ਮੁੰਬਈ, 19 ਫਰਵਰੀ
ਅਦਾਕਾਰ ਵਿਕਰਾਂਤ ਮੈਸੀ ਅਤੇ ਸ਼ੀਤਲ ਠਾਕੁਰ ਇੱਥੇ ਵਿਆਹ ਬੰਧਨ ਵਿਚ ਬੱਝ ਗਏ ਹਨ ਅਤੇ ਉਨ੍ਹਾਂ ਦੁਆਵਾਂ ਦੇਣ ਵਾਲੇ ਆਪਣੇ ਦੋਸਤਾਂ, ਸ਼ੁਭਚਿੰਤਕਾਂ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇਸ ਜੋੜੇ ਨੇ ਆਪਣੇ ਵਿਆਹ ਦੇ ਰਜਿਸਟਰ ਹੋਣ ਦੇ ਚਾਰ ਦਿਨ ਮਗਰੋਂ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ। ਫਿਲਮ ‘ਹਸੀਨ ਦਿਲਰੁਬਾ’ ਦੇ ਸਿਤਾਰੇ ਨੇ ਇੰਸਟਾਗ੍ਰਾਮ ’ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਮੈਸੀ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਪਹਿਨੀ ਹੋਈ ਸੀ, ਜਦਕਿ ਸ਼ੀਤਲ ਨੇ ਲਾਲ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ। ਮੈਸੀ ਨੇ ਆਖਿਆ, ‘‘ਸੱਤ ਸਾਲਾਂ ਦਾ ਇਹ ਸਫ਼ਰ ਹੁਣ ਸੱਤ ਜਨਮਾਂ ਵਿੱਚ ਬਦਲ ਗਿਆ ਹੈ। ਸਾਡੇ ਸਫ਼ਰ ਵਿੱਚ ਸਾਡਾ ਸਾਥ ਦੇਣ ਲਈ ਤੁਹਾਡਾ ਸ਼ੁਕਰੀਆ। ਸ਼ੀਤਲ ਅਤੇ ਵਿਕਰਾਂਤ।’’ ਮੈਸੀ (37) ਅਤੇ ਠਾਕੁਰ (29) ਨੇ ਸਾਲ 2015 ਤੋਂ ਇਕ-ਦੂਜੇ ਨੂੰ ‘ਡੇਟ’ ਕਰਨਾ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਦੋਵਾਂ ਨੇ ਏਕਤਾ ਕਪੂਰ ਦੀ ਸੀਰੀਜ਼ ‘‘ਬਰੋਕਨ ਬਟ ਬਿਊਟੀਫੁੁਲ’ (2018) ਵਿੱਚ ਇਕੱਠਿਆਂ ਕੰਮ ਕੀਤਾ ਹੈ। ਮੈਸੀ ਨੇ 25 ਫਰਵਰੀ ਨੂੰ ਆਪਣੀ ਰਿਲੀਜ਼ ਹੋਣ ਵਾਲੀ ਫਿਲਮ ‘ਲਵ ਹੋਸਟਲ’ ਦੀ ਪ੍ਰੋਮੋਸ਼ਨ ਕਰਦਿਆਂ, ਆਪਣੇ ਪੇਸ਼ੇਵਰ ਕੰਮਾਂ ’ਚੋਂ ਸਮਾਂ ਕੱਢ ਕੇ ਵਿਆਹ ਕਰਵਾਇਆ ਹੈ। ਬਤੌਰ ਅਦਾਕਾਰ ਸ਼ੀਤਲ ਠਾਕੁਰ ਨੂੰ ‘ਛੱਪਰ ਫਾੜ ਕੇ’ ਅਤੇ ‘ਸ਼ੁਕਰਾਨੂ’ ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਲਈ ਜਾਣਿਆ ਜਾਂਦਾ ਹੈ। -ਪੀਟੀਆਈ