ਹੈਦਰਾਬਾਦ: ਬੌਲੀਵੁੱਡ ਦੇ ਉੱਘੇ ਨਿਰਮਾਤਾ ਕਰਨ ਜੌਹਰ ਦੀ ਫਿਲਮ ‘ਬ੍ਰਹਮਾਸਤਰ: ਪਾਰਟ ਵਨ’ ਸ਼ਿਵਾ 9 ਸਤੰਬਰ ਨੂੰ ਦੇਸ਼ ਭਰ ਵਿਚ ਰਿਲੀਜ਼ ਹੋਵੇਗੀ। ਕਰਨ ਜੌਹਰ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਇਸ ਫਿਲਮ ਰਾਹੀਂ ਦੇਸ਼ ਦੇ ਕੋਨੇ-ਕੋਨੇ ਤੱਕ ਦਰਸ਼ਕਾਂ ਕੋਲ ਪਹੁੰਚਣਾ ਹੈ। ਅਯਾਨ ਮੁਖਰਜੀ ਦੇ ਨਿਰਦੇਸ਼ਨ ਹੇਠ ਤਿਆਰ ਇਸ ਫਿਲਮ ਵਿਚ ਮੁੱਖ ਅਦਾਕਾਰ ਰਣਬੀਰ ਕਪੂਰ ਤੇ ਆਲੀਆ ਭੱਟ ਹਨ ਜਦਕਿ ਫਿਲਮ ਵਿਚ ਸੁਪਰਸਟਾਰ ਅਮਿਤਾਭ ਬੱਚਨ, ਨਾਗਾਰਜੁਨ ਤੇ ਮੌਨੀ ਰੌਏ ਸਹਿ ਅਦਾਕਾਰ ਵਜੋਂ ਨਜ਼ਰ ਆਉਣਗੇ। ਇਹ ਫਿਲਮ ਤਾਮਿਲ, ਤੇਲਗੂ, ਕੰਨੜ ਤੇ ਮਲਿਆਲਮ ਭਾਸ਼ਾ ਵਿੱਚ ਵੀ ਰਿਲੀਜ਼ ਕੀਤੀ ਜਾਵੇਗੀ। ਕਰਨ ਜੌਹਰ ਨੇ ਫ਼ਿਲਮ ਦੀ ਸਟਾਰ ਕਾਸਟ ਸਣੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੌਲੀਵੁੱਡ ਨੂੰ ਅੱਜ ਕੱਲ੍ਹ ਕਈ ਨਾਂ ਦਿੱਤੇ ਜਾ ਰਹੇ ਹਨ ਪਰ ਇਹ ਭਾਰਤੀ ਸਿਨੇਮਾ ਹੈ ਤੇ ਉਹ ਇਸ ਫਿਲਮ ਰਾਹੀਂ ਦੇਸ਼ ਭਰ ਦੇ ਦਰਸ਼ਕਾਂ ਦੇ ਦਿਲ ’ਚ ਉਤਰਨ ਦਾ ਯਤਨ ਕਰਨਗੇ। ਇਸ ਮੌਕੇ ਆਰਆਰਆਰ ਦੇ ਨਿਰਦੇਸ਼ਕ ਐਸਐਸ ਰਾਜਮੌਲੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਉਤਰ ਤੇ ਦੱਖਣ ਭਾਰਤ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਫਿਲਮ ‘ਬ੍ਰਹਮਾਸਤਰ: ਪਾਰਟ ਵਨ ਸ਼ਿਵਾ’ ਸਟਾਰ ਸਟੂਡੀਓਜ਼, ਧਰਮਾ ਪ੍ਰੋਡਕਸ਼ਨਜ਼, ਪ੍ਰਾਈਮ ਫੋਕਸ ਤੇ ਸਟਾਰਲਾਈਟ ਪਿਕਚਰਜ਼ ਦੇ ਸਾਂਝੇ ਉੱਦਮ ਨਾਲ ਤਿਆਰ ਕੀਤੀ ਗਈ ਹੈ। -ਪੀਟੀਆਈ