਾ ਫ਼ੈਸਲਾ ਲਿਆ ਹੈ। ਉਧਰ ਬੀਸੀਸੀਆਈ ਦਾ ਕਹਿਣਾ ਹੈ ਕਿ ਆਈਪੀਐੱਲ ਇਸੇ ਤਰ੍ਹਾਂ ਜਾਰੀ ਰਹੇਗਾ। ਦਿੱਲੀ ਕੈਪੀਟਲਜ਼ ਦੇ ਅਸ਼ਿਵਨ ਨੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਐਤਵਾਰ ਨੂੰ ਮੈਚ ਜਿੱਤਣ ਮਗਰੋਂ ਟਵੀਟ ਕੀਤਾ, ‘‘ਮੈਂ ਭਲਕ ਤੋਂ ਇਸ ਆਈਪੀਐਲ ਤੋਂ ਲਾਂਭੇ ਹੋ ਰਿਹਾ ਹਾਂ। ਮੇਰਾ ਪਰਿਵਾਰ ਕਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ ਅਤੇ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਨੂੰ ਮੇਰੀ ਲੋੜ ਹੈ। ਜੇ ਹਾਲਾਤ ਠੀਕ ਰਹੇ ਤਾਂ ਮੈਂ ਵਾਪਸੀ ਕਰਾਂਗਾ। ਧੰਨਵਾਦ ਦਿੱਲੀ ਕੈਪੀਟਲਜ਼।’’
ਇਸੇ ਤਰ੍ਹਾਂ ਆਸਟਰੇਲੀਆ ਅਤੇ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਐਂਡਰਿਊ ਟਾਏ ਨੇ ਭਾਰਤ ਵਿੱਚ ਕਰੋਨਾ ਕੇਸ ਵਧਣ ਕਾਰਨ ਆਸਟੇਲਿਆਈ ਸਰਕਾਰ ਵੱਲੋਂ ਦੇਸ਼ ਵਿੱਚ ਦਾਖਲ ਨਾ ਹੋਣ ਦੇਣ ਦੇ ਡਰ ਤੋਂ ਆਈਪੀਐੱਲ ਵਿਚਾਲੇ ਹੀ ਛੱਡ ਦਿੱਤਾ ਹੈ। ਇਸ ਤੋਂ ਇਲਾਵਾ ਆਸਟਰੇਲੀਆ ਦੇ ਕੇਨ ਰਿਚਰਡਸਨ ਅਤੇ ਐਡਮ ਜ਼ਾਂਪਾ ਨੇ ਵੀ ਨਿੱਜੀ ਕਾਰਨਾਂ ਕਰਕੇ ਸੀਰੀਜ਼ ਛੱਡਣ ਦਾ ਫ਼ੈਸਲਾ ਲਿਆ ਹੈ। ਕ੍ਰਿਕਟ ਆਸਟਰੇੇਲੀਆ ਅਤੇ ਆਸਟਰੇਲਿਆਈ ਕ੍ਰਿਕਟਰ ਐਸੋਸੀਏਸ਼ਨ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਉਹ ਆਈਪੀਐੱਲ ਵਿੱਚ ਸ਼ਾਮਲ ਆਪਣੇ ਖਿਡਾਰੀਆਂ, ਕੋਚਾਂ ਤੇ ਕੁਮੈਂਟੇਟਰਾਂ ਦੇ ਸੰਪਰਕ ਵਿੱਚ ਹਨ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਵੱਲੋਂ ਵੀ ਭਾਰਤ ਵਿੱਚ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ। -ਪੀਟੀਆਈ
ਆਸਟਰੇਲਿਆਈ ਖਿਡਾਰੀਆਂ ’ਚ ਘਬਰਾਹਟ: ਹਸੀ
ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨਾਲ ਜੁੜੇ ਡੇਵਿਡ ਹਸੀ ਨੇ ਕਿਹਾ ਕਿ ਆਈਪੀਐੱਲ ਵਿੱਚ ਕੁਝ ਆਸਟਰੇਲਿਆਈ ਖਿਡਾਰੀ ਘਬਰਾ ਗਏ ਹਨ ਕਿ ਭਾਰਤ ਵਿੱਚ ਕਰੋਨਾ ਦੇ ਕੇਸ ਵਧਣ ਕਾਰਨ ਉਹ ਆਪਣੇ ਦੇਸ਼ ਕਿਵੇਂ ਪਰਤਣਗੇ। ਇਸ ਸਮੇਂ ਆਸਟਰੇਲੀਆ ਦੇ 14 ਖਿਡਾਰੀਆਂ ਸਮੇਤ ਕਈ ਕੋਚ ਅਤੇ ਕੁਮੈਂਟੇਟਰ ਵੀ ਆਈਪੀਐੱਲ ਦਾ ਹਿੱਸਾ ਹਨ।
ਆਈਪੀਐੱਲ ਜਾਰੀ ਰਹੇਗਾ: ਬੀਸੀਸੀਆਈ
ਖਿਡਾਰੀਆਂ ਦੇ ਆਈਪੀਐੱਲ ਛੱਡਣ ਬਾਰੇ ਬੀਸੀਸੀਆਈ ਦੇ ਅਧਿਕਾਰੀ ਨੇ ਪ੍ਰਤੀਕਰਮ ਦਿੰਦਿਆਂ ਕਿਹਾ, ‘‘ਆਈਪੀਐੱਲ ਜਾਰੀ ਰਹੇਗਾ। ਕੋਈ ਛੱਡਣਾ ਚਾਹੁੰਦਾ ਹੈ ਤਾਂ ਉਸ ਵਿੱਚ ਕੋਈ ਹਰਜ ਨਹੀਂ।’’