ਮੁੰਬਈ: ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫਿਲਮ ‘ਸਰਦਾਰ ਊਧਮ’ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਤੇ ਹੱਲਾਸ਼ੇਰੀ ਮਿਲ ਰਹੀ ਹੈ। ਇਸ ਫਿਲਮ ਵਿੱਚ ਊਧਮ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਵਿੱਕੀ ਕੌਸ਼ਲ ਦੀ ਅਦਾਕਾਰੀ ਦੀ ਸ਼ਲਾਘਾ ਹੋ ਰਹੀ ਹੈ। ਉਸਨੇ ਆਪਣੇ ਕੰਮ ਨੂੰ ਪਸੰਦ ਕਰਨ ਅਤੇ ਫਿਲਮ ਨੂੰ ਇੰਨਾ ਪਿਆਰ ਦੇਣ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ। ਵਿੱਕੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਲੱਡੂ ਫੜ ਕੇ ਆਪਣੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, ‘ਅੱਜ ਦਸ ਦਿਨ ਹੋ ਗਏ ਹਨ ਤੇ ਜਿਸ ਅੰਦਾਜ਼ ਨਾਲ ਤੁਸੀਂ ਇਸ ਫਿਲਮ ਨੂੰ ਆਪਣਾ ਪਿਆਰ ਬਖ਼ਸ਼ਿਆ ਹੈ ਤੇ ਪਸੰਦ ਕੀਤਾ ਹੈ, ਇਹ ਪੂਰੀ ਟੀਮ ਲਈ ਬਹੁਤ ਮਾਣ ਵਾਲੀ ਗੱਲ ਹੈ। ਊਧਮ ਸਿੰਘ ਦੇ ਅੰਦਾਜ਼ ਵਿੱਚ ਇਸ ਖੁਸ਼ੀ ਨੂੰ ਲੱਡੂ ਨਾਲ ਸਾਂਝਾ ਕਰਦਿਆਂ ਅਦਾਕਾਰ ਨੇ ਲਿਖਿਆ, ‘ਮੈਨੂੰ ਲੱਗਦੈ ਕਿ ਸਾਨੂੰ ਦੋਵਾਂ ਨੂੰ ਹੀ ਲੱਡੂ ਬਹੁਤ ਪਸੰਦ ਹਨ। ਇਸ ਫਿਲਮ ਨੂੰ ਨਾ ਸਿਰਫ ਵੇਖਣ ਸਗੋਂ ਇਸ ਦੇ ਨਾਲ ਜਿਊਣ ਲਈ ਆਪ ਸਭ ਦਾ ਧੰਨਵਾਦ। ਇਸ ਫਿਲਮ ਦਾ ਨਿਰਦੇਸ਼ਨ ਸ਼ੂਜੀਤ ਸਰਕਾਰ ਨੇ ਕੀਤਾ ਹੈ, ਜਿਸ ਵਿੱਚ ਅਮੋਲ ਪਰਾਸ਼ਰ ਅਤੇ ਬਨੀਤਾ ਸੰਧੂ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਇਹ ਫਿਲਮ ਐਮੇਜ਼ੋਨ ਪ੍ਰਾਈਮ ’ਤੇ 16 ਅਕਤੂਬਰ ਨੂੰ ਰਿਲੀਜ਼ ਕੀਤੀ ਗਈ ਸੀ। -ਆਈਏਐੱਨਐੱਸ