ਸਾਂਵਲ ਧਾਮੀ
ਜੈਸਲਮੇਰ ਦੇ ਰਾਜੇ ਜੈਸਲ ਦੇ ਚਾਰ ਪੁੱਤਰਾਂ ’ਚੋਂ ਇੱਕ ਦਾ ਨਾਂ ਹੀਮ ਸੀ। ਹੀਮ ਦੇ ਪੁੱਤਰ ਜੋਂਦੋ ਰਾਏ ਦੇ ਪੁੱਤਰ ਦਾ ਨਾਂ ਸੀ ਛੰਦਪਾਲ। ਅਗਾਂਹ ਛੰਦਪਾਲ ਨੇ ਆਪਣੇ ਪੁੱਤਰ ਦਾ ਨਾਂ ਮੰਝਪਾਲ ਰੱਖਿਆ। ਮੰਝਪਾਲ ਦੀ ਔਲਾਦ ਮੰਝ ਰਾਜਪੂਤ ਜਾਂ ਮੰਝ ਭੱਟੀ ਅਖਵਾਈ।
ਇਹ ਕਬੀਲਾ ਸੈਂਕੜੇ ਵਰ੍ਹੇ ਸਤਲੁਜ ਦੇ ਚੜ੍ਹਦੇ ਪਾਸੇ ਕਾਬਜ਼ ਰਿਹਾ। ਤਲਵੰਡੀ ਅਤੇ ਰਾਏਕੋਟ ਇਨ੍ਹਾਂ ਦੇ ਵੱਡੇ ਗੜ੍ਹ ਸਨ। ਮੰਝ ਦੀ ਪੰਜਵੀਂ ਪੁਸ਼ਤ ’ਚ ਹੋਏ ਰਾਜਾ ਤੁਲਸੀ ਨੇ ਉੱਚ ਸ਼ਰੀਫ਼ ਦੇ ਹਜਰਤ ਮਖ਼ਦੂਮ ਜਹਾਨੀਆਂ ਜਹਾਨ ਦੇ ਹੱਥੋਂ ਇਸਲਾਮ ਕਬੂਲ ਕਰ ਲਿਆ ਤੇ ਉਹਦਾ ਨਵਾਂ ਨਾਂ ਸ਼ੇਖ਼ ਚਾਚੂ ਰੱਖਿਆ ਗਿਆ। ਇਹ ਗਿਆਸੂਦੀਨ ਤੁਗਲਕ ਦਾ ਦੌਰ ਸੀ। ਫ਼ਿਰੋਜ਼ਪੁਰ, ਲੁਧਿਆਣਾ, ਨਕੋਦਰ, ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ’ਚ ਮੰਝ ਰਾਜਪੂਤਾਂ ਦੇ ਕਾਫ਼ੀ ਪਿੰਡ ਸਨ। ਅਲਾਉਦੀਨ ਖਿਲਜੀ ਦੇ ਵੇਲੇ ਮੰਝ ਕਬੀਲੇ ਦੀ ਪੂਰੀ ਚੜ੍ਹਤ ਸੀ। ਇਸੀ ਦੌਰ ’ਚ ਕੁਰੜ ਪਿੰਡ ਦੇ ਮੰਝ ਰਾਜਪੂਤ ਵੀ ਮੁਸਲਮਾਨ ਹੋ ਗਏ ਸਨ। ਕੁਰੜ ਦੀ ਮੋਹੜੀ ਬਾਬੇ ਹੰਬੋ ਨੇ ਗੱਡੀ ਸੀ। ਉਹਦੇ ਪੁੱਤਰ ਕੁਰੜ ਦੇ ਨਾਂ ’ਤੇ ਇਸ ਪਿੰਡ ਦਾ ਨਾਂ ਰੱਖਿਆ ਗਿਆ ਸੀ। ਇੱਥੋਂ ਚਾਰ ਮੀਲ ਦੂਰ ਵਸਿਆ ਪਿੰਡ ਕਸਬਾ ਭਰਾਲ ਹਿੰਦੂ ਰਾਜਪੂਤਾਂ ਦਾ ਪਿੰਡ ਸੀ। ਇਸ ਪਿੰਡ ’ਚ ਚੌਧਰੀ ਦਾ ਨਿੱਕਾ ਜਿਹਾ ਕਿਲ੍ਹਾ ਵੀ ਹੁੰਦਾ ਸੀ। ਇਸ ਪਿੰਡ ਦੀ ਬਹੁਤੀ ਜ਼ਮੀਨ ਕਲਰਾਠੀ ਸੀ, ਪਰ ਇਹਦੀ ਦੱਖਣੀ ਗੁੱਠ ਬੜੀ ਜਰਖ਼ੇਜ਼ ਸੀ।
ਕਸਬਾ ਭਰਾਲ ਦੇ ਨਾਲ ਬਾਪੜਾ, ਲੋਹਗੜ੍ਹ, ਮਾਣਕੀ, ਸੰਦੋੜ, ਨਵਾਂ ਪਿੰਡ, ਛਾਪਾ ਤੇ ਕੁਰੜ ਪਿੰਡ ਲੱਗਦੇ ਨੇ। ਕੁਰੜ ਦੇ ਰਾਜਪੂਤ ਚੁਗਣ ਲਈ ਘੋੜੀਆਂ ਛੱਡਦੇ ਤਾਂ ਉਹ ਭੱਜ ਕੇ ਭਰਾਲ ਪਿੰਡ ਦੀ ਜੂਹ ’ਚ ਆ ਜਾਂਦੀਆਂ। ਭਰਾਲ ਵਾਲੇ ਉਨ੍ਹਾਂ ਨੂੰ ਫੜ ਲੈਂਦੇ। ਦੋਵਾਂ ਪਿੰਡਾਂ ਦੇ ਮੁਹਤਬਰ ਬੈਠਦੇ। ਫ਼ੈਸਲਾ ਹੁੰਦਾ। ਘੋੜੀਆਂ ਮੁੜਦੀਆਂ। ਕੁਝ ਦਿਨ ਲੰਘਦੇ। ਫਿਰ ਅਜਿਹਾ ਮਸਲਾ ਖੜੋ ਜਾਂਦਾ। ਕੁਰੜ ਵਾਲਿਆਂ ਨੂੰ ਹਰ ਵਾਰ ਝੁਕਣਾ ਪੈਂਦਾ।
ਕੁਰੜ ਵਾਲਿਆਂ ਦੂਰ ਦੀ ਚਾਲ ਸੋਚੀ। ਉਨ੍ਹਾਂ ਇਲਾਕੇ ਦੇ ਮਸ਼ਹੂਰ ਚੋਰਾਂ ਨਾਲ ਸੌਦਾ ਤੈਅ ਕੀਤਾ। ਉਨ੍ਹਾਂ ਚੋਰਾਂ ਨੇ ਦਿੱਲੀ ਦਰਬਾਰ ’ਚੋਂ ਘੋੜੀਆਂ ਚੋਰੀ ਕੀਤੀਆਂ। ਅੱਧੀ ਰਾਤੇ ਕਸਬੇ ਭਰਾਲ ਦੇ ਚੌਧਰੀ ਦੀ ਹਵੇਲੀ ’ਚ ਬੰਨ੍ਹ ਦਿੱਤੀਆਂ ਤੇ ਰਾਜੇ ਦੇ ਅਹਿਲਕਾਰਾਂ ਕੋਲ ਆਪ ਹੀ ਮੁਖ਼ਬਰੀ ਵੀ ਕਰ ਦਿੱਤੀ। ਰਾਜੇ ਦੇ ਸਿਪਾਹੀ ਆਏ। ਚੌਧਰੀ ਸਮੇਤ ਘੋੜੀਆਂ ਨੂੰ ਵੀ ਬੰਨ੍ਹ ਕੇ ਦਿੱਲੀ ਦਰਬਾਰ ਵੱਲ ਲੈ ਤੁਰੇ। ਕੁਰੜ ਵਾਲੇ ਮੰਝ ਰਾਜਪੂਤਾਂ ਕਸਬਾ ਭਰਾਲ ’ਤੇ ਹਮਲਾ ਕਰ ਦਿੱਤਾ। ਹਿੰਦੂ ਰਾਜਪੂਤ ਇੱਥੋਂ ਹਿਜਰਤ ਕਰ ਗਏ ਤੇ ਕਸਬਾ ਭਰਾਲ ਕੁਰੜ ਪਿੰਡ ਦੇ ਮੁਸਲਮਾਨ ਰਾਜਪੂਤਾਂ ਨੇ ਮੱਲ ਲਿਆ।
ਰਾਏ ਫੀਦੇ ਖਾਂ, ਰਾਏ ਬਹਾਦਰ ਖਾਂ, ਰਾਏ ਫ਼ਿਰੋਜ਼ ਖਾਂ, ਰਾਏ ਦਿਲਾਵਰ ਖਾਂ, ਰਾਏ ਸੈਅਦ ਖਾਂ ਤੇ ਰਾਏ ਕਮਾਲ ਖਾਂ; ਇਹ ਛੇ ਲਾਣੇ ਕੁਰੜ ’ਚੋਂ ਕਸਬੇ ਭਰਾਲ ’ਚ ਆਏ ਸਨ। ਇਨ੍ਹਾਂ ਲਾਣੇਦਾਰਾਂ ਦੇ ਨਾਵਾਂ ’ਤੇ ਇਸ ਪਿੰਡ ਦੀਆਂ ਛੇ ਪੱਤੀਆਂ ਬਣੀਆਂ। ਹਰ ਪੱਤੀ ’ਚ ਮਸਜਿਦ ਉਸਾਰੀ ਗਈ। ਹਰ ਪੱਤੀ ’ਚ ਤਕੀਆ ਬਣਾਇਆ ਗਿਆ। ਹਰ ਤਕੀਏ ’ਚ ਇੱਕ ਪੀਰ ਬੈਠਾ ਹੁੰਦਾ ਸੀ। ਹੁੱਕੇ ਮੱਘਦੇ ਰਹਿੰਦੇ ਸਨ ਤੇ ਮਜਲਿਸਾਂ ਲੱਗਦੀਆਂ ਰਹਿੰਦੀਆਂ ਸਨ।
ਘੋੜੀਆਂ ਦੇ ਪਿੱਛੇ ਆਏ ਮੁਸਲਮਾਨਾਂ ਨੇ ਥੋੜ੍ਹੇ ਵਰ੍ਹਿਆਂ ’ਚ ਹਿੰਦੂਆਂ ਦੇ ਇਸ ਪਿੰਡ ਨੂੰ ਆਪਣੇ ਰੰਗ-ਢੰਗ ’ਚ ਢਾਲ ਲਿਆ। ਬੋਹੜ, ਪਿੱਪਲ ਤੇ ਬੇਰੀਆਂ ’ਚ ਘਿਰਿਆ ਇਹ ਪਿੰਡ ਪਟਿਆਲਾ ਰਿਆਸਤ ਦਾ ਵੱਡਾ ਤੇ ਮਸ਼ਹੂਰ ਪਿੰਡ ਹੋ ਗਿਆ। ਇਸ ਪਿੰਡ ’ਚ ਅੱਧੇ ਮੁਸਲਮਾਨ ਜ਼ਿਮੀਂਦਾਰ ਅਤੇ ਅੱਧੇ ਹਿੰਦੂ ਕਿਰਤੀ ਲੋਕ ਵੱਸਦੇ ਸਨ। ਰਾਜਪੂਤ ਖੂਹਾਂ ਦੀ ਖੇਤੀ ਕਰਦੇ ਤੇ ਉਨ੍ਹਾਂ ਨਾਲ ਕਿਰਤੀਆਂ ਦਾ ਇੱਕ ਘਰ ਜੁੜਿਆ ਹੁੰਦਾ ਸੀ। ‘ਹਾਜੀ’ ਸਭ ਨਾਲੋਂ ਵੱਡਾ ਜ਼ਿਮੀਂਦਾਰ ਸੀ। ਉਹਦੇ ਬਾਈ ਖੂਹ ਸਨ। ਉਹ ਗ਼ਰੀਬ ਲੋਕਾਂ ਦਾ ਮਦਦਗਾਰ ਸੀ।
ਵਕਤ ਨੇ ਕਰਵਟ ਬਦਲੀ। ਪਾਕਿਸਤਾਨ ਬਣਨ ਦਾ ਐਲਾਨ ਹੋ ਗਿਆ। ਆਜ਼ਾਦੀ ਆਪਣੇ ਨਾਲ ਵੰਡੀਆਂ ਵੀ ਲੈ ਆਈ। ਕਸਬਾ ਭਰਾਲ ਦੇ ਮੁਸਲਮਾਨ ਬੜੇ ਦਿਨ ਅੜ ਕੇ ਬੈਠੇ ਰਹੇ। ਜਿਸ ਦਿਨ ਮੰਝ ਰਾਜਪੂਤਾਂ ਦੇ ਵੱਡੇ ਪਿੰਡ ਆਂਡਲੂ ’ਤੇ ਹਮਲਾ ਹੋਇਆ ਤਾਂ ਇਸ ਪਿੰਡ ਦੇ ਚੌਧਰੀਆਂ ਨੇ ਵੀ ਪਿੰਡ ਛੱਡਣ ਦਾ ਫ਼ੈਸਲਾ ਕਰ ਲਿਆ। ਇਹ ਪਿੰਡ ਪਟਿਆਲਾ ਰਿਆਸਤ ਤੇ ਜ਼ਿਲ੍ਹੇ ਬਰਨਾਲਾ ਦਾ ਪਿੰਡ ਸੀ। ਮਾਲੇਰਕੋਟਲਾ ਰਿਆਸਤ ਦੀ ਹੱਦ ਇਸ ਤੋਂ ਬਹੁਤੀ ਦੂਰ ਨਹੀਂ ਸੀ। ਇੱਥੋਂ ਦੇ ਮੁਸਲਮਾਨ ਸਹੀ ਸਲਾਮਤ ਮਾਲੇਰਕੋਟਲਾ ਪਹੁੰਚ ਗਏ ਜਿੱਥੋਂ ਦੇ ਰਾਜੇ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ।
ਮਹੀਨੇ ਕੁ ਬਾਅਦ ਭਰਾਲ ਵਾਲੇ ਰੇਲ ਗੱਡੀ ’ਚ ਬੈਠ ਕੇ ਲਹਿੰਦੀ ਦਿਸ਼ਾ ਵੱਲ ਤੁਰ ਗਏ। ਉਨ੍ਹਾਂ ’ਚੋਂ ਇੱਕ ਬੰਦਾ ਸਟੇਸ਼ਨ ’ਤੇ ਖੜ੍ਹਾ ਰਹਿ ਗਿਆ। ਉਹਦਾ ਨਾਂ ਅਲੀ ਅਹਿਮਦ ਸੀ। ਉਸ ਵਕਤ ਉਹਦੀ ਉਮਰ ਅੰਦਾਜ਼ਨ ਪੰਦਰਾਂ ਕੁ ਵਰ੍ਹੇ ਸੀ। ਕਸਬਾ ਭਰਾਲ ਸਿਆਲਕੋਟੀਆਂ ਨੂੰ ਅਲਾਟ ਹੋਇਆ। ਇਸ ਵਿੱਚ ਜੰਡੂ ਸਾਹੀਆਂ ਅਤੇ 225 ਚੱਕ ਮਲਖਾਂਵਾਲੇ ਦੇ ਸਾਹੀ, ਠੱਠਾ ਪਿੰਡ ਦੇ ਢਿੱਲੋਂ, ਤ੍ਰਿਗੜੀ ਦੇ ਚੀਮੇ ਤੇ ਕੁਝ ਹੋਰ ਪਿੰਡਾਂ ਦੇ ਲੋਕ ਵੀ ਆਏ। ਛੇ ਪੱਤੀਆਂ ਵਾਲਾ ਕਸਬਾ ਭਰਾਲ ਤਿੰਨ ਪੱਤੀਆਂ ਦਾ ਪਿੰਡ ਹੋ ਗਿਆ। ਜੰਡੂ, ਠੱਠਾ ਤੇ ਮਲਖਾਂ; ਸਿਆਲਕੋਟੀਆਂ ਨੇ ਜੱਦੀ ਪਿੰਡਾਂ ਦੇ ਨਾਵਾਂ ’ਤੇ ਇਨ੍ਹਾਂ ਪੱਤੀਆਂ ਦੇ ਨਾਂ ਰੱਖ ਲਏ।
ਵੰਡ ਤੋਂ ਕੁਝ ਸਮੇਂ ਬਾਅਦ ਦੀ ਗੱਲ ਏ। ਅਲੀ ਅਹਿਮਦ ਮਾਲੇਰਕੋਟਲਾ ਤੋਂ ਆਪਣੇ ਪਿੰਡ ਡਰਦਾ-ਡਰਦਾ ਆਇਆ। ਉਹ ਗਲ਼ੀਆਂ ਗਾਹੁੰਦਾ ਰਿਹਾ। ਗੁਆਚੇ ਰੰਗਾਂ ਅਤੇ ਰੌਣਕਾਂ ਨੂੰ ਯਾਦ ਕਰਕੇ ਅੰਦਰੋਂ-ਅੰਦਰੀ ਰੋਂਦਾ ਰਿਹਾ। ਵਿਰਾਨ ਮਸਜਿਦਾਂ ਅਤੇ ਉੱਜੜੇ ਤਕੀਏ ਵੇਖਦਿਆਂ ਉਹਦੇ ਦਿਲ ਦਾ ਰੁੱਗ ਭਰਿਆ ਜਾਂਦਾ। ਉਹਨੂੰ ਪਿੰਡ ਦੇ ਪਹਿਲਵਾਨ, ਚੌਧਰੀ, ਚਾਚੇ-ਤਾਏ, ਅੱਬਾ-ਬੇਬੇ, ਭੈਣ-ਭਾਈ ਤੇ ਸਭ ਹਾਣੀ ਯਾਦ ਆ ਰਹੇ ਸਨ। ਆਖਰ ਉਹ ਆਪਣੇ ਘਰ ਅਤੇ ਆਵੇ ਵਾਲੀ ਥਾਂ ’ਤੇ ਗਿਆ। ਸਭ ਕੁਝ ਗੁਆਚ ਗਿਆ ਸੀ। ਚੁਫ਼ੇਰੇ ਕੱਚੇ ਭਾਂਡਿਆਂ ਦੀਆਂ ਠੀਕਰੀਆਂ ਖਿੱਲਰੀਆਂ ਪਈਆਂ ਸਨ। ਉਹਨੂੰ ਚੱਕ ’ਤੇ ਬੈਠਾ ਬਾਪੂ ਯਾਦ ਆ ਗਿਆ ਤੇ ਉਹ ਰੋ ਪਿਆ।
“ਕਿਉਂ ਬਈ ਜਵਾਨਾਂ, ਕੀ ਪਿਆ ਵਹਿੰਦਾਂ ਏ?” ਮਲਖਾਂਵਾਲੀਆ ਸਾਹੀ ਉਹਦੇ ਨਜ਼ਦੀਕ ਆਉਂਦਿਆਂ ਬੋਲਿਆ।
“ਬਾਬਾ, ਇੱਥੇ ਸਾਡਾ ਆਵਾ ਹੁੰਦਾ ਸੀ। ਅੱਬਾ ਮਿੱਟੀ ਦੇ ਭਾਂਡੇ ਬਣਾਉਂਦਾ। ਮਾਂ ਤੇ ਅਸੀਂ ਸਾਰੇ ਭੈਣ-ਭਾਈ ਮਿੱਟੀ ਲਿਆਉਂਦੇ ਤੇ ਗੁੰਨ੍ਹਦੇ। ਉਸ ਸਭ ਕੁਸ਼ ਨੂੰ ਲੱਭ ਰਿਹਾਂ, ਪਰ ਦਿੱਸਦਾ ਕੁਝ ਨਹੀਂ। ਨਾ ਅੱਬਾ, ਨਾ ਅੰਮੀ, ਨਾ ਭੈਣ, ਨਾ ਭਾਈ, ਨਾ ਕੋਈ ਸੱਜਣ, ਨਾ ਬੇਲੀ।” ਉਹਦੇ ਬੋਲ ਭਾਰੇ ਹੋ ਗਏ।
“ਪੁੱਤਰਾ, ਉਦਾਸ ਨਾ ਹੋ। ਇਸ ਚੰਦਰੇ ਸੰਤਾਲੀ ਨੇ ਤਾਂ ਸਾਰਿਆਂ ਨੂੰ ਇੰਜ ਹੀ ਰੋਲਿਆ ਏ। ਅਸੀਂ ਵੀ ਰਿਸ਼ਤੇ ਤੇ ਪਿੰਡ ਗੁਆ ਕੇ ਇੱਥੇ ਪਹੁੰਚੇ ਆਂ। ਇਉਂ ਕਰ, ਤੂੰ ਪਿੰਡ ਮੁੜ ਆ। ਆਪਣੇ ਬਾਪੂ ਨੂੰ ਵੀ ਲੈ ਆ। ਸਾਡੇ ਘੁਮਿਆਰ ਤਾਂ ਰਹਿ ਗਏ ਓਧਰ।
ਤੁਸੀਂ ਮੁੜ ਤੋਂ ਚਲਾ ਲਓ, ਕੰਮ ਆਪਣਾ।” ਬਜ਼ੁਰਗ ਸਾਹੀ ਨੇ ਸਲਾਹ ਦਿੱਤੀ।
“ਅੱਬਾ-ਅੰਮੀ ਤੇ ਸਭ ਭੈਣ-ਭਾਈ ਪਾਕਿਸਤਾਨ ਚਲੇ ਗਏ।” ਇਹ ਆਖ ਅਲੀ ਅਹਿਮਦ ਚੁੱਪ ਹੋ ਗਿਆ।
“ਤੂੰ ਦਿਲ ਛੋਟਾ ਨਾ ਕਰ ਸੋਹਣਿਆਂ। ਸਾਡਾ ਵੀ ਇੱਕ ਭਾਈ ਓਧਰ ਰਹਿ ਗਿਆ ਏ। ਇਸ ਸੰਤਾਲੀ ਨੇ ਬੜੇ ਟੱਬਰ ਵੰਡ ਛੱਡੇ ਨੇ। ਹੁਣ ਤੂੰ ਆਪਣੇ ਬਾਰੇ ਸੋਚ। ਜੇ ਤੈਨੂੰ ਕੋਈ ਸੰਸਾ ਤਾਂ ਚਾਰ ਬੰਦਿਆਂ ’ਚ ਬੈਠ ਕੇ ਗੱਲ ਕਰ ਲੈਂਦੇ ਆਂ।”
ਬਜ਼ੁਰਗ ਸਾਹੀ, ਅਲੀ ਅਹਿਮਦ ਨੂੰ ਬੋਹੜ ਥੱਲੇ ਲੈ ਗਿਆ। ਉੱਥੇ ਸਿਆਲਕੋਟੀ ਬਾਬਿਆਂ ਦੀ ਮਹਿਫ਼ਲ ਲੱਗੀ ਹੋਈ ਸੀ। ਬਜ਼ੁਰਗ ਨੇ ਸਾਰੀ ਕਹਾਣੀ ਦੱਸੀ। ਉਦੋਂ ਕੱਚੇ ਭਾਂਡਿਆਂ ਦੀ ਲੋੜ ਤਾਂ ਹਰ ਘਰ ’ਚ ਸੀ। ਬਜ਼ੁਰਗ ਦੀ ਤਜਵੀਜ਼ ਨੂੰ ਸਾਰੇ ਪਰ੍ਹੇ ਨੇ ਖਿੜੇ-ਮੱਥੇ ਕਬੂਲ ਕਰ ਲਿਆ। ਕੁਝ ਦਿਨਾਂ ਬਾਅਦ ਅਲੀ ਅਹਿਮਦ ਪਿੰਡ ਮੁੜ ਆਇਆ। ਉੱਜੜ ਕੇ ਆਇਆਂ ਨੇ ਘਰ ਵਸਾਉਣ ’ਚ ਉਹਦੀ ਬੜੀ ਮਦਦ ਕੀਤੀ। ਉਹਨੇ ਮੁੜ ਤੋਂ ਆਪਣਾ ਢਾਰਾ ਉਸਾਰਿਆ ਤੇ ਚੱਕ ਵੀ ਲਗਾ ਲਿਆ। ਕੁਝ ਸਾਲ ਪਹਿਲਾਂ ਜਿੱਥੇ ਉਹਦਾ ਅੱਬਾ ਬੈਠਦਾ ਹੁੰਦਾ ਸੀ, ਓਥੇ ਉਹ ਬੈਠ ਗਿਆ। ਉਹ ਬਜ਼ੁਰਗ ਅਲੀ ਅਹਿਮਦ ਕੋਲ ਅਕਸਰ ਆਣ ਬੈਠਦਾ। ਅਲੀ ਅਹਿਮਦ ਤੁਰ ਗਏ ਚਿਹਰਿਆਂ ਦੀ ਬਾਤ ਪਾਉਂਦਾ ਤੇ ਬਜ਼ੁਰਗ ਗੁਆਚੇ ਚੱਕ ਤੇ ਵਿੱਛੜੇ ਭਰਾ ਦੀਆਂ ਗੱਲਾਂ ਕਰਦਾ ਰਹਿੰਦਾ। ਉਹ ਆਪਬੀਤੀ ਦੱਸਣ ਲੱਗਿਆ, “ਸਿਆਲਕੋਟ ਤੋਂ ਸਾਡੇ ਬਜ਼ੁਰਗ ਬਾਰ ’ਚ ਚਲੇ ਗਏ ਸਨ। ਸਾਡਾ ਚੱਕ ਨੰਬਰ 225 ਮਲਖਾਂਵਾਲਾ ਸੀ। ਵੰਡ ਤੋਂ ਰਤਾ ਅਗੇਤਰੀ ਗੱਲ ਏ। ਅਸੀਂ ਕਮਾਦ ਬੀਜਣ ਡਹੇ ਸੀ ਕਿ ਪਿੰਡ ਦਾ ਮੁਸਲਮਾਨ ਗੁਲਾਮ ਰਸੂਲ ਆਂਹਦਾ-ਬੀਜ ਲਓ। ਬੀਜ ਲਓ। ਇਸ ਵਾਰ ਫ਼ਸਲਾਂ ਅਸੀਂ ਵੱਢਣੀਆਂ ਨੇ। ਮੇਰਾ ਪਿਉ ਮੂਹਰਿਓਂ ਟੁੱਟ ਕੇ ਪੈ ਗਿਆ। ਉਦੋਂ ਤਾਂ ਇਉਂ ਲੱਗਦਾ ਸੀ ਕਿ ਸਾਡੀਆਂ ਪਾਤਾਲ ਜੜ੍ਹਾਂ ਨੇ, ਪਰ ਦੇਖਦੇ-ਦੇਖਦੇ ਸਭ ਰੰਗ-ਢੰਗ ਬਦਲ ਗਏ। ਅਸੀਂ ਓਥੋਂ ਬਾਈ ਭਾਦੋਂ ਨੂੰ ਨਿਕਲੇ ਆਂ। ਮੇਰੇ ਪਿਉ ਦਾ ਨਾਂ ਦੀਵਾਨ ਸਿੰਘ ਸੀ। ਉਹਦੇ ਚਾਰ ਪੁੱਤਰ ਸਨ। ਕਰਤਾਰ ਸਿੰਘ, ਕੇਸਰ ਸਿੰਘ, ਗੁਰਬਚਨ ਸਿੰਘ ਤੇ ਸ਼ਿੰਗਾਰਾ ਸਿੰਘ। ਮੇਰੇ ਸਕੇ ਚਾਚੇ ਦਾ ਪੁੱਤਰ ਦਲੀਪ ਸਿੰਘ ਸੀ। ਉਹਦੀ ਪਹਿਲਾਂ ਤੋਂ ਅਫ਼ਸਰਾਂ ਨਾਲ ਬਣੀ ਹੋਈ ਸੀ ਤੇ ਉਹਦੀਆਂ ਬਹੁਤੀਆਂ ਯਾਰੀਆਂ ਵੀ ਮੁਸਲਮਾਨਾਂ ਨਾਲ ਸਨ। ਤੁਰਨ ਲੱਗਿਆਂ ਅਸੀਂ ਬੜਾ ਜ਼ੋਰ ਲਾਇਆ। ਉਹ ਕਹਿੰਦਾ-ਮੈਂ ਕਿਤੇ ਨਈਂ ਜਾਣਾ। ਉਹ ਓਥੇ ਰਹਿ ਗਿਆ। ਉਹਦੀਆਂ ਦੋਵੇਂ ਭੈਣਾਂ ਇੱਧਰ ਆ ਗਈਆਂ। ਉਹ ਪਹਿਲਾਂ ਗੁਰਾਇਆਂ ਦੇ ਵਿਆਹਿਆ ਹੋਇਆ ਸੀ ਤੇ ਫਿਰ ਮੁਸਲਮਾਨਾਂ ਉਹਦਾ ਇੱਕ ਹੋਰ ਵਿਆਹ ਕਰ ਦਿੱਤਾ। ਉਹਨੂੰ ਪਿੰਡ ’ਚੋਂ ਹੀ ਰਿਸ਼ਤਾ ਦੇ ਦਿੱਤਾ ਤੇ ਉਹਨੂੰ ਆਪਣੀ ਸ਼ਰ੍ਹਾ ’ਚ ਲੈ ਆਂਦਾ। ਉਸ ਦਾ ਇੱਕ ਪੁੱਤਰ ਪਹਿਲਾਂ ਤੋਂ ਸੀ ਤੇ ਦੂਜੇ ਵਿਆਹ ’ਚੋਂ ਉਹਦੇ ਸੱਤ ਮੁੰਡੇ ਹੋਏ।”
ਬਜ਼ੁਰਗ ਤੇ ਅਲੀ ਅਹਿਮਦ ਦੀਆਂ ਗੱਲਾਂ ਸੂਰਜ ਡੁੱਬਣ ਤੱਕ ਚੱਲਦੀਆਂ ਰਹਿੰਦੀਆਂ। ਗੱਲਾਂ ਕਰਦੇ-ਕਰਦੇ ਉਹ ਕਦੇ ਹੱਸਣ ਅਤੇ ਕਦੇ ਰੋਣ ਲੱਗ ਜਾਂਦੇ।
ਪਾਕਿਸਤਾਨ ਬਣਨ ਤੋਂ ਸੱਤ ਕੁ ਸਾਲ ਬਾਅਦ ਦੀ ਗੱਲ ਏ। ਦਲੀਪ ਸਿੰਘ ਆਪਣੇ ਭਰਾਵਾਂ ਤੇ ਪਿੰਡ ਵਾਲਿਆਂ ਨੂੰ ਮਿਲਣ ਕਸਬੇ ਭਰਾਲ ਆਇਆ। ਕਤਰੀਆਂ ਮੁੱਛਾਂ, ਸਲਵਾਰ ਕਮੀਜ਼ ਤੇ ਕੁੱਲੇ ਵਾਲੀ ਪੱਗ; ਉਹ ਪਛਾਣਿਆ ਨਹੀਂ ਸੀ ਜਾ ਰਿਹਾ। ਉਹਨੂੰ ਕੋਈ ਦਲੀਪ ਸਿੰਘ ਆਖ ਜੱਫੀ ਪਾਉਂਦਾ ਤਾਂ ਉਹ ਠੰਢਾ ਹਉਕਾ ਭਰ ਕੇ ਹੌਲੀ ਜਿਹੀ ਆਖਦਾ-ਓ ਭਾਈ, ਮੈਂ ਹੁਣ ਗੁਲਾਮ ਕਾਦਿਰ ਆਂ।
ਉਹ ਮਹੀਨਾ ਭਰ ਕਸਬੇ ਭਰਾਲ ’ਚ ਰਿਹਾ। ਦਿਨ-ਰਾਤ ਹੋਈਆਂ-ਬੀਤੀਆਂ ਕਰਦਾ ਰਿਹਾ। ਜਾਣ ਲੱਗਿਆਂ ਉਹ ਪਿੰਡ ਵਾਲਿਆਂ ਨੂੰ ਮਲਖਾਂਵਾਲੇ ਦੀ ਫੇਰੀ ਦਾ ਸੱਦਾ ਵੀ ਦੇ ਗਿਆ ਸੀ। ਏਧਰੋਂ ਤਾਂ ਓਧਰ ਕੋਈ ਨਾ ਗਿਆ, ਪਰ ਉਹ ਮੁੜ ਵੀ ਕਈ ਵਾਰ ਆਇਆ ਤੇ ਕਸਬੇ ਭਰਾਲ ’ਚ ਛੇ-ਛੇ ਮਹੀਨੇ ਰਹਿੰਦਾ ਰਿਹਾ।
ਇੱਕ ਸ਼ਾਮ ਦੀ ਗੱਲ ਏ। ਮਲਖਾਂਵਾਲੀਏ
ਸਾਹੀ ‘ਸ਼ੁਗਲ ਮੇਲਾ’ ਕਰ ਰਹੇ ਸਨ। ਗੁਲਾਮ ਕਾਦਰ ਦੇ ਤਾਏ ਦਾ ਪੁੱਤਰ ਬੋਲਿਆ,“ਤੈਨੂੰ ਯਾਦ ਆ ਦਲੀਪ ਸਿਆਂ ਕਿ ਅਸੀਂ ਕੱਠੇ ਦਾਰੂ ਪੀਂਦੇ ਹੁੰਦੇ ਸਾਂ। ਸਾਡੇ ਮੋਢਿਆਂ ’ਤੇ ਸੰਮਾਂ ਵਾਲੀਆਂ ਡਾਂਗਾਂ ਹੁੰਦੀਆਂ ਤੇ ਅਸੀਂ ਬੱਕਰੇ ਬੁਲਾਉਂਦੇ ਮੇਲਿਆਂ ’ਤੇ ਜਾਂਦੇ। ਤੂੰ ਤੇ ਹੁਣ ਸਾਰੇ ਦਾ ਸਾਰਾ ਬਦਲ ਗਿਆਂ ਏ। ਜੇ ਤੂੰ ਸਾਡੇ ਨਾਲ ਦਾਰੂ ਨਈਂ ਪੀਣੀ ਤਾਂ ਅਸੀਂ ਤੇਰਾ ਜੂਠਾ ਕਿਉਂ ਖਾਈਏ?”
ਗੁਲਾਮ ਕਾਦਿਰ ਕੁਝ ਨਾ ਬੋਲਿਆ। ਉਹ ਠੰਢਾ ਹਉਕਾ ਭਰਦਿਆਂ ਉੱਠਿਆ। ਆਪਣਾ ਝੋਲਾ ਚੁੱਕਿਆ ਤੇ ਭਰਾਵਾਂ ਦੇ ਰੋਕਦੇ-ਰੋਕਦੇ ਘਰੋਂ ਨਿਕਲ ਤੁਰਿਆ। ਗਲੀ ’ਚ ਆਉਂਦਿਆਂ ਉਹਨੂੰ ‘ਮੁੜ ਆ-ਮੁੜ ਆ’ ਦੀਆਂ ਆਵਾਜ਼ਾਂ ਸੁਣੀਆਂ। ਉਹਨੇ ਮੋੜ ਤੋਂ ਮੁੜ ਕੇ ਵੇਖਿਆ। ਉਹਦੇ ਪਿੱਛੇ ਕੋਈ ਨਹੀਂ ਸੀ ਆ ਰਿਹਾ। ਉਹਦੀ ਭੁੱਬ ਨਿਕਲ ਗਈ। ਮਸੀਂ ਪੈਰ ਪੁੱਟਦਾ ਉਹ ਅਲੀ ਅਹਿਮਦ ਦੇ ਆਵੇ ’ਤੇ ਪਹੁੰਚਿਆ। ਉਹਦੀਆਂ ਅੱਖਾਂ ’ਚ ਅੱਥਰੂ ਵੇਖਦਿਆਂ ਅਲੀ ਅਹਿਮਦ ਨੇ ਪੁੱਛਿਆ- ਕੀ ਹੋਇਆ?
“ਮੈਨੂੰ ਸੰਦੌੜੇ ਤੋਂ ਟਾਂਗੇ ’ਤੇ ਚੜ੍ਹਾ ਆ!” ਉਹਨੇ ਬਸ ਇੰਨਾ ਕੁ ਆਖਿਆ। ਅਲੀ ਅਹਿਮਦ ਉਹਦੇ ਨਾਲ ਤੁਰ ਪਿਆ।
ਸੰਦੌੜੇ ਤੱਕ ਉਹਨੇ ਕੋਈ ਗੱਲ ਨਾ ਕੀਤੀ। ਸੰਦੌੜਾ ਆ ਗਿਆ। ਬੜੀ ਮੁਸ਼ਕਲ ਨਾਲ ਟਾਂਗੇ ਵਾਲਾ ਮਿਲਿਆ। ਵਿੱਛੜਨ ਲੱਗਿਆਂ ਗੁਲਾਮ ਕਾਦਿਰ ਨੇ ਅਲੀ ਅਹਿਮਦ ਨੂੰ ਜੱਫੀ ’ਚ ਲੈਂਦਿਆਂ ਅੱਧ-ਰੋਂਦੀ ਆਵਾਜ਼ ’ਚ ਬੋਲਿਆ,“ਜਿਨ੍ਹਾਂ ਆਪਣੀਆਂ ਜੰਮਣ-ਭੋਆਂ ਦੇ ਸਿਰ ਤੋਂ ਲਹੂ ਦੇ ਰਿਸ਼ਤੇ ਵਾਰ ਦਿੱਤੇ, ਉਨ੍ਹਾਂ ਦਾ ਦੁੱਖ ਤੈਨੂੰ ਪਤਾ ਜਾਂ ਮੈਨੂੰ ਪਤਾ। ਸਾਡੇ ਦਿਲਾਂ ਦੀਆਂ ਹੋਰ ਕੋਈ ਨਹੀਂ ਜਾਣ ਸਕਦਾ। ਹੁਣ ਮੈਂ ਕਦੇ ਨਈਂ ਆਉਣਾ!” ਇਹ ਆਖ ਉਹ ਡੁਸਕਦਾ ਹੋਇਆ ਕੋਟਲੇ ਵਾਲੇ ਟਾਂਗੇ ’ਤੇ ਚੜ੍ਹ ਗਿਆ।
ਇਹ ਸਾਰੀ ਕਹਾਣੀ ਮੈਨੂੰ ਦਲੀਪ ਸਿੰਘ ਦੇ ਭਤੀਜੇ ਜਸਵੰਤ ਸਿੰਘ ਸਾਹੀ ਨੇ ਸੁਣਾਈ।
ਸੰਪਰਕ: 97818-43444