ਗੁਰਪ੍ਰੀਤ ਸਿੰਘ ਤੰਗੌਰੀ
ਅਕਾਸ਼ਵਾਣੀ ਯਾਨੀ ਕਿ ਰੇਡੀਓ। ਅੱਜ ਜਦੋਂ ਸੋਸ਼ਲ ਮੀਡੀਆ ’ਚ ਸੰਚਾਰ ਦੇ ਉੱਚ ਸਾਧਨ ਮੌਜੂਦ ਹਨ ਤਾਂ ਵੀ ਰੇਡੀਓ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਸਾਧਨ ਹੈ। ਸੰਯੁਕਤ ਰਾਸ਼ਟਰ ਨੇ 13 ਫਰਵਰੀ ਨੂੰ ਸੰਸਾਰ ਭਰ ਵਿੱਚ ਰੇਡੀਓ ਦਿਵਸ ਵਜੋਂ ਚੁਣਿਆ ਹੈ। ਇਸ ਦਾ ਕਾਰਨ ਹੈ ਕਿਉਂਕਿ 13 ਫਰਵਰੀ 1946 ਨੂੰ ਸੰਯੁਕਤ ਰਾਸ਼ਟਰ ਨੇ ਆਪਣੇ ਹੈੱਡਕੁਆਰਟਰ ਨਿਊਯਾਰਕ ਤੋਂ ‘ਯੂ ਐੱਨ ਰੇਡੀਓ’ ਦੀ ਸ਼ੁਰੂਆਤ ਕੀਤੀ ਸੀ। ਅੱਜ ਭਾਰਤ ਵਿੱਚ ਸੈਂਕੜੇ ਰੇਡੀਓ ਸ਼ਟੇਸ਼ਨ ਹਨ। ਸੰਸਾਰ ਪੱਧਰ ’ਤੇ ਸਭ ਤੋਂ ਪਹਿਲਾ ਰੇਡੀਓ ਸਟੇਸ਼ਨ 1920 ਵਿੱਚ ਅਮਰੀਕਾ ਦੇ ਸ਼ਹਿਰ ਪਿਟਸਬਰਗ ਵਿੱਚ ਸ਼ੁਰੂ ਹੋਇਆ ਸੀ। ਭਾਰਤ ਵਿੱਚ ਇਸ ਦੀ ਸ਼ੁਰੂਆਤ ਆਜ਼ਾਦੀ ਤੋਂ ਪਹਿਲਾਂ 1920 ਦੇ ਦਹਾਕੇ ਦੌਰਾਨ ਹੋ ਚੁੱਕੀ ਸੀ। 23 ਜੁਲਾਈ 1927 ਨੂੰ ਕਲਕੱਤੇ ਤੇ ਬੰਬਈ ਵਿੱਚ ਰੇਡੀਓ ਰਾਹੀਂ ਪ੍ਰਸਾਰਨ ਸ਼ੁਰੂ ਹੋਏ। ਇਹ ਪ੍ਰਸਾਰਨ ਦੋ ਪ੍ਰਾਈਵੇਟ ਕੰਪਨੀਆਂ ਵੱਲੋਂ ਸ਼ੁਰੂ ਕੀਤੇ ਗਏ ਸਨ। 1 ਮਾਰਚ 1930 ਤੋਂ ਪ੍ਰਸਾਰ ਭਾਰਤੀ ਸ਼ੁਰੂ ਹੋਇਆ ਜਿਸ ਨੂੰ 8 ਜੂਨ 1936 ਨੂੰ ਆਲ ਇੰਡੀਆ ਰੇਡੀਓ ਦਾ ਨਾਂ ਦਿੱਤਾ ਗਿਆ। ਦੇਸ਼ ਦੀ ਆਜ਼ਾਦੀ ਸਮੇਂ ਭਾਰਤ ਵਿੱਚ ਛੇ ਰੇਡੀਓ ਸਟੇਸ਼ਨ ਅਤੇ ਤਿੰਨ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਸਨ। ਭਾਰਤ ਵਿੱਚ 2004 ਵਿੱਚ ਪਹਿਲਾ ਕਮਿਊਨਿਟੀ ਰੇਡੀਓ ਆਂਧਰਾ ਪ੍ਰਦੇਸ਼ ਤੋਂ ‘ਸੰਗਮ ਰੇਡੀਓ’ ਦੇ ਨਾਂ ਨਾਲ ਸ਼ੁਰੂ ਹੋਇਆ, ਜਦੋਂ ਕਿ ਸੰਸਾਰ ਦਾ ਪਹਿਲਾ ਕਮਿਊਨਿਟੀ ਰੇਡੀਓ 1947 ਵਿੱਚ ਬੋਲੀਵੀਆ ਤੋਂ ਸ਼ੁਰੂ ਹੋਇਆ ਸੀ।
ਅੱਜ ਸੰਸਾਰ ਦੀ ਕੋਈ ਅਜਿਹੀ ਭਾਸ਼ਾ ਨਹੀਂ ਹੋਵੇਗੀ ਜਿਸ ਵਿੱਚ ਰੇਡੀਓ ਨਾ ਚੱਲਦੇ ਹੋਣ। 1977 ਵਿੱਚ ਐੱਫ.ਐੱਮ. ਇਸ ਦੀ ਇੱਕ ਨਵੀਂ ਤਕਨੀਕ ਦੀ ਸ਼ੁਰੂਆਤ ਹੋਈ। ਐੱਫ.ਐੱਮ. ਬੇਸ਼ੱਕ ਇੱਕ ਖਾਸ ਖੇਤਰ ਤੱਕ ਹੀ ਸੇਵਾਵਾਂ ਦਿੰਦਾ ਹੈ, ਪਰ ਇਸ ਦੀ ਆਵਾਜ਼ ਗੁਣਵੱਤਾ ਮੀਡੀਅਮ ਵੇਵ ਤੋਂ ਬਹੁਤ ਜ਼ਿਆਦਾ ਚੰਗੀ ਹੈ ਅਤੇ ਇੰਟਰਨੈੱਟ ਦੀ ਆਮਦ ਆਮ ਲੋਕਾਂ ਤੱਕ ਪਹੁੰਚਣ ਕਾਰਨ ਅੱਜ ਬਹੁਤ ਸਾਰੇ ਐੱਫ.ਐੱਮ. ਰੇਡੀਓ ਵੀ ਇੱਕ ਖਾਸ ਥਾਂ ਤੋਂ ਬਾਹਰ ਨਿਕਲ ਕੇ ਪੂਰੀ ਦੁਨੀਆ ਵਿੱਚ ਸੁਣੇ ਜਾਣ ਲੱਗੇ ਹਨ। ਅੱਜਕੱਲ੍ਹ ਹਰ ਮੋਬਾਈਲ ਵਿੱਚ ਐੱਫ.ਐੱਮ. ਰੇਡੀਓ ਹੁੰਦਾ ਹੀ ਹੈ। ਸੰਚਾਰ ਅਤੇ ਮਨੋਰੰਜਨ ਦੀ ਦੁਨੀਆ ਵਿੱਚ ਅਸੀਂ ਕਿੰਨੀ ਵੀ ਤਰੱਕੀ ਕਰ ਲਈ ਹੈ, ਪਰ ਰੇਡੀਓ ਬਿਨਾਂ ਸਭ ਅਧੂਰਾ ਹੈ। ਰੇਡੀਓ ਤੋਂ ਬਾਅਦ ਟੇਪ-ਰਿਕਾਰਡਰ, ਵੀ.ਸੀ.ਆਰ., ਟੈਲੀਵਿਜ਼ਨ ਅਦਿ ਲੱਖਾਂ ਅਜਿਹੇ ਸਾਧਨਾਂ ਦੀ ਆਮਦ ਨਾਲ ਇੱਕ ਵਾਰ ਭੁਲੇਖਾ ਜ਼ਰੂਰ ਪਿਆ ਸੀ ਕਿ ਸ਼ਾਇਦ ਹੁਣ ਰੇਡੀਓ ਬੀਤੇ ਦਿਨਾਂ ਦੀ ਗੱਲ ਹੋ ਜਾਵੇਗਾ, ਪਰ ਰੇਡੀਓ ਨੂੰ ਇਸ ਦੀ ਥਾਂ ਤੋਂ ਕੋਈ ਹਿਲਾ ਨਹੀਂ ਸਕਿਆ। ਟੇਪ-ਰਿਕਾਰਡਰ, ਵੀ.ਸੀ. ਆਰ ਵਰਗੇ ਸਾਧਨ ਖੁਦ ਅੱਜ ਸਾਡੇ ’ਚੋਂ ਮਨਫੀ ਹੋ ਚੁੱਕੇ ਹਨ, ਪਰ ਰੇਡੀਓ ਦੀ ਸਰਦਾਰੀ ਬਰਕਰਾਰ ਹੈ।
ਰੇਡੀਓ ਦੀ ਲੋਕਪ੍ਰਿਅਤਾ ਨੂੰ ਸਮੇਂ ਦੀ ਕੋਈ ਮਾਰ ਘੱਟ ਨਹੀਂ ਕਰ ਸਕੀ, ਸਗੋਂ ਇਹ ਨਵੀਂ ਤਬਦੀਲੀ ਨਾਲ ਹੋਰ ਹਰਮਨ ਪਿਆਰਾ ਹੁੰਦਾ ਗਿਆ। ਰੇਡੀਓ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਲੱਖਾਂ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ਅੱਜ ਬਹੁਤ ਤੇਜ਼ ਹੈ, ਤੁਸੀਂ ਕੁੱਝ ਸੈਕਿੰਡਾਂ ਵਿੱਚ ਹੀ ਸੰਸਾਰ ਪੱਧਰ ਦੀ ਖ਼ਬਰਸਾਰ ਲੈ ਸਕਦੇ ਹੋ, ਪਰ ਜਦੋਂ ਖ਼ਬਰਾਂ ਦੀ ਗੁਣਵੱਤਾ, ਨਿਰਪੱਖਤਾ ਅਤੇ ਭਰੋਸੇਯੋਗਤਾ ਨੂੰ ਪਰਖਣ ਦੀ ਗੱਲ ਆਉਂਦੀ ਹੈ ਤਾਂ ਰੇਡੀਓ ਤੋਂ ਬਿਨਾਂ ਕੋਈ ਦੂਜਾ ਨਜ਼ਰ ਨਹੀਂ ਆਉਂਦਾ।
ਇੱਕ ਸਮਾਂ ਉਹ ਵੀ ਸੀ ਜਦੋਂ ਪੂਰੇ ਪਿੰਡ ਵਿੱਚ ਸਿਰਫ਼ ਇੱਕ ਰੇਡੀਓ ਹੁੰਦਾ ਸੀ ਅਤੇ ਉਸ ਨੂੰ ਇੱਕ ਉੱਚੀ ਥਾਂ ਉੱਤੇ ਰੱਖ ਕੇ ਸ਼ਾਮ ਨੂੰ ਲਗਾਇਆ ਜਾਂਦਾ ਸੀ। ਫਿਰ ਸਾਰਾ ਪਿੰਡ ਇਕੱਠੇ ਬੈਠ ਕੇ ਸੁਣਦਾ ਸੀ। ਪੁਰਾਣੇ ਬਜ਼ੁਰਗਾਂ ਤੋਂ ਪਤਾ ਲੱਗਦਾ ਹੈ ਕਿ ਇੱਕ ਸਮੇਂ ਰੇਡੀਓ ਦਾ ਲਾਇਸੈਂਸ ਵੀ ਬਣਦਾ ਸੀ। ਅੱਜ ਵੀ ਰੇਡੀਓ ਨੂੰ ਸੁਣਨ ਵਾਲੇ ਲੱਖਾਂ ਲੋਕ ਹਨ ਜਿਨ੍ਹਾਂ ਲਈ ਰੇਡੀਓ ਜਿੰਦ ਜਾਨ ਹੈ। ਮੈਂ ਖੁਦ ਬਹੁਤ ਸਾਰੇ ਅਜਿਹੇ ਦੋਸਤਾਂ ਨੂੰ ਜਾਣਦਾ ਹਾਂ ਜਿਹੜੇ ਰੇਡੀਓ ਤੋਂ ਬਿਨਾਂ ਪਲ ਨਹੀਂ ਰਹਿ ਸਕਦੇ। ਅੱਜ ਵੀ ਲੱਖਾਂ ਦੀ ਗਿਣਤੀ ਵਿੱਚ ਰੇਡੀਓ ਸਟੇਸ਼ਨਾਂ ਨੂੰ ਖ਼ਤ, ਈਮੇਲ, ਮੈਸਿਜ ਆਦਿ ਕਰਨ ਵਾਲੇ ਬਹੁਤ ਲੋਕ ਹਨ। ਮੋਬਾਈਲ, ਟੀਵੀ ਜਾਂ ਟੈਲੀਫੋਨ ਨਾ ਵੀ ਚੱਲਣ, ਭਾਵੇਂ ਬਿਜਲੀ ਬੰਦ ਹੋਵੇ ਦੋ ਸੈੱਲ ਪਾ ਕੇ ਰੇਡੀਓ ਸੁਣਿਆ ਜਾ ਸਕਦਾ। ਰੇਡੀਓ ਸੂਚਨਾ, ਮਨੋਰੰਜਨ, ਸਿੱਖਿਆ ਤੇ ਰੁਜ਼ਗਾਰ ਮੁਹੱਈਆ ਕਰਵਾ ਰਿਹਾ ਹੈ।
ਇਹ ਮਾਧਿਅਮ ਹਮੇਸ਼ਾਂ ਸਿੱਖਣ, ਖੋਜ ਕਰਨ, ਮਨੋਰੰਜਨ ਅਤੇ ਇਕੱਠੇ ਅੱਗੇ ਵਧਣ ਦਾ ਕੇਂਦਰ ਬਣਿਆ ਹੋਇਆ ਹੈ। ਇਕੱਲਾ ਮਨੋਰੰਜਨ ਹੀ ਨਹੀਂ ਸੂਚਨਾ ਦੇ ਖੇਤਰ ਵਿੱਚ ਜਦੋਂ ਸਾਰੇ ਸਾਧਨ ਛੋਟੇ ਸਾਬਤ ਹੋ ਜਾਂਦੇ ਹਨ ਤਾਂ ਰੇਡੀਓ ਹੀ ਹੁੰਦਾ ਹੈ ਜਿਹੜਾ ਬਿਨਾਂ ਰੁਕੇ ਥੱਕੇ ਦੂਰ-ਦੁਰਾਡੇ ਤੱਕ ਗੱਲ ਪਹੁੰਚਾ ਸਕਦਾ ਹੈ। ਭਾਰਤ ਵਿੱਚ ਜੰਗਾਂ ਦੇ ਦਿਨਾਂ ਦੌਰਾਨ ਰੇਡੀਓ ਨੇ ਨਾ-ਭੁੱਲਣਯੋਗ ਕਾਰਜ ਕੀਤੇ ਹਨ। ਜਦੋਂ ਜਪਾਨ ਵਿੱਚ ਜਬਰਦਸਤ ਭੂਚਾਲ ਤੇ ਭਾਰਤ ਵਿੱਚ ਸੁਨਾਮੀ ਆਈ ਤਾਂ ਰੇਡੀਓ ਨੈੱਟਵਰਕ ਨੇ ਜਾਣਕਾਰੀ ਦੇਣ ਵਿੱਚ ਅਹਿਮ ਰੋਲ ਨਿਭਾਇਆ ਸੀ। ਭਾਰਤ ਦੇ ਪ੍ਰਧਾਨ ਮੰਤਰੀ ਅੱਜ ਵੀ ਲੋਕਾਂ ਤੱਕ ਆਪਣੀ ਗੱਲ ਰੱਖਣ ਲਈ ਰੇਡੀਓ ਤੋਂ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਪੇਸ਼ ਹੁੰਦੇ ਹਨ।
ਰੇਡੀਓ ਦਿਵਸ ’ਤੇ ਰੇਡੀਓ ਦੀ ਖੋਜ ਕਰਨ ਵਾਲੇ ਵਿਗਿਆਨੀ ਨੂੰ ਯਾਦ ਨਾ ਕਰਨਾ ਬੇਇਨਸਾਫ਼ੀ ਹੋਵੇਗੀ। ਰੇਡੀਓ ਸ਼ਬਦ ਅਸਲ ਵਿੱਚ ‘ਰੇਡੀਅਸ’ ਨਾਂ ਦੇ ਲਾਤੀਨੀ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਤਰੰਗਾਂ। ਵਿਗਿਆਨੀਆਂ ਜੇਮਜ਼ ਕਲਾਰਕ ਮੈਕਸਵੈੱਲ ਅਤੇ ਮਾਈਕਲ ਫੈਰਾਡੇ ਨੇ ਇਲੈੱਕਟਰੋ ਮੈਗਨੇਟਿਕ ਵੇਵਜ਼ (ਬਿਜਲੀ ਚੁੰਬਕੀ ਤਰੰਗਾਂ) ਦੀ ਖੋਜ ਕੀਤੀ। ਇਨ੍ਹਾਂ ਤਰੰਗਾਂ ਦੇ ਆਧਾਰ ’ਤੇ ਇਟਲੀ ਦੇ ਗੁਗਲਇਏਲਮੋ ਮਾਰਕੋਨੀ ਨੇ 1901 ਵਿੱਚ ਰੇਡੀਓ ਦੀ ਖੋਜ ਕੀਤੀ।
ਲੰਬੀ ਦੂਰੀ ਦਾ ਰੇਡੀਓ ਪ੍ਰਸਾਰਨ ਵੀ ਇਸੇ ਵਿਗਿਆਨੀ ਦੀ ਦੇਣ ਹੈ।
ਸੰਪਰਕ: 98720-10560