ਰਾਮ ਸਰੂਪ ਜੋਸ਼ੀ
ਅਪਰੈਲ ਦਾ ਮਹੀਨਾ ਆਰੰਭ ਹੋ ਗਿਆ ਸੀ। 31 ਮਾਰਚ ਨੂੰ ਸਾਲਾਨਾ ਨਤੀਜਾ ਨਿਕਲ ਚੁੱਕਾ ਸੀ। ਸਕੂਲ ਵਿਚ ਟਾਵੇਂ ਟਾਵੇਂ ਵਿਦਿਆਰਥੀ ਆਉਣ ਲੱਗ ਪਏ ਸਨ। ਇੰਚਾਰਜ ਅਧਿਆਪਕ ਆਪੋ ਆਪਣੀਆਂ ਸ਼੍ਰੇਣੀਆਂ ਵਿਚ ਜਾ ਕੇ ਨਾ ਆਉਣ ਵਾਲੇ ਬੱਚਿਆਂ ਨੂੰ ਸਕੂਲ ਆਉਣ ਦੇ ਸੁਨੇਹੇ ਭੇਜ ਰਹੇ ਸਨ। ਕੁਝ ਕੁ ਬੱਚੇ ਪਾਸ ਹੋਣ ਦੀ ਖੁਸ਼ੀ ਮਨਾਉਣ ਵਿਚ ਲੱਗੇ ਸਨ ਅਤੇ ਕੁਝ ਫੇਲ੍ਹ ਹੋਣ ਵਾਲੇ ਮਾਯੂਸੀ ’ਚ ਸਕੂਲ ਜਾਣ ਜਾਂ ਨਾ ਜਾਣ ਦੀ ਦੁਚਿੱਤੀ ਵਿਚ ਸਨ। ਪੇਂਡੂ ਸਕੂਲ ਹੋਣ ਕਾਰਨ ਕੁਝ ਬੱਚੇ ਕਣਕ ਦੀ ਵਾਢੀ ਵਿਚ ਆਪਣੇ ਮਾਪਿਆਂ ਦਾ ਹੱਥ ਵਟਾ ਰਹੇ ਸਨ। ਗ਼ਰੀਬ ਘਰਾਂ ਦੇ ਬੱਚੇ ਟੋਲੀਆਂ ਬਣਾ ਕੇ ਵਾਢੀ ਸਮੇਂ ਖੇਤਾਂ ਵਿਚ ਗਿਰ ਗਈਆਂ ਕਣਕ ਦੀਆਂ ਬੱਲੀਆਂ ਚੁਗਣ ਜਾਂਦੇ ਸਨ। ਇਸ ਨੂੰ ਸ਼ਿਲਾ ਚੁਗਣਾ ਆਖਦੇ ਸਨ। ਸਮੁੱਚੇ ਤੌਰ ’ਤੇ ਮਾਹੌਲ ਖੁੱਲ੍ਹਾ ਖੁੱਲ੍ਹਾ ਜਾਪਦਾ ਸੀ। ਜਿਹੜੇ ਕੁਝ ਬੱਚੇ ਆਉਂਦੇ ਸਨ ਉਹ ਵੀ ਅੱਧੀ ਛੁੱਟੀ ਤੋਂ ਪਿੱਛੋਂ ਘਰਾਂ ਨੂੰ ਪਰਤ ਜਾਂਦੇ ਸਨ। ਅਧਿਆਪਕ ਅਗਲੀਆਂ ਸ਼੍ਰੇਣੀਆਂ ਦੇ ਰਜਿਸਟਰਾਂ ਵਿਚ ਬੱਚਿਆਂ ਦੇ ਨਾਂ ਚੜ੍ਹਾਉਣ ਅਤੇ ਹੋਰ ਰਜਿਸਟਰ ਵਰਕ ਕਰਨ ਵਿਚ ਲੱਗੇ ਰਹਿੰਦੇ ਸਨ।
ਇਕ ਦਿਨ ਪਹਿਲੇ ਪੀਰੀਅਡ ਵਿਚ ਹੀ ਸੇਵਾਦਾਰ ਨਵੇਂ ਟਾਈਮ ਟੇਬਲ ਦੀਆਂ ਸਲਿੱਪਾਂ ਲੈ ਕੇ ਆ ਗਿਆ। ਹਰ ਅਧਿਆਪਕ ਨੂੰ ਉਸ ਦੇ ਨਾਂ ਦੀ ਚਿੱਟ ਦੇ ਕੇ ਰਜਿਸਟਰ ’ਤੇ ਪ੍ਰਾਪਤੀ ਦੇ ਦਸਤਖ਼ਤ ਕਰਾਉਂਦਾ ਸੀ। ਮੈਂ ਆਪਣੀ ਸਲਿੱਪ ਲੈ ਕੇ ਸੇਵਾਦਾਰ ਨੂੰ ਕਿਹਾ ਕਿ ਮੇਰੀ ਸਲਿੱਪ ਵਿਚ ਇਕ ਗ਼ਲਤੀ ਹੈ, ਮੈਂ ਸਾਹਿਬ ਨਾਲ ਗੱਲ ਕਰਕੇ ਦਸਤਖ਼ਤ ਕਰਾਂਗਾ। ਮੈਂ ਸਲਿੱਪ ਲੈ ਕੇ ਦਫ਼ਤਰ ਪਹੁੰਚ ਗਿਆ ਤੇ ਮੁਖੀ ਨੂੰ ਕਿਹਾ, ‘ਸਰ, ਇਕ ਗ਼ਲਤੀ ਹੈ। ਆਪਾਂ ਇਹ ਫ਼ੈਸਲਾ ਕੀਤਾ ਹੋਇਆ ਹੈ ਕਿ ਛੇਵੀਂ ਜਮਾਤ ਦਾ ਜਿਹੜਾ ਵਿਸ਼ਾ ਮਿਲ ਗਿਆ ਉਸ ਨੂੰ ਹੀ ਦਸਵੀਂ ਤੀਕ ਲੈ ਕੇ ਜਾਣਾ ਹੈ। ਪਿਛਲੇ ਸਾਲ ਮੇਰੇ ਕੋਲ ਛੇਵੀਂ- ਸੀ ਸੈਕਸ਼ਨ ਦੀ ਅੰਗਰੇਜ਼ੀ ਸੀ। ਉਸ ਅਨੁਸਾਰ ਮੈਨੂੰ ਸੱਤਵੀਂ- ਸੀ ਸੈਕਸ਼ਨ ਦੀ ਅੰਗਰੇਜ਼ੀ ਮਿਲਣੀ ਚਾਹੀਦੀ ਸੀ, ਪਰ ਮਿਲ ਗਈ ਸੱਤਵੀਂ- ਏ ਸੈਕਸ਼ਨ ਦੀ। ਇਸ ਨੂੰ ਠੀਕ ਕਰ ਦਿਓ।’
ਮੁੱਖ ਅਧਿਆਪਕ ਜੀ, ਬਹੁਤਾ ਕਰਕੇ ਮਖੌਲੀਏ ਮੂਡ ਵਿਚ ਹੀ ਰਹਿੰਦੇ ਸਨ। ਕਹਿਣ ਲੱਗੇ ਨਿਆਣਿਆਂ ਤੋਂ ਗ਼ਲਤੀ ਹੋ ਹੀ ਜਾਂਦੀ ਹੈ, ਠੀਕ ਕਰ ਦੇਵਾਂਗੇ। ਜਦੋਂ ਮੈਂ ਦਫ਼ਤਰ ਤੋਂ ਬਾਹਰ ਜਾਣ ਲਈ ਮੁੜਿਆ ਤਾਂ ਕਹਿਣ ਲੱਗੇ, ਬੈਠ ਜਾ ਤੈਨੂੰ ਗ਼ਲਤੀ ਬਾਰੇ ਦੱਸਾਂ। ਛੇਵੀਂ ਜਮਾਤ ਦੇ ਤਿੰਨੇ ਸੈਕਸ਼ਨਾਂ ’ਚੋਂ ਏ ਸੈਕਸ਼ਨ ਦੀ ਕੁੜੀ ਫਸਟ ਆਈ ਹੈ। ਮੈਂ ਚਾਹੁੰਦਾ ਹਾਂ ਕਿ ਉਸ ਸੈਕਸ਼ਨ ਨੂੰ ਅੰਗਰੇਜ਼ੀ ਤੂੰ ਪੜ੍ਹਾਵੇਂ। ਮੈਂ ਕਿਹਾ, ‘ਸਰ, ਪਰ ਉਸ ਸੈਕਸ਼ਨ ਦੇ ਅਧਿਆਪਕ ਨੂੰ ਵੀ ਤਾਂ ਇਤਰਾਜ਼ ਹੋ ਸਕਦਾ ਹੈ।’ ਕਹਿਣ ਲੱਗੇ ਵਿਸ਼ਾ ਵੰਡ ਕਰਨਾ ਮੇਰਾ ਅਧਿਕਾਰ ਹੈ, ਨਾਲੇ ਉਸ ਨੂੰ ਵੀ ਤੇਰਾ ਪੜ੍ਹਾਇਆ ਸੈਕਸ਼ਨ ਮਿਲ ਗਿਆ ਹੈ। ਉਸ ਨੂੰ ਹੋਰ ਕੀ ਚਾਹੀਦਾ ਹੈ। ਉਨ੍ਹਾਂ ਦੀ ਗੱਲ ਤਾਂ ਮੰਨਣੀ ਹੀ ਸੀ।
ਦਫ਼ਤਰ ਤੋਂ ਸਿੱਧਾ ਮੈਂ ਸੱਤਵੀਂ-ਏ ਦੇ ਕਲਾਸਰੂਮ ਵਿਚ ਪਹੁੰਚ ਗਿਆ। ਸੱਤ ਅੱਠ ਕੁ ਕੁੜੀਆਂ ਆਈਆਂ ਹੋਈਆਂ ਸਨ। ਉਹ ਸਾਰੀਆਂ ਹੈਰਾਨ ਸਨ ਕਿ ਮੈਂ ਉੱਥੇ ਕਿਵੇਂ ਗਿਆ, ਜਦੋਂਕਿ ਮੈਂ ਉਨ੍ਹਾਂ ਨੂੰ ਕੋਈ ਵੀ ਵਿਸ਼ਾ ਨਹੀਂ ਪੜ੍ਹਾਉਂਦਾ ਸੀ। ਮੈਂ ਕਿਹਾ, ‘ਬੇਟਾ, ਤੁਹਾਨੂੰ ਇਸ ਸਾਲ ਤੋਂ ਅੰਗਰੇਜ਼ੀ ਮੈਂ ਪੜ੍ਹਾਇਆ ਕਰਾਂਗਾ। ਸਭ ਸਹੇਲੀਆਂ ਨੂੰ ਸੁਨੇਹੇ ਦਿਓ ਆਪਾਂ ਕੱਲ੍ਹ ਤੋਂ ਹੀ ਪੜ੍ਹਾਈ ਸ਼ੁਰੂ ਕਰ ਦੇਣੀ ਹੈ।’ ਬੱਚਿਆਂ ’ਚ ਇਸ ਗੱਲ ਦਾ ਰਲਵਾਂ ਮਿਲਵਾਂ ਜਿਹਾ ਪ੍ਰਭਾਵ ਉਨ੍ਹਾਂ ਦੇ ਚਿਹਰਿਆਂ ਤੋਂ ਸਾਫ਼ ਦਿਸਦਾ ਸੀ। ਕੁਝ ਮੇਰੇ ਕਰਕੇ ਖ਼ੁਸ਼ ਸਨ ਤੇ ਕੁਝ ਪਹਿਲੇ ਅਧਿਆਪਕ ਨਾਲ ਬਣੀ ਸਾਂਝ ਟੁੱਟਣ ਕਰਕੇ ਮਾਯੂਸ।
ਦੂਜੇ ਦਿਨ ਵੀਹ ਕੁ ਕੁੜੀਆਂ ਆ ਗਈਆਂ। ਮੈਂ ਸਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਬਿਨਾਂ ਕਿਸੇ ਡਰ ਜਾਂ ਝਿਜਕ ਤੋਂ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਮੈਂ ਕਿਹਾ, ਜਿਹੜੀ ਬੱਚੀ ਫਸਟ ਆਈ ਹੈ ਉਹ ਖੜ੍ਹੀ ਹੋਵੇ। ਕੋਈ ਵੀ ਕੁੜੀ ਖੜ੍ਹੀ ਨਾ ਹੋਈ ਤਾਂ ਮੈਂ ਹੱਸ ਕੇ ਕਿਹਾ ਕਿ ਇਸ ਦਾ ਭਾਵ ਹੈ ਕਿ ਕੋਈ ਫਸਟ ਆਈ ਹੀ ਨਹੀਂ। ਇਕ ਬੱਚੀ ਨੇ ਖੜ੍ਹੇ ਹੋ ਕੇ ਕਿਹਾ, ‘ਸਰ, ਫਸਟ ਆਉਣ ਵਾਲੀ ਕੁੜੀ ਸਕੂਲ ਨਹੀਂ ਆਈ।’ ਉਸ ਦਾ ਪਿੰਡ ਪੁੱਛ ਕੇ ਉਸ ਦੇ ਪਿੰਡ ਦੀ ਇਕ ਕੁੜੀ ਦੀ ਡਿਊਟੀ ਲਾ ਦਿੱਤੀ ਕਿ ਕੱਲ੍ਹ ਨੂੰ ਉਸ ਨੂੰ ਜ਼ਰੂਰ ਨਾਲ ਲਿਆਵੇ।
ਅਗਲੇ ਦਿਨ ਵੀ ਉਹ ਕੁੜੀ ਆਪ ਤਾਂ ਨਾ ਆਈ, ਪਰ ਉਸ ਨੇ ਕਹਿ ਭੇਜਿਆ ਕਿ ਉਹ ਅੱਗੇ ਨਹੀਂ ਪੜ੍ਹੇਗੀ। ਉਸ ਦੀ ਮਾਂ ਨੇ ਨਾਂਹ ਕਰ ਦਿੱਤੀ ਹੈ। ਮਾਂ ਨੇ ਇਹ ਵੀ ਕਿਹਾ ਹੈ ਕਿ ਬੱਚਿਆਂ ਦਾ ਪਿਓ ਜੋ ਥੋੜ੍ਹਾ ਬਹੁਤ ਕਮਾਉਂਦਾ ਹੈ, ਉਸ ਦੀ ਸ਼ਰਾਬ ਪੀ ਲੈਂਦਾ ਹੈ। ਛੇ ਕੁੜੀਆਂ ਹਨ, ਮੈਂ ਤਾਂ ਇਨ੍ਹਾਂ ਦੀ ਰੋਟੀ ਪਾਣੀ ਦਾ ਪ੍ਰਬੰਧ ਮਸਾਂ ਕਰਦੀ ਹਾਂ। ਕਿਹੜੀ ਕਿਹੜੀ ਨੂੰ ਪੜ੍ਹਾਵਾਂਗੀ। ਮੇਰਾ ਮਨ ਸੁਣ ਕੇ ਵਲੂੰਧਰਿਆ ਗਿਆ। ਸੋਚਕੇ ਮੈਂ ਫ਼ੈਸਲਾ ਕੀਤਾ ਕਿ ਛੁੱਟੀ ਪਿੱਛੋਂ ਉਸ ਬੱਚੀ ਦੀ ਮਾਂ ਨੂੰ ਮਿਲਿਆ ਜਾਵੇ। ਮੈਂ ਆਪਣੀ ਧਰਮ ਪਤਨੀ ਸੱਤਿਆ ਦੇਵੀ ਨੂੰ ਸੁਨੇਹਾ ਭੇਜਿਆ ਕਿ ਉਹ ਛੁੱਟੀ ਪਿੱਛੋਂ ਮੇਰੀ ਉਡੀਕ ਕਰੇ। ਉਹ ਵੀ ਉਸੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਅਧਿਆਪਕਾ ਸੀ। ਜਦੋਂ ਮੈਂ ਪ੍ਰਾਇਮਰੀ ਸਕੂਲ ਪੁੱਜਾ ਤਾਂ ਉਹ ਠਹਿਰ ਕੇ ਜਾਣ ਦਾ ਕਾਰਨ ਪੁੱਛਣ ਲਈ ਉਤਸੁਕ ਸੀ। ਮੈਂ ਸਾਰੀ ਗੱਲ ਦੱਸੀ ਕਿ ਕੁੜੀ ਦੀ ਮਾਂ ਕੋਲ ਜਾਣ ਲਈ ਤੁਹਾਡਾ ਸਾਥ ਚਾਹੀਦਾ ਹੈ, ਗੱਲ ਮੈਂ ਸਾਰੀ ਆਪੇ ਕਰ ਲਵਾਂਗਾ। ਕਿਸੇ ਬੱਚੇ ਦਾ ਜੀਵਨ ਬਣਦਾ ਸੁਣ ਕੇ ਉਹ ਮੇਰੇ ਤੋਂ ਵੀ ਵੱਧ ਉਤਾਵਲੀ ਹੋ ਗਈ।
ਅਸੀਂ ਦੋਵੇਂ ਉਸ ਪਿੰਡ ਪੁੱਜੇ ਤੇ ਪੁੱਛ ਗਿੱਛ ਕਰ ਕੇ ਉਸ ਲੜਕੀ ਦੇ ਘਰ ਪੁੱਜ ਗਏ। ਪਹਿਲਾਂ ਹੀ ਸੁਨੇਹਾ ਮਿਲਿਆ ਹੋਣ ਕਰਕੇ ਉਸ ਦੀ ਮਾਂ ਮਜਬੂਰੀ ਤੇ ਵਿਚਾਰਗੀ ਦੀ ਮੂਰਤ ਬਣੀ ਆਪਣੀਆਂ ਬੱਚੀਆਂ ਸਮੇਤ ਸਾਨੂੰ ਉਡੀਕ ਰਹੀ ਸੀ। ਉਹ ਕੁੜੀ ਨੂੰ ਸਕੂਲ ਭੇਜਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੀ ਕੁੜੀ ਨੂੰ ਕਿਤਾਬਾਂ ਸਰਕਾਰ ਤੋਂ ਮਿਲਦੀਆਂ ਹਨ, ਵਜ਼ੀਫ਼ਾ ਵੀ ਮਿਲਦਾ ਹੈ। ਨਾਲੇ ਜ਼ਰੂਰੀ ਨਹੀਂ ਕਿ ਉਸ ਦੀਆਂ ਦੂਜੀਆਂ ਕੁੜੀਆਂ ਵੀ ਇੰਨੀਆਂ ਹੀ ਹੁਸ਼ਿਆਰ ਹੋਣ। ਉਹ ਕਹਿਣ ਲੱਗੀ ਕਿ ਵਜ਼ੀਫ਼ਾ ਕਈ ਕਈ ਮਹੀਨੇ ਨਹੀਂ ਮਿਲਦਾ। ਕਾਪੀਆਂ ਵੀ ਸਰਕਾਰ ਨਹੀਂ ਦਿੰਦੀ। ਮੈਂ ਕਿਹਾ ਕਿ ਇਸ ਦੀ ਫੀਸ- ਫੰਡ, ਕੱਪੜੇ ਤੇ ਕਾਪੀਆਂ ਆਦਿ ਸਭ ਅਸੀਂ ਦੇਵਾਂਗੇ। ਸਗੋਂ, ਜਦੋਂ ਇਕੱਠਾ ਵਜ਼ੀਫ਼ਾ ਮਿਲਿਆ ਕਰੇਗਾ, ਤੁਸੀਂ ਘਰ ’ਚ ਖ਼ਰਚ ਲੈਣਾ। ਸਾਰੀ ਗੱਲ ਸਮਝ ਵਿਚ ਆਉਣ ਕਰਕੇ ਉਸ ਦੀ ਮਾਂ ਦੀਆਂ ਅੱਖਾਂ ਵਿਚ ਚਮਕ ਆ ਗਈ ਅਤੇ ਹੱਥ ਜੋੜ ਕੇ ਧੰਨਵਾਦ ਕਰਦੀ ਹੋਈ ਮੇਰੀ ਪਤਨੀ ਦੇ ਪੈਰ ਛੂਹਣ ਨੂੰ ਆਈ। ਅਸੀਂ ਦੋਵੇਂ ਜਿੱਤ ਦੇ ਅਹਿਸਾਸ ਨਾਲ ਭਰਪੂਰ ਖੁਸ਼ੀ ਖੁਸ਼ੀ ਘਰ ਨੂੰ ਚੱਲ ਪਏ।
ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਉਹ ਲੜਕੀ ਝਿਜਕਦੀ ਝਿਜਕਦੀ, ਅੱਖਾਂ ਨੀਵੀਆਂ ਕਰਕੇ ਮੇਰੇ ਕੋਲ ਆ ਜਾਂਦੀ ਅਤੇ ਪੋਲੇ ਪੋਲੇ ਬੋਲਾਂ ਵਿਚ ਗੱਲ ਕਰਦੀ। ਹਰ ਮਹੀਨੇ ਫੰਡ ਦੇਣੇ ਹੁੰਦੇ ਸਨ। ਜਿਹੜੀ ਕਲਾਸ ਵਿਚ ਮੈਂ ਪੜ੍ਹਾਉਂਦਾ ਹੁੰਦਾ, ਉਹ ਉਸ ਕਮਰੇ ਦੇ ਬਾਹਰ ਸਾਹਮਣੇ ਆ ਕੇ ਖਲੋ ਜਾਂਦੀ। ਦੋ ਤਿੰਨ ਕੁ ਮਹੀਨੇ ਪਿੱਛੋਂ ਮੈਂ ਨਿਯਮ ਬਣਾ ਲਿਆ ਕਿ ਉਸ ਦੇ ਕਲਾਸ ਇੰਚਾਰਜ ਨੂੰ ਪਹਿਲਾਂ ਹੀ ਮਾਸਿਕ ਫੰਡ ਦੇ ਪੈਸੇ ਦੇ ਦਿੰਦਾ ਤਾਂ ਜੋ ਉਸ ਨੂੰ ਹਰ ਮਹੀਨੇ ਮੰਗਣ ਆਉਣਾ ਨਾ ਪਵੇ। ਦਿਨ ਬੀਤਦੇ ਗਏ ਉਹ ਬੜੀ ਸ਼ਾਨ ਨਾਲ ਜਮਾਤਾਂ ਦੀਆਂ ਪੌੜੀਆਂ ਚੜ੍ਹਦੀ ਚੜ੍ਹਦੀ ਬੜੇ ਚੰਗੇ ਨੰਬਰ ਲੈ ਕੇ ਦਸਵੀਂ ਪਾਸ ਕਰ ਗਈ। ਇਕ ਦਿਨ ਸਕੂਲ ਆ ਕੇ ਕਹਿਣ ਲੱਗੀ, ਸਰ, ਮੈਨੂੰ ਇਕ ਦੋ ਮੈਡਮਾਂ ਕਾਲਜ ਵਿਚ ਦਾਖਲ ਹੋਣ ਲਈ ਕਹਿੰਦੀਆਂ ਹਨ, ਕੀ ਕਰਾਂ ? ਮੈਂ ਕਿਹਾ, ਬੇਟੇ, ਕਾਲਜ ਦਾ ਖ਼ਰਚ, ਆਉਣ ਜਾਣ ਦਾ ਕਿਰਾਇਆ ਤੇ ਕਈ ਹੋਰ ਖ਼ਰਚ ਹੋਣਗੇ, ਮੇਰੇ ਆਪਣੇ ਵੀ ਤਿੰਨ ਬੱਚੇ ਪੜ੍ਹ ਰਹੇ ਹਨ।
ਮੈਂ ਕਾਲਜ ਦੇ ਸਾਰੇ ਖ਼ਰਚ ਦਾ ਜ਼ਿੰਮਾ ਲੈਣ ਤੋਂ ਤਾਂ ਅਸਮਰੱਥ ਹਾਂ, ਕੁਝ ਸਹਾਇਤਾ ਜ਼ਰੂਰ ਕਰ ਦਿਆ ਕਰਾਂਗਾ। ਮੇਰੀ ਆਪਣੀ ਨਿੱਜੀ ਰਾਏ ਇਹ ਹੈ ਕਿ ਤੇਰੇ ਚੰਗੇ ਨੰਬਰ ਹੋਣ ਕਰਕੇ ਰਿਜ਼ਰਵ ਕੋਟੇ ਵਿਚੋਂ ਤੈਨੂੰ ਸਰਕਾਰੀ ਨੌਕਰੀ ਛੇਤੀ ਹੀ ਮਿਲ ਜਾਵੇਗੀ। ਪਹਿਲਾਂ ਨੌਕਰੀ ਲੈ ਤੇ ਫੇਰ ਪੜ੍ਹਾਈ ਕਰਦੀ ਰਹੀਂ। ਕੁਝ ਸਮੇਂ ਪਿੱਛੋਂ ਪਤਾ ਲੱਗਿਆ ਕਿ ਉਸ ਨੂੰ ਨੌਕਰੀ ਮਿਲ ਗਈ ਸੀ। ਉਹ ਆਪਣੀ ਨੌਕਰੀ ਵਿਚ ਰੁੱਝ ਗਈ ਅਤੇ ਅਸੀਂ ਪਿੰਡ ਤੋਂ ਮੁਹਾਲੀ ਸ਼ਿਫਟ ਕਰ ਲਿਆ। ਕਾਫ਼ੀ ਸਮਾਂ ਕੋਈ ਉੱਘ ਸੁੱਘ ਨਾ ਮਿਲੀ। ਕਈ ਵਰ੍ਹਿਆਂ ਪਿੱਛੋਂ ਉਹ ਪੁੱਛਦੀ ਪਛਾਉਂਦੀ ਸਾਡੇ ਘਰ ਮੁਹਾਲੀ ਪਹੁੰਚ ਗਈ। ਮੈਂ ਤੇ ਮੇਰੀ ਧਰਮ ਪਤਨੀ ਜਲੰਧਰ ਗਏ ਹੋਏ ਸਾਂ।
ਅਚਾਨਕ ਉਸ ਲੜਕੀ ਦਾ ਫੋਨ ਆਇਆ, ‘ਸਰ, ਮੈਂ ਘਰ ਤਾਂ ਲੱਭ ਲਿਆ, ਪਰ ਤੁਸੀਂ ਨਹੀਂ ਮਿਲੇ। ਤੁਸੀਂ ਵਾਪਸ ਮੁਹਾਲੀ ਕਦੋਂ ਆਉਣਾ ਹੈ।’ ਦੀਵਾਲੀ ਆਉਣ ਵਾਲੀ ਸੀ। ਮੈਨੂੰ ਸ਼ੱਕ ਪਿਆ ਕਿ ਦੀਵਾਲੀ ਕਰਕੇ ਕੁਝ ਲੈ ਕੇ ਨਾ ਆਈ ਹੋਵੇ। ਮੈਂ ਕਿਹਾ ਬੇਟਾ ਤੇਰਾ ਫੋਨ ਸੁਣਕੇ ਬਹੁਤ ਖੁਸ਼ੀ ਹੋਈ। ਅਸੀਂ ਆਉਂਦੇ ਬੁੱਧਵਾਰ ਨੂੰ ਆ ਜਾਵਾਂਗੇ। ਮਿਲਣ ਜ਼ਰੂਰ ਆਈਂ, ਪਰ ਕੁਝ ਲੈ ਕੇ ਨਾ ਆਈਂ, ਮੈਨੂੰ ਚੰਗਾ ਨਹੀਂ ਲੱਗੇਗਾ। ਬੁੱਧਵਾਰ ਅਸੀਂ ਮੁਹਾਲੀ ਮੁੜ ਆਏ। ਵੀਰਵਾਰ ਨੂੰ ਦਸ ਕੁ ਵਜੇ ਉਹ ਆਪਣੇ ਪਤੀ ਨਾਲ ਸਾਡੇ ਘਰ ਪਹੁੰਚ ਗਈ। ਸਾਫ਼ ਸੁਥਰੇ ਕੱਪੜੇ ਤੇ ਚਿਹਰੇ ’ਤੇ ਮੁਸਕਰਾਹਟ ਵੇਖ ਕੇ ਮੈਨੂੰ ਇਸ ਤਰ੍ਹਾਂ ਦੀ ਖੁਸ਼ੀ ਹੋਈ ਜਿਸ ਤਰ੍ਹਾਂ ਦੀ ਕਿਸੇ ਮਾਲੀ ਨੂੰ ਆਪਣੇ ਹੱਥੀਂ ਲਾਏ ਬੂਟੇ ਨੂੰ ਫੁੱਲਿਆ ਫ਼ਲਿਆ ਦੇਖ ਕੇ ਹੁੰਦੀ ਹੈ। ਬਹੁਤ ਹੀ ਸਤਿਕਾਰ ਭਾਵ ਨਾਲ ਉਸ ਨੇ ਮਠਿਆਈ ਦਾ ਡੱਬਾ ਮੇਰੇ ਵੱਲ ਵਧਾਇਆ। ਮੈਂ ਕਿਹਾ, ‘ਬੇਟਾ, ਇਹ ਤੂੰ ਚੰਗਾ ਨਹੀਂ ਕੀਤਾ। ਇਹ ਲੱਡੂ ਤੂੰ ਮੇਰੇ ਵੱਲੋਂ ਆਪਣੇ ਬੱਚਿਆਂ ਨੂੰ ਵੰਡ ਦੇਵੀਂ।’
ਉਹ ਕਹਿਣ ਲੱਗੀ, ‘ਸਰ, ਮੋੜੋ ਨਾ, ਪਹਿਲਾਂ ਮੇਰੀ ਗੱਲ ਸੁਣ ਲਵੋ। ਇਹ ਦੀਵਾਲੀ ਦੇ ਲੱਡੂ ਨਹੀਂ, ਮੇਰੀ ਪ੍ਰਮੋਸ਼ਨ ਦੇ ਹਨ। ਮੈਂ ਸੀਨੀਅਰ ਅਸਿਸਟੈਂਟ ਬਣ ਗਈ ਹਾਂ। ਇਹ ਸਭ ਕੁਝ ਤੁਹਾਡੇ ਕਰਕੇ ਹੋਇਆ ਹੈ। ਜੇ ਤੁਸੀਂ ਆਪ ਜਾ ਕੇ ਮੈਨੂੰ ਘਰੋਂ ਨਾ ਲਿਆਉਂਦੇ ਤਾਂ ਮੈਂ ਵੀ ਅੱਜ ਆਪਣੀਆਂ ਦੂਜੀਆਂ ਭੈਣਾਂ ਵਾਂਗ ਲੋਕਾਂ ਦੇ ਘਰਾਂ ਵਿਚ ਗੋਹਾ-ਕੂੜਾ ਕਰਦੇ ਹੋਣਾ ਸੀ। ਲਓ, ਸਰ, ਲੱਡੂ ਖਾਓ ਮੇਰੀ ਪ੍ਰਮੋਸ਼ਨ ਦੇ ਜਿਹੜੀ ਕੇਵਲ ਤੇ ਕੇਵਲ ਤੁਹਾਡੇ ਕਰਕੇ ਹੋਈ ਹੈ।’ ਅੱਖਾਂ ਵਿਚੋਂ ਹੰਝੂ ਗਿਰ ਰਹੇ ਸਨ ਅਤੇ ਡੱਬਾ ਕੰਬਦੇ ਹੱਥਾਂ ਵਿਚ ਫੜਿਆ ਹੋਇਆ ਸੀ। ਮੈਂ ਨਾਂਹ ਕਿਵੇਂ ਕਰਦਾ, ਕੋਈ ਵੀ ਨਹੀਂ ਸੀ ਕਰ ਸਕਦਾ। ਅੱਧਾ ਕੁ ਲੱਡੂ ਮੂੰਹ ’ਚ ਪਾਉਂਦੇ ਸਾਰ ਹੀ ਮੇਰਾ ਲੂੰ ਲੂੰ ਸਵਾਦਿਆ ਗਿਆ। ਮੈਨੂੰ ਪੂਰੀ ਸ਼ਿੱਦਤ ਨਾਲ ਹੁਣ ਤਕ ਯਾਦ ਹੈ ਕਿ ਇਹ ਅੱਧਾ ਲੱਡੂ ਮੇਰੀ ਜ਼ਿੰਦਗੀ ਦੇ ਖਾਧੇ ਹੋਰ ਸਾਰੇ ਲੱਡੂਆਂ ਤੋਂ ਮਿੱਠਾ ਸੀ। ਇਸ ਦੀ ਵਿਲੱਖਣ ਮਿਠਾਸ ਅੱਜ ਵੀ ਮੇਰੀ ਯਾਦ ਦਾ ਅਭੁੱਲ ਅਨੁਭਵ ਬਣੀ ਹੋਈ ਹੈ। ਇਹ ਯਾਦ ਜ਼ਿੰਦਗੀ ਦੇ ਕਿਣਕਾ ਕੁ ਮਾਤਰ ਸਾਰਥਕ ਹੋ ਸਕਣ ਦੀ ਬਾਤ ਪਾਉਂਦੀ ਹੈ ਤੇ ਪਾਉਂਦੀ ਰਹੇਗੀ।
ਸੰਪਰਕ: 94173-00018