ਲੁਧਿਆਣਾ (ਸਤਵਿੰਦਰ ਬਸਰਾ): 9ਵੀਂ ਜੂਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ। ਇਸ ਚੈਂਪੀਅਨਸ਼ਿਪ ਵਿੱਚ ਲੁਧਿਆਣਾ ਦੀਆਂ ਕੁੜੀਆਂ ਚੈਂਪੀਅਨ ਬਣੀਆਂ ਜਦਕਿ ਲੜਕਿਆਂ ਦੇ ਵਰਗ ਵਿੱਚ ਲੁਧਿਆਣਾ ਦੀ ਟੀਮ ਨੂੰ ਦੂਜਾ ਸਥਾਨ ਹਾਸਲ ਹੋਇਆ। ਲੜਕੀਆਂ ਦੇ ਵਰਗ ਵਿੱਚ ਲੁਧਿਆਣਾ ਨੇ ਮੋਗਾ ਨੂੰ 12-0 ਨਾਲ ਜਦਕਿ ਫਿਰੋਜ਼ਪੁਰ ਨੇ ਸੰਗਰੂਰ ਨੂੰ 12-3 ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਹਾਸਲ ਕੀਤਾ। ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਫਿਰੋਜ਼ਪੁਰ ਨੂੰ 14-4 ਦੇ ਵੱਡੇ ਫਰਕ ਨਾਲ ਹਰਾਇਆ। ਜੇਤੂ ਟੀਮ ਵੱਲੋਂ ਬੱਬੀ, ਸੰਦੀਪ ਪਾਲ ਨੇ ਟੀਮ ਦੀ ਜਿੱਤ ਵਿੱਚ 2-2 ਅੰਕਾਂ ਦਾ ਯੋਗਦਾਨ ਪਾਇਆ। ਇਸੇ ਤਰ੍ਹਾਂ ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਫਾਜ਼ਿਲਕਾ ਦੀ ਟੀਮ ਨੇ ਲੁਧਿਆਣਾ ਨੂੰ 8-4 ਅੰਕਾਂ ਦੇ ਫਰਕ ਨਾਲ ਹਰਾ ਕੇ ਟਰਾਫੀ ਜਿੱਤੀ।