ਯਾਂਕਟਨ (ਅਮਰੀਕਾ): ਭਾਰਤੀ ਮਹਿਲਾ ਕੰਪਾਊਂਡ ਟੀਮ ਇੱਥੇ ਮੇਜ਼ਬਾਨ ਅਮਰੀਕਾ ਨੂੰ 226-225 ਅੰਕਾਂ ਨਾਲ ਹਰਾ ਕੇ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚ ਗਈ ਹੈ। ਦੂਜੇ ਪਾਸੇ ਪੁਰਸ਼ਾਂ ਦੀ ਟੀਮ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕੀ। ਪ੍ਰਿਯਾ ਗੁਰਜਰ, ਮੁਸਕਾਨ ਕਿਰਾਰ ਅਤੇ ਜੋਤੀ ਸੁਰੇਖਾ ਦੀ 7ਵਾਂ ਦਰਜਾ ਪ੍ਰਾਪਤ ਭਾਰਤੀ ਮਹਿਲਾ ਟੀਮ ਨੇ ਬੁੱਧਵਾਰ ਨੂੰ ਅਮਰੀਕਾ ਦੀ ਲਿੰਡਾ ਓਚੋਆ-ਐਂਡਰਸਨ, ਪੇਗ ਪੀਅਰਸ ਅਤੇ ਮਕੇਨਾ ਪ੍ਰੋਕਟਰ ਦੀ ਟੀਮ ਖ਼ਿਲਾਫ਼ ਕਰੀਬੀ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ। ਪਰ ਤਜਰਬੇਕਾਰ ਅਭਿਸ਼ੇਕ ਵਰਮਾ ਦੀ ਅਗਵਾਈ ਵਾਲੀ ਪੁਰਸ਼ਾਂ ਦੀ ਟੀਮ ਕੁਆਰਟਰ ਫਾਈਨਲ ਵਿੱਚ ਆਸਟਰੀਆ ਦੀ ਟੀਮ ਤੋਂ 235-238 ਅੰਕਾਂ ਦੇ ਫਰਕ ਨਾਲ ਹਾਰ ਗਈ। ਫਾਈਨਲ ਵਿੱਚ ਭਾਰਤੀ ਮਹਿਲਾ ਟੀਮ ਦਾ ਮੁਕਾਬਲਾ ਕੋਲੰਬੀਆ ਦੀ ਟੀਮ ਨਾਲ ਹੋਵੇਗਾ। ਕੋਲੰਬੀਆ ਦੀ ਟੀਮ ਫਰਾਂਸ ਨੂੰ 234-220 ਅੰਕਾਂ ਨਾਲ ਹਰਾ ਕੇ ਫਾਈਨਲ ’ਚ ਪਹੁੰਚੀ ਹੈ। -ਪੀਟੀਆਈ