ਹਰਿੰਦਰ ਸਿੰਘ ਗੋਗਨਾ
ਪਾਰਸ ਜੰਕ ਫੂਡ ਬਹੁਤ ਖਾਂਦਾ ਸੀ। ਇਸੇ ਕਰਕੇ ਕਈ ਵਾਰ ਉਸ ਦੀ ਸਿਹਤ ਵੀ ਖ਼ਰਾਬ ਰਹਿੰਦੀ ਸੀ। ਉਸ ਦੇ ਮੰਮੀ-ਪਾਪਾ ਉਸ ਨੂੰ ਕਈ ਵਾਰ ਸਮਝਾਉਂਦੇ ਕਿ ਜੇਕਰ ਉਹ ਖਾਣ-ਪੀਣ ਦੇ ਮਾਮਲੇ ਵਿਚ ਇਸ ਤਰ੍ਹਾਂ ਹੀ ਲਾਪਰਵਾਹ ਰਿਹਾ ਤਾਂ ਉਹ ਉਸ ਦਾ ਜੇਬ ਖ਼ਰਚ ਬੰਦ ਕਰ ਦੇਣਗੇ। ਪਰ ਪਾਰਸ ਹੁਣ ਚੋਰੀ ਛਿਪੇ ਉਹ ਸਭ ਖਾਂਦਾ ਸੀ ਜਿਸ ਤੋਂ ਮੰਮੀ-ਪਾਪਾ ਵਰਜਦੇ ਸਨ।
ਇਕ ਦਿਨ ਤਾਂ ਉਸ ਦੇ ਪਾਪਾ ਨੇ ਉਸ ਨੂੰ ਇਕ ਰੇਹੜੀ ਤੋਂ ਉਬਲੀਆਂ ਛੱਲੀਆਂ ਖਾਂਦੇ ਦੇਖਿਆ ਤਾਂ ਉਨ੍ਹਾਂ ਨੇ ਪਾਰਸ ਨੂੰ ਖ਼ੂਬ ਡਾਂਟਿਆ ਤੇ ਨਾਲ ਹੀ ਰੇਹੜੀ ਵਾਲੇ ਨੂੰ ਵੀ ਕਾਫ਼ੀ ਗੁੱਸੇ ਹੋਏ ਕਿਉਂਕਿ ਰੇਹੜੀ ਵਾਲੇ ਨੇ ਜ਼ਰਾ ਵੀ ਸਫ਼ਾਈ ਨਹੀਂ ਸੀ ਰੱਖੀ ਤੇ ਛੱਲੀਆਂ ’ਤੇ ਕਿੰਨੀਆਂ ਹੀ ਮੱਖੀਆਂ ਬੈਠੀਆਂ ਸਨ। ਕੁਝ ਚਟਨੀ ਵਿਚ ਡਿੱਗੀਆਂ ਪਈਆਂ ਸਨ। ਘਰ ਆ ਕੇ ਪਾਰਸ ਕਾਫ਼ੀ ਸਮਾਂ ਰੋਂਦਾ ਰਿਹਾ ਤੇ ਉਸ ਨੇ ਫ਼ੈਸਲਾ ਕੀਤਾ ਕਿ ਉਹ ਹੁਣ ਪਾਪਾ ਨਾਲ ਗੱਲ ਨਹੀਂ ਕਰੇਗਾ।
ਐਤਵਾਰ ਨੂੰ ਰੱਖੜੀ ਦਾ ਤਿਉਹਾਰ ਸੀ, ਪਰ ਇਸ ਵਾਰ ਪਾਰਸ ਨੂੰ ਪਾਪਾ ਨਾਲ ਨਾਰਾਜ਼ਗੀ ਹੋਣ ਕਰਕੇ ਇਹ ਵੀ ਯਾਦ ਨਹੀਂ ਰਿਹਾ ਕਿ ਅੱਜ ਰੱਖੜੀ ਹੈ। ਸਵੇਰੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਦੇਖਿਆ ਕਿ ਉਸ ਦੀ ਭੈਣ ਉਸ ਨੂੰ ਜਗਾ ਰਹੀ ਸੀ ਤੇ ਕਹਿ ਰਹੀ ਸੀ, ‘ਪਾਰਸ, ਉੱਠਣਾ ਨਹੀਂ ? ਅੱਜ ਰੱਖੜੀ ਦਾ ਤਿਉਹਾਰ ਹੈ, ਕੁਝ ਯਾਦ ਹੈ ? ਵੇਖ ਮੈਂ ਤਾਂ ਨਹਾ ਧੋ ਕੇ ਥਾਲੀ ਵੀ ਸਜਾ ਲਈ ਤੇ ਤੂੰ ਅਜੇ ਵੀ ਸੁੱਤਾ ਹੈਂ।’
ਪਾਰਸ ਅੱਖਾਂ ਮਲਦਾ ਹੋਇਆ ਉੱਠ ਬੈਠਾ ਤੇ ਫਿਰ ਆਪਣੀ ਭੈਣ ਨੂੰ ਕਹਿਣ ਲੱਗਾ, ‘ਸੌਰੀ ਦੀਦੀ, ਮੈਂ ਸੱਚਮੁਚ ਹੀ ਭੁੱਲ ਗਿਆ ਸੀ ਕਿ ਅੱਜ ਰੱਖੜੀ ਦਾ ਤਿਉਹਾਰ ਹੈ। ਹਰ ਰੱਖੜੀ ’ਤੇ ਮੈਂ ਪਾਪਾ ਤੋਂ ਹੀ ਤਾਂ ਤੇਰੇ ਲਈ ਕੋਈ ਉਪਹਾਰ ਮੰਗਵਾਉਂਦਾ ਹਾਂ, ਪਰ ਇਸ ਵਾਰ ਮੈਂ ਉਨ੍ਹਾਂ ਨਾਲ ਨਾਰਾਜ਼…।’
‘ਕੋਈ ਗੱਲ ਨਹੀਂ, ਤੂੰ ਪਾਪਾ ਨਾਲ ਨਾਰਾਜ਼ ਹੈਂ ਮੇਰੇ ਨਾਲ ਤਾਂ ਨਹੀਂ? ਚੱਲ ਹੱਥ ਮੂੰਹ ਧੋ ਲੈ ਤੇ ਰੱਖੜੀ ਬੰਨ੍ਹਵਾ ਲੈ।’ ਪਾਰਸ ਦੀ ਭੈਣ ਪ੍ਰੀਤੀ ਨੇ ਕਿਹਾ।
ਫਿਰ ਪਾਰਸ ਨੇ ਰੱਖੜੀ ਬੰਨ੍ਹਵਾਈ ਤੇ ਕਹਿਣ ਲੱਗਾ, ‘ਦੀਦੀ, ਤੈਨੂੰ ਇਸ ਵਾਰ ਤੋਹਫ਼ੇ ਵਿਚ ਕੀ ਚਾਹੀਦਾ ਹੈ ਦੱਸ। ਮੈਂ ਹੁਣੇ ਬਾਜ਼ਾਰ ਜਾਵਾਂਗਾ ਤੇ ਆਪਣੇ ਇਕੱਠੇ ਕੀਤੇ ਪੈਸਿਆਂ ਦਾ ਤੋਹਫ਼ਾ ਲਿਆਵਾਂਗਾ।’
‘ਮੈਨੂੰ ਅੱਜ ਜਿਹੜਾ ਤੋਹਫ਼ਾ ਚਾਹੀਦਾ ਹੈ ਉਹ ਬਾਜ਼ਾਰੋਂ ਨਹੀਂ ਤੇਰੇ ਕੋਲੋਂ ਚਾਹੀਦਾ ਹੈ। ਜਿਹੜਾ ਇਸ ਸਮੇਂ ਤੇਰੇ ਕੋਲ ਹੈ। ਬਸ ਤੂੰ ਦੇਣ ਵਾਲਾ ਬਣ। ਕਿਤੇ ਮੁੱਕਰ ਨਾ ਜਾਵੀਂ।’ ਪਾਰਸ ਦੀ ਭੈਣ ਨੇ ਕਿਹਾ ਤਾਂ ਪਾਰਸ ਨੂੰ ਹੈਰਾਨੀ ਹੋਈ ਕਿ ਉਸ ਕੋਲ ਭੈਣ ਨੂੰ ਦੇਣ ਵਾਲਾ ਅਜਿਹਾ ਕਿਹੜਾ ਤੋਹਫ਼ਾ ਹੈ ਜਿਹੜਾ ਉਸ ਨੂੰ ਵੀ ਖ਼ਬਰ ਨਹੀਂ।
‘ਦੀਦੀ, ਪਹੇਲੀਆਂ ਨਾ ਬੁਝਾ ਤੇ ਸਾਫ਼ ਸਾਫ਼ ਦੱਸ ਕਿ ਮੇਰੇ ਕੋਲ ਅਜਿਹਾ ਕੀ ਹੈ ਜਿਹੜਾ ਮੈਂ ਤੈਨੂੰ ਹੁਣੇ ਦੇ ਸਕਦਾ ਹਾਂ। ਨਾਲੇ ਵਾਅਦਾ ਕਰਦਾ ਹਾਂ ਕਿ ਮੈਂ ਦੇਣ ਤੋਂ ਹਰਗਿਜ਼ ਇਨਕਾਰ ਨਹੀਂ ਕਰਾਂਗਾ।’ ਪਾਰਸ ਨੇ ਥਾਲੀ ਵਿਚੋਂ ਬਰਫ਼ੀ ਦਾ ਟੁਕੜਾ ਮੂੰਹ ਵਿਚ ਪਾਉਂਦੇ ਕਿਹਾ।
‘ਤਾਂ ਫਿਰ ਵਾਅਦਾ ਕਰ ਕਿ ਅੱਜ ਤੋਂ ਬਾਅਦ ਆਪਣੀ ਸਿਹਤ ਦਾ ਖ਼ਿਆਲ ਰੱਖੇਂਗਾ ਤੇ ਨੁਕਸਾਨਦੇਹ ਚੀਜ਼ਾਂ ਨਹੀਂ ਖਾਵੇਂਗਾ ਜਿਸ ਨਾਲ ਤੇਰੀ ਸਿਹਤ ਤੇ ਮੰਮੀ-ਪਾਪਾ ਦਾ ਮੂਡ ਖ਼ਰਾਬ ਹੋਵੇ। ਫਿਰ ਮੰਮੀ-ਪਾਪਾ ਵੀ ਤਾਂ ਤੇਰੀ ਭਲਾਈ ਲਈ ਹੀ ਤੈਨੂੰ ਕੁਝ ਆਖਦੇ ਹਨ ਤੇ ਤੂੰ ਹੈਂ ਕਿ ਉਨ੍ਹਾਂ ਨਾਲ ਨਾਰਾਜ਼ ਹੋ ਕੇ ਕਈ ਕਈ ਦਿਨ ਨਹੀਂ ਬੋਲਦਾ…।’ ਪ੍ਰੀਤੀ ਨੇ ਪਾਰਸ ਨੂੰ ਪਿਆਰ ਨਾਲ ਸਮਝਾਉਂਦੇ ਕਿਹਾ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਹ ਕਹਿਣ ਲੱਗਾ,‘ਵਾਹ ਦੀਦੀ, ਅੱਜ ਦੇ ਦਿਨ ਕੁਝ ਮੰਗਿਆ ਵੀ ਤਾਂ ਮੇਰੀ ਭਲਾਈ ਹੀ ਮੰਗੀ। ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਇੰਜ ਹੀ ਹੋਵੇਗਾ।’
ਇੰਨਾ ਸੁਣ ਕੇ ਪ੍ਰੀਤੀ ਨੇ ਪਾਰਸ ਨੂੰ ਗਲ਼ ਨਾਲ ਲਾ ਲਿਆ ਤੇ ਪਿੱਛੇ ਆ ਕੇ ਖੜ੍ਹੇ ਉਨ੍ਹਾਂ ਦੇ ਮੰਮੀ-ਪਾਪਾ ਭੈਣ-ਭਰਾ ਦਾ ਪਿਆਰ ਵੇਖ ਕੇ ਖ਼ੁਸ਼ੀ ਨਾਲ ਖਿੜ ਗਏ।
ਸੰਪਰਕ: 98723-25960