ਬਰਮਿੰਘਮ: ਭਾਰਤੀ ਮੁੱਕੇਬਾਜ਼ੀ ਸ਼ਿਵ ਥਾਪਾ ਨੇ ਰਾਸ਼ਟਰ ਮੰਡਲ ਖੇਡਾਂ ’ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਾਕਿਸਤਾਨੀ ਮੁੱਕੇਬਾਜ਼ ਸੁਲੇਮਾਨ ਬਲੋਚ ਨੂੰ ਹਰਾ ਕੇ 63.5 ਕਿਲੋਗ੍ਰਾਮ ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਥਾਂ ਪੱਕੀ ਕਰ ਲਈ ਹੈ। 28 ਸਾਲਾ ਥਾਪਾ ਨੇ ਇਕਪਾਸੜ ਮੁਕਾਬਲਾ 5-0 ਨਾਲ ਜਿੱਤ ਕੇ ਲਾਈਟ ਵੈਲਟਰ ਵੇਟ ਦੇ ਪ੍ਰੀ-ਕੁਆਰਟਰ ਫਾਈਨਲ ’ਚ ਥਾਂ ਬਣਾਈ ਹੈ। ਪੰਜ ਵਾਰ ਦਾ ਏਸ਼ਿਆਈ ਚੈਂਪੀਅਨਸ਼ਿਪ ਤਗ਼ਮਾ ਜੇਤੂ ਥਾਪਾ ਤਕਨੀਕੀ ਤੌਰ ’ਤੇ ਬਲੋਚ ਤੋਂ ਕਾਫੀ ਬਿਹਤਰ ਸੀ ਤੇ ਉਸ ਨੇ ਆਪਣੇ ਵਿਰੋਧੀ ਖਿਡਾਰੀ ਦੇ ਜ਼ਬਰਦਸਤ ਮੁੱਕੇ ਵਰ੍ਹਾਏ। ਵਿਸ਼ਵ ਚੈਂਪੀਅਨਸ਼ਿਪ ਦੇ ਸਾਬਕਾ ਕਾਂਸੀ ਤਗ਼ਮਾ ਜੇਤੂ ਨੇ ਰਿੰਗ ਅੰਦਰ ਜ਼ਬਰਦਸਤ ਫੁਰਤੀ ਦਿਖਾਈ। -ਪੀਟੀਆਈ