ਵਰਿੰਦਰ ਸ਼ਰਮਾ ਵਾਤਸਾਯਾਨ
‘‘ਮੋਚੀ ਦਾ ਮੁੰਡਾ ਬਣਿਆ ਪ੍ਰਿੰਸੀਪਲ।’’
‘‘ਹੈਂ! ਕੀ ਇਹ ਖ਼ਬਰ ਸੱਚ ਹੈ?’’ ਨੀਰਜ ਨੇ ਹੈਰਾਨੀ ਨਾਲ ਰਾਜੀਵ ਨੂੰ ਪੁੱਛਿਆ।
“ਹਾਂ, ਸਿੱਧਾ ਚੁਣਿਆ ਗਿਆ ਹੈ।” ਰਾਜੀਵ ਨੇ ਕਿਹਾ। ਆਪਣੀ ਗੱਲ ਜਾਰੀ ਰੱਖਦਿਆਂ ਰਾਜੀਵ ਨੇ ਕਿਹਾ, ‘‘ਦੋਸਤ, ਈਰਖਾ ਨਾ ਕਰ। ਮੁਕਾਬਲਾ ਕਰ।’’
‘‘ਮੈਂ ਈਰਖਾ ਕਿਉਂ ਕਰਾਂ? ਇਹ ਚੰਗੀ ਕਿਸਮਤ ਅਤੇ ਪਿਛਲੇ ਜਨਮ ਦੇ ਕਰਮਾਂ ਦਾ ਨਤੀਜਾ ਹੋਵੇਗਾ।’’ ਨੀਰਜ ਨੇ ਕਿਹਾ।
‘‘ਨਹੀਂ, ਨੀਰਜ। ਇਹ ਰਾਜ ਕੁਮਾਰ ਦਾ ਉੱਦਮ ਹੈ। ਉਸ ਦੀ ਕਰੜੀ ਘਾਲਣਾ ਹੈ ਕਿ ਉਸ ਨੂੰ ਇੰਨਾ ਵੱਡਾ ਅਹੁਦਾ ਮਿਲਿਆ ਹੈ।’’
‘‘ਤੁਸੀਂ ਰਾਜੂ ਉਰਫ਼ ਰਾਜ ਕੁਮਾਰ ਨੂੰ ਕਿਵੇਂ ਜਾਣਦੇ ਹੋ?’’
‘‘ਇਹ ਬੜੀ ਲੰਬੀ ਕਹਾਣੀ ਹੈ। ਸੁਣਨਾ ਚਾਹੁੰਦੇ ਹੋ ਤਾਂ ਸੁਣੋ। ਰਾਜੂ ਦੇ ਪੈਦਾ ਹੁੰਦਿਆਂ ਹੀ ਉਸ ਦੀ ਮਾਂ ਚੱਲ ਵਸੀ। ਉਸ ਦਾ ਪਿਤਾ ਜੀਤਾ ਜੁੱਤੀਆਂ ਗੰਢ-ਤੁੱਪ ਕੇ ਆਪਣਾ ਗੁਜ਼ਾਰਾ ਕਰਦਾ ਸੀ। ਉਸ ਨੇ ਬੜੀ ਮਿਹਨਤ ਨਾਲ ਰਾਜੂ ਨੂੰ ਪੜ੍ਹਾਇਆ।
ਸ਼ੁਰੂ ਤੋਂ ਹੀ ਰਾਜੂ ਦੇ ਮਨ ’ਚ ਇੱਕੋ ਇੱਕ ਪ੍ਰਬਲ ਇੱਛਾ ਅਧਿਆਪਕ ਬਣਨ ਦੀ ਸੀ। ਉਸ ਦੇ ਹੱਥ ’ਚ ਹਰ ਵੇਲੇ ਕਿਤਾਬ ਹੁੰਦੀ। ਉਸ ਦੇ ਪਿਤਾ ਨੇ ਉਸ ਨੂੰ ਕਈ ਵਾਰ ਸਮਝਾਇਆ ਕਿ ਪੜ੍ਹਾਈ ਨਾਲੋਂ ਸਿਹਤ ਨੂੰ ਤਰਜੀਹ ਦਿਆ ਕਰੇ। ਰਾਜੂ ਲਗਾਤਾਰ ਮਿਹਨਤ ਕਰਦਾ ਰਿਹਾ। ਉਸ ਦੀ ਮਿਹਨਤ ਰੰਗ ਲਿਆਈ। ਉਸ ਨੂੰ ਮੋਗਾ ਜ਼ਿਲ੍ਹੇ ’ਚ ਬਤੌਰ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। ਹਾਂ ਅਜੇ, ਉਸ ਨੂੰ ਆਪਣੀ ਨਿਯੁਕਤੀ ਦੇ ਹੁਕਮ ਮਿਲਣੇ ਹੀ ਸਨ ਕਿ ਬਦਕਿਸਮਤੀ ਨਾਲ ਚੰਡੀਗੜ੍ਹ ਜਾਂਦੇ ਸਮੇਂ ਉਹ ਹਾਦਸੇ ’ਚ ਗੰਭੀਰ ਜ਼ਖ਼ਮੀ ਹੋ ਗਿਆ। ਇਸ ਕਾਰਨ ਉਸ ਦੀ ਨਿਯੁਕਤੀ ਪੱਤਰ ਲੈਣ ਦੀ ਮਿਤੀ ਲੰਘ ਗਈ।
ਬੇਮਿਸਾਲ ਹੌਸਲੇ ਵਾਲੇ ਰਾਜੂ ਨੇ ਆਪਣੇ ਮਨ ’ਚ ਹੀ ਫ਼ੈਸਲਾ ਕੀਤਾ ਅਤੇ ਸਿੱਧਾ ਸਿੱਖਿਆ ਸਕੱਤਰ ਦੇ ਦਫਤਰ ਚਲਾ ਗਿਆ। ਉਸ ਨੇ ਮਾਣਯੋਗ ਸਿੱਖਿਆ ਸਕੱਤਰ ਨੂੰ ਆਪਣੀ ਕਹਾਣੀ ਸੁਣਾਈ। ਸਿੱਖਿਆ ਸਕੱਤਰ ਦਾ ਕੰਮ ਕਰਨ ਦਾ ਆਪਣਾ ਵੱਖਰਾ ਹੀ ਤਰੀਕਾ ਸੀ। ਇਸ ਲਈ ਉਹ ਰਾਜੂ ਦੀ ਕਹਾਣੀ ’ਤੇ ਕਿੱਥੇ ਵਿਸ਼ਵਾਸ ਕਰਨ ਵਾਲਾ ਸੀ?
ਰਾਜੂ ਨੇ ਕਿਹਾ, ‘ਸਰ, ਕਿਰਪਾ ਕਰਕੇ ਮੇਰੇ ’ਤੇ ਰਹਿਮ ਕਰੋ। ਮੈਂ ਬਹੁਤ ਹੀ ਸੰਘਰਸ਼ਮਈ ਸਫ਼ਰ ’ਚੋਂ ਲੰਘਿਆ ਹਾਂ। ਮੈਨੂੰ ਨੌਕਰੀ ਲਈ ਇੱਕ ਹੋਰ ਮੌਕਾ ਦੇਣ ਦੀ ਕਿਰਪਾਲਤਾ ਕਰੋ।’
ਸਿੱਖਿਆ ਸਕੱਤਰ ਨੇ ਕਿਹਾ, ‘ਇਸ ਦਾ ਸਾਡੇ ਨਾਲ ਕੀ ਸਬੰਧ? ਹਰ ਕੋਈ ਨੌਕਰੀ ਲੈਣ ਲਈ ਸੰਘਰਸ਼ ਕਰਦਾ ਹੀ ਹੈ। ਇਹ ਕਿਹੜੀ ਕੋਈ ਨਵੀਂ ਗੱਲ ਹੈ। ਤੁਸੀਂ ਕਿਹੜਾ ਵਿਲੱਖਣ ਕੰਮ ਕੀਤਾ ਹੈ? ਜੇ ਕੀਤਾ ਹੈ ਤਾਂ ਦੱਸ, ਅਸੀਂ ਵੀ ਸੁਣ ਲਈਏ ਤੇਰੀ ਕਹਾਣੀ।’
‘ਸਰ, ਮੈਂ ਆਪਣੀ ਕਹਾਣੀ ਬਾਰੇ ਤੁਹਾਨੂੰ ਕੀ ਦੱਸਾਂ? ਬਚਪਨ ’ਚ ਹੀ ਮੈਨੂੰ ਮਾਂ ਤੋਂ ਬਿਨਾਂ ਰਹਿਣਾ ਪਿਆ। ਮੈਨੂੰ ਆਪਣੇ ਪਿਤਾ ਦੀ ਕੰਮ ’ਚ ਮਦਦ ਕਰਨੀ ਪੈਂਦੀ ਸੀ।’
‘ਤੁਹਾਡੇ ਪਿਤਾ ਕੀ ਕਰਦੇ ਹਨ?’
‘ਸਰ, ਉਹ ਮੋਚੀ ਹਨ। ਲੋੜ ਪੈਣ ’ਤੇ ਮੈਂ ਵੀ ਜੁੱਤੀਆਂ ਗੰਢਣ ਦਾ ਕੰਮ ਕੀਤਾ। ਉਦੋਂ ਮੇਰੇ ਕਈ ਦੋਸਤ ਮੇਰਾ ਮਜ਼ਾਕ ਉਡਾਉਂਦੇ ਪਰ ਮੈਂ ਬਿਨਾਂ ਪਰਵਾਹ ਕੀਤੇ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੇ ਪਿਤਾ ਜੀ ਦਾ ਹੱਥ ਵਟਾਇਆ। ਅੰਤ ’ਚ ਵਿਭਾਗ ਵੱਲੋਂ ਸ਼ੁਰੂ ਕੀਤੀ ਨਵੀਂ ਯੋਜਨਾ ਤਹਿਤ ਪ੍ਰਿੰਸੀਪਲ ਨਿਯੁਕਤੀ ਦੀ ਪ੍ਰੀਖਿਆ ਪਾਸ ਕਰਨ ’ਚ ਸਫਲ ਹੋ ਗਿਆ।’
ਰਾਜੂ ਦੀ ਸੰਘਰਸ਼ ਭਰੀ ਕਹਾਣੀ ਨੇ ਸਿੱਖਿਆ ਸਕੱਤਰ ਦਾ ਦਿਲ ਜਿੱਤ ਲਿਆ। ਉਸ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਸਿੱਖਿਆ ਸਕੱਤਰ ਨੇ ਇਹ ਵੀ ਸਲਾਹ ਦਿੱਤੀ ਕਿ ‘ਜ਼ਿਆਦਾਤਰ ਗ਼ਰੀਬ ਲੋਕਾਂ ਦੇ ਬੱਚੇ ਇਨ੍ਹਾਂ ਸਕੂਲਾਂ ’ਚ ਸਿੱਖਿਆ ਪ੍ਰਾਪਤ ਕਰਨ ਲਈ ਆਉਣਗੇ, ਤੁਸੀਂ ਉਨ੍ਹਾਂ ਦੇ ਭਵਿੱਖ ਦਾ ਨਿਰਮਾਤਾ ਬਣਨਾ ਹੈ।’
‘ਹਾਂ ਸਰ, ਮੈਂ ਸਾਰੀ ਉਮਰ ਉੱਦਮੀ ਬਣਿਆ ਰਹਾਂਗਾ।’
ਦੂਜੇ ਪਾਸੇ ਸਿਆਸੀ ਪਹੁੰਚ ਕਰ ਕੇ ਪਿੰਡ ਦੇ ਸਰਪੰਚ ਦੀ ਨੂੰਹ ਵੀ ਇਸੇ ਸਕੂਲ ਦੀ ਪ੍ਰਿੰਸੀਪਲ ਵਜੋਂ ਨਿਯੁਕਤੀ ਦੇ ਹੁਕਮ ਲੈ ਕੇ ਆਈ ਸੀ। ਇਸ ਲਈ ਨਿਯੁਕਤੀ ਵਾਲੇ ਦਿਨ ਸਕੂਲ ’ਚ ਡਿਊਟੀ ਜੌਇਨ ਕਰਨ ਵੇਲੇ ਪਿੰਡ ਦੀ ਪੰਚਾਇਤ ਨੇ ਜਾਣਬੁੱਝ ਕੇ ਉਸ ਦੀ ਜੌਇਨਿੰਗ ’ਚ ਅੜਿੱਕਾ ਡਾਹੁਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ। ਪਰ ਸਿੱਖਿਆ ਸਕੱਤਰ ਦੇ ਇੱਕ ਫੋਨ ’ਤੇ ਹੀ ਰਾਜੂ ਨੂੰ ਉਸੇ ਸਕੂਲ ’ਚ ਜੌਇਨ ਕਰਵਾ ਦਿੱਤਾ ਗਿਆ।
ਨਿਯੁਕਤੀ ਵਾਲੇ ਦਿਨ ਰਾਜੂ ਦਾ ਪਿਤਾ ਹੰਝੂ ਭਰੀਆਂ ਅੱਖਾਂ ਨਾਲ ਪ੍ਰਿੰਸੀਪਲ ਦੀ ਕੁਰਸੀ ’ਤੇ ਬੈਠੇ ਆਪਣੇ ਪੁੱਤਰ ਰਾਜ ਕੁਮਾਰ ਵੱਲ ਦੇਖ ਰਿਹਾ ਸੀ।’’
“ਨੀਰਜ, ਸੱਚਮੁੱਚ ਰਾਜਕੁਮਾਰ ਨੇ ਆਪਣੀ ਮਿਹਨਤ, ਲਗਨ, ਯੋਗਤਾ ਅਤੇ ਹਿੰਮਤ ਨਾਲ ਇਹ ਅਹੁਦਾ ਹਾਸਲ ਕੀਤਾ ਹੈ।” ਰਾਜੀਵ ਨੇ ਕਿਹਾ।
* * *
ਸਕੂਨ
ਚਰਨਜੀਤ ਕੌਰ
ਸ਼ਾਮ ਢਲ ਚੁੱਕੀ ਸੀ। ਸ਼ਿੰਦਰੀ ਬੱਦਲਾਂ ਦੀ ਗੜਗੜਾਹਟ ਨਾਲ ਡਰ ਕੇ ਰੁਕ ਜਾਂਦੀ। ਉਸ ਤੋਂ ਹੋਰ ਕਦਮ ਨਾ ਪੁੱਟਿਆ ਜਾਂਦਾ। ਹਿੰਮਤ ਕਰਕੇ ਅੱਗੇ ਕਦਮ ਪੁੱਟਦੀ। ਬਿਜਲੀ ਦੀ ਗੜਗੜਾਹਟ ਨਾਲ ਫਿਰ ਰੁਕ ਜਾਂਦੀ। ਜ਼ਿਹਨੀ ਸੋਚਾਂ ਦੀ ਬਿਜਲੀ ਕੌਂਧ ਰਹੀ ਸੀ। ਥੰਮਣ ਦਾ ਨਾਂ ਨਹੀਂ ਲੈ ਰਹੀ ਸੀ। ਅਚਾਨਕ ਪੈਰ ਸੜਕ ਕਿਨਾਰੇ ਲੱਗੇ ਬੈਂਚ ਨਾਲ ਵੱਜਣ ’ਤੇ ਸ਼ਿੰਦਰੀ ਨੂੰ ਦਰਦ ਦਾ ਅਹਿਸਾਸ ਹੋਇਆ ਤੇ ਉਸ ਦੀਆਂ ਸੋਚਾਂ ਦੀ ਲੜੀ ਟੁੱਟੀ। ਬੈਂਚ ’ਤੇ ਬੈਠ ਕੇ ਦੇਖਿਆ ਕਿ ਖ਼ੂਨ ਵਗ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚੋਂ ਆਪਮੁਹਾਰੇ ਹੰਝੂ ਕਿਰਨ ਲੱਗੇ। ਉੱਠੀ ਤੇ ਲੜਖੜਾਉਂਦੀ ਫਿਰ ਅੱਗੇ ਵਧਣ ਲੱਗੀ। ਫਿਰ ਸੋਚਾਂ ਦੀ ਲੜੀ ਚੱਲਣ ਲੱਗੀ ਕਿ ਤਿੰਨ ਧੀਆਂ ਤੇ ਇੱਕ ਪੁੱਤਰ ਦੀ ਮਾਂ ਨੇ ਕਿੰਨੇ ਚਾਵਾਂ ਨਾਲ ਸ਼ਿੰਦਰੀ ਦਾ ਵਿਆਹ ਵਿਦੇਸ਼ ਵਸਦੇ ਕਰਨਵੀਰ ਨਾਲ ਕੀਤਾ ਸੀ। ਰੱਜ ਕੇ ਸੋਹਣੀ ਕੋਈ ਕੱਪੜਾ ਵੀ ਪਾਉਂਦੀ ਤਾਂ ਫੱਬ-ਫੱਬ ਪੈਂਦਾ। ਉਹ ਸਰਕਾਰੀ ਸਕੂਲ ਅਧਿਆਪਕਾ ਸੀ। ਸੋਹਣੀ ਤਨਖ਼ਾਹ ਸੀ। ਕੀ ਪਤਾ ਸੀ ਸੂਰਤ ਤੋਂ ਸੋਹਣੀ ਤੇ ਪੜ੍ਹੀ ਲਿਖੀ ਸ਼ਿੰਦਰੀ ਦੀ ਤਕਦੀਰ ਇੰਨੀ ਮਾੜੀ ਹੋਵੇਗੀ।
ਸ਼ਿੰਦਰੀ ਦਾ ਨਾਂ ਹਰਸ਼ਿੰਦਰ ਕੌਰ ਸੀ। ਪਿਆਰ ਨਾਲ ਮਾਂ ਉਸ ਨੂੰ ਸ਼ਿੰਦਰੀ ਕਹਿ ਕੇ ਬੁਲਾਉਂਦੀ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਉਹ ਪਤੀ ਕੋਲ ਵਿਦੇਸ਼ ਚਲੀ ਗਈ। ਪਹਿਲੇ ਕੁਝ ਮਹੀਨੇ ਬਹੁਤ ਸੋਹਣੇ ਬੀਤੇ। ਇੱਕ ਦਿਨ ਕਰਨਵੀਰ ਨੇ ਸ਼ਿੰਦਰੀ ਨੂੰ ਕਿਹਾ ਕਿ ਇੱਥੇ ਇੱਕ ਦੀ ਨੌਕਰੀ ਨਾਲ ਗੁਜ਼ਾਰਾ ਨਹੀਂ। ਤੂੰ ਵੀ ਨੌਕਰੀ ਕਰ। ਪੜ੍ਹੀ ਲਿਖੀ ਹੋਣ ਕਰ ਕੇ ਉਸ ਨੂੰ ਨੌਕਰੀ ਵੀ ਜਲਦੀ ਮਿਲ ਗਈ। ਦੋਵਾਂ ਦਾ ਨੌਕਰੀ ’ਤੇ ਜਾਣ ਦਾ ਸਮਾਂ ਵੱਖ-ਵੱਖ ਸੀ। ਕਰਨਵੀਰ ਸ਼ਾਮ ਨੂੰ ਕੰਮ ’ਤੇ ਜਾਂਦਾ ਤੇ ਸ਼ਿੰਦਰੀ ਅੰਮ੍ਰਿਤ ਵੇਲੇ ਜਾਣ ਤੋਂ ਪਹਿਲਾਂ ਕਰਨਵੀਰ ਦੀ ਰੋਟੀ ਬਣਾ ਕੇ ਜਾਂਦੀ। ਸ਼ਿੰਦਰੀ ਦੇ ਬੱਚਾ ਹੋਣ ਵਾਲਾ ਹੋ ਗਿਆ। ਕਰਨਵੀਰ ਉਸ ਦਾ ਖਿਆਲ ਨਹੀਂ ਸੀ ਰੱਖਦਾ। ਦੋਵਾਂ ਦੀ ਆਪਸ ਵਿੱਚ ਗੱਲਬਾਤ ਬਹੁਤ ਘਟ ਗਈ। ਰਿਸ਼ਤੇ ਵਿੱਚ ਖਟਾਸ ਆਉਣੀ ਲਾਜ਼ਮੀ ਸੀ। ਹੌਲੀ-ਹੌਲੀ ਲੜਾਈ ਝਗੜੇ ਵਧਣ ਲੱਗੇ। ਸ਼ਿੰਦਰੀ ਨੇ ਪੁੱਤਰ ਨੂੰ ਜਨਮ ਦਿੱਤਾ, ਪਰ ਕਰਨਵੀਰ ਨੂੰ ਕੋਈ ਫ਼ਰਕ ਨਾ ਪਿਆ। ਉਹ ਛੁੱਟੀ ਵਾਲੇ ਦਿਨ ਕਲੱਬਾਂ ਵਿੱਚ ਚਲਾ ਜਾਂਦਾ ਤੇ ਉਹ ਇਕੱਲੀ ਘਰ ਵਿੱਚ ਬੱਚੇ ਨੂੰ ਦੇਖਦੀ ਰਾਤਾਂ ਨੂੰ ਕਰਨਵੀਰ ਦਾ ਇੰਤਜ਼ਾਰ ਕਰਦੀ। ਉਹ ਨਸ਼ੇ ਵਿੱਚ ਧੁੱਤ ਘਰ ਵੜਦਾ। ਰਾਤੀ ਉਸ ਨੂੰ ਘਰ ਵਿੱਚ ਡਰ ਲੱਗਦਾ ਤਾਂ ਉਹ ਬੱਚੇ ਨੂੰ ਲੈ ਕੇ ਘਰ ਦੇ ਬਾਹਰ ਸੜਕ ’ਤੇ ਬਣੇ ਬਸ ਸਟਾਪ ’ਤੇ ਜਾ ਕੇ ਬੈਠੀ ਰੋਂਦੀ ਰਹਿੰਦੀ। ਜੇ ਉਹ ਕਰਨਵੀਰ ਨੂੰ ਕੁਝ ਕਹਿੰਦੀ ਤਾਂ ਉਹ ਮਾਰਦਾ। ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। ਘਰ ਵਿੱਚ ਹਵਾ ਨਾਲ ਪਰਦਾ ਵੀ ਹਿਲਦਾ ਤਾਂ ਡਰ ਜਾਂਦੀ। ਅੱਜ ਪਤੀ ਨੇ ਅਚਾਨਕ ਇੰਨੀ ਵੱਡੀ ਗੱਲ ‘ਜਾ ਕਿਧਰੇ ਜਾ ਕੇ ਮਰ ਜਾ, ਮੈਨੂੰ ਤੇਰੀ ਲੋੜ ਨਹੀਂ’ ਕਹਿੰਦਿਆਂ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਰਾਤ ਦਾ ਸਮਾਂ ਸੀ। ਸ਼ਿੰਦਰੀ ਸੋਚਾਂ ਵਿੱਚ ਸੜਕ ’ਤੇ ਇਕੱਲੀ ਹੀ ਬੱਚੇ ਨੂੰ ਲੈ ਕੇ ਤੁਰ ਪਈ। ਇੱਕ ਪਲ ਮਰਨ ਦੀ ਸੋਚੀ। ਅਚਾਨਕ ਸਾਹਮਣੇ ਬਸ ਦੀ ਰੋਸ਼ਨੀ ਪਈ ਤੇ ਬਸ ਕੋਲ ਆ ਕੇ ਰੁਕੀ। ਉਸ ਨੂੰ ਪਤਾ ਹੀ ਨਹੀ ਲੱਗਿਆ ਤੇ ਉਹ ਬਸ ਚੜ੍ਹ ਕੇ ਆਪਣੇ ਨਾਲ ਪੰਜਾਬ ਤੋਂ ਹੀ ਗਈ ਕੁੜੀ ਸ਼ਰਨ ਦੇ ਘਰ ਪਹੁੰਚ ਗਈ। ਘੰਟੀ ਵਜਾਈ ਅੰਦਰੋਂ ਸ਼ਰਨ ਦੇ ਪਤੀ ਨੇ ਦਰਵਾਜ਼ਾ ਖੋਲਿਆ। ਇੰਨੀ ਰਾਤ ਨੂੰ ਬੱਚੇ ਨਾਲ ਇਕੱਲੀ ਸ਼ਿੰਦਰੀ ਨੂੰ ਦੇਖ ਕੇ ਡਰ ਗਿਆ। ਉਸ ਨੂੰ ਦੇਖਦੇ ਹੀ ਉਸ ਦੀਆਂ ਭੁੱਬਾਂ ਨਿਕਲ ਗਈਆਂ। ਉਸ ਨੇ ਸ਼ਿੰਦਰੀ ਨੂੰ ਸੋਫੇ ’ਤੇ ਬਿਠਾਇਆ, ਪਾਣੀ ਦਿੱਤਾ ਪਰ ਉਸ ਦੀਆਂ ਸਿਸਕੀਆਂ ਬੰਦ ਨਹੀਂ ਹੋ ਰਹੀਆਂ ਸਨ। ਪਤੀ ਨੇ ਸ਼ਰਨ ਨੂੰ ਆਵਾਜ਼ ਮਾਰੀ। ਜਦੋਂ ਉਹ ਬਾਹਰ ਆਈ ਤਾਂ ਸ਼ਿੰਦਰੀ ਨੂੰ ਇਸ ਹਾਲਤ ਵਿੱਚ ਰਾਤ ਨੂੰ ਬੱਚੇ ਨਾਲ ਦੇਖ ਕੇ ਘਬਰਾ ਗਈ। ਸ਼ਿੰਦਰੀ ਉਸ ਦੇ ਗਲ ਲੱਗ ਕੇ ਬਹੁਤ ਰੋਈ। ਉਨ੍ਹਾਂ ਨੇ ਉਸ ਨੂੰ ਬਹੁਤ ਮੁਸ਼ਕਿਲ ਨਾਲ ਸ਼ਾਂਤ ਕੀਤਾ ਤੇ ਸਾਰੀ ਗੱਲ ਦੱਸਣ ਲਈ ਕਿਹਾ। ਸ਼ਿੰਦਰੀ ਨੇ ਸਾਰੀ ਗੱਲ ਦੱਸੀ ਤੇ ਪੰਜਾਬ ਵਾਪਸ ਜਾਣ ਬਾਰੇ ਕਹਿੰਦਿਆਂ ਉਨ੍ਹਾਂ ਤੋਂ ਮਦਦ ਮੰਗੀ। ਸ਼ਰਨ ਦੇ ਪਤੀ ਨੇ ਕਿਹਾ ਕਿ ਅਸੀਂ ਤੇਰੇ ਜਾਣ ਦਾ ਇੰਤਜ਼ਾਮ ਕਰ ਦਿਆਂਗੇ, ਤੂੰ ਹਾਲੇ ਸਾਡੇ ਕੋਲ ਹੀ ਰਹੀਂ। ਸ਼ਰਨ ਦੇ ਪਤੀ ਨੇ ਉਸ ਦੇ ਪੰਜਾਬ ਜਾਣ ਦਾ ਇੰਤਜ਼ਾਮ ਕਰ ਦਿੱਤਾ ਤੇ ਉਸ ਨੂੰ ਹਵਾਈ ਜਹਾਜ਼ ’ਚ ਬਿਠਾ ਆਏ। ਕਰਨਵੀਰ ਨੇ ਸ਼ਿੰਦਰੀ ਨੂੰ ਲੱਭਣ ਦੀ ਕੋਸ਼ਿਸ਼ ਵੀ ਨਾ ਕੀਤੀ। ਉਸ ਨੇ ਇਸ ਬਾਰੇ ਆਪਣੇ ਪੇਕਿਆਂ ਨੂੰ ਵੀ ਨਾ ਦੱਸਿਆ ਤੇ ਪੰਜਾਬ ਪਹੁੰਚ ਗਈ। ਜਦੋਂ ਘਰ ਆਈ ਤਾਂ ਭਰਾ-ਭਰਜਾਈ ਸ਼ਿੰਦਰੀ ਨੂੰ ਆਈ ਦੇਖ ਕੇ ਹੈਰਾਨ ਹੋ ਗਏ। ਗਲੇ ਲਗਾਇਆ। ਮਾਂ ਉਸ ਦੇ ਵਿਦੇਸ਼ ਜਾਣ ਪਿੱਛੋਂ ਮਰ ਚੁੱਕੀ ਸੀ। ਭਰਜਾਈ ਸੁਭਾਅ ਪੱਖੋਂ ਬੜੀ ਚੰਗੀ ਸੀ। ਭਰਜਾਈ ਦੇ ਗਲੇ ਲੱਗੀ ਦੀਆਂ ਸਿਸਕੀਆਂ ਬੰਦ ਨਹੀਂ ਹੋ ਰਹੀਆਂ ਸਨ। ਉਨ੍ਹਾਂ ਨੇ ਸ਼ਿੰਦਰੀ ਨੂੰ ਉਸ ਸਮੇਂ ਕੁਝ ਨਾ ਪੁੱਛਿਆ। ਹੌਲੀ-ਹੌਲੀ ਸ਼ਿੰਦਰੀ ਨੇ ਸਾਰੀ ਗੱਲ ਦੱਸ ਦਿੱਤੀ। ਭਰਾ ਨੇ ਹੌਸਲਾ ਦਿੱਤਾ। ਨਵੇਂ ਸਿਰੇ ਤੋਂ ਬਿਨਾਂ ਤਨਖ਼ਾਹ ਲਈ ਛੁੱਟੀ ਦੁਬਾਰਾ ਜੌਇਨ ਕੀਤੀ। ਭਰਜਾਈ ਬੱਚੇ ਨੂੰ ਰੱਖਦੀ ਤੇ ਉਹ ਨੌਕਰੀ ’ਤੇ ਜਾਂਦੀ। ਬੱਚਾ ਵੱਡਾ ਹੋਣ ਲੱਗਾ, ਸਕੂਲ ਜਾਣ ਲੱਗਾ। ਸ਼ਿੰਦਰੀ ਨੇ ਕਿਰਾਏ ’ਤੇ ਮਕਾਨ ਲੈ ਲਿਆ। ਉਮਰ ਦਾ ਸੂਰਜ ਢਲਣ ਲੱਗਾ। ਸਮਾਂ ਆਪਣੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਸੀ। ਸ਼ਿੰਦਰੀ ਸੇਵਾਮੁਕਤ ਹੋ ਗਈ। ਉਹ ਕੌੜੀਆਂ ਯਾਦਾਂ ਨੂੰ ਪਿੱਛੇ ਛੱਡ ਚੁੱਕੀ ਸੀ। ਬੱਚਾ ਬਹੁਤ ਲਾਇਕ ਸੀ। ਉਹ ਮਾਂ ਨੂੰ ਆਪਣੇ ਪਿਤਾ ਬਾਰੇ ਕਦੇ ਨਾ ਪੁੱਛਦਾ। ਉਹ ਬਾਹਰ ਦੀ ਕੰਪਨੀ ਵਿੱਚ ਨੌਕਰੀ ਲੱਗ ਗਿਆ। ਸੋਹਣੀ ਤਨਖ਼ਾਹ ਸੀ। ਅੱਜ ਜਦੋਂ ਬੱਚੇ ਨੇ ਦੱਸਿਆ ਕਿ ਕੰਪਨੀ ਵਿਦੇਸ਼ ਵਿੱਚ ਨੌਕਰੀ ਲਈ ਬੁਲਾ ਰਹੀ ਹੈ ਤਾਂ ਸ਼ਿੰਦਰੀ ਦੀਆਂ ਕੌੜੀਆਂ ਯਾਦਾਂ ਫਿਰ ਤਾਜ਼ਾ ਹੋ ਗਈਆਂ। ਅਚਾਨਕ ਗੁਰਦੁਆਰਾ ਸਾਹਿਬ ਤੋਂ ਪਾਠ ਦੀ ਆਵਾਜ਼ ਆਈ। ਉਸ ਦੀਆਂ ਯਾਦਾਂ ਦੀ ਲੜੀ ਟੁੱਟੀ। ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਘਰ ਵੱਲ ਤੁਰ ਪਈ ਕਿ ਅੱਜ ਪੁੱਤਰ ਨੂੰ ਸਭ ਦੱਸ ਦਿਆਂਗੀ। ਅੰਦਰ ਆ ਕੇ ਉਸ ਨੇ ਆਪਣੇ ਪੁੱਤਰ ਨੂੰ ਉਸ ਦੇ ਪਿਤਾ ਬਾਰੇ ਸਭ ਸੱਚ ਦੱਸ ਦਿੱਤਾ। ਪੁੱਤਰ ਨੇ ਮਾਂ ਨੂੰ ਗਲੇ ਲਗਾਇਆ। ਸ਼ਿੰਦਰੀ ਦੇ ਹੰਝੂ ਰੁਕਣ ਦਾ ਨਾ ਨਹੀਂ ਲੈ ਰਹੇ ਸਨ।
ਮੁੰਡਾ ਸੋਚ ਰਿਹਾ ਸੀ ਜਿਸ ਵਿਦੇਸ਼ੀ ਧਰਤੀ ਨੇ ਉਸ ਦੀ ਮਾਂ ਨੂੰ ਇੰਨੇ ਦੁੱਖ ਦਿੱਤੇ ਹਨ ਉਹ ਉੱਥੇ ਨਹੀਂ ਜਾਏਗਾ। ਸ਼ਿੰਦਰੀ ਦਾ ਮਨ ਇੰਨਾ ਹਲਕਾ ਹੋ ਗਿਆ ਕਿ ਉਹ ਸਕੂਨ ਦੀ ਨੀਂਦ ਸੁੱਤੀ।
ਸੰਪਰਕ: 98887-85390
* * *
ਕਿਤਾਬਾਂ ਸਕੂਲੋਂ ਬਾਹਰ ਤੋਂ
ਹਰਭਜਨ ਸਿੰਘ
‘‘ਕੁਲਜੀਤ ਸਿੰਹੁ, ਤੂੰ ਦਿਹਾੜੀਦਾਰ ਬੰਦਾ ਏਂ। ਆਪਣੇ ਬੱਚੇ ਦਾ ਸਰਕਾਰੀ ਸਕੂਲ ’ਚ ਦਾਖਲਾ ਕਰਵਾ ਦੇ ਤੇ ਸਰਕਾਰੀ ਸਹੂਲਤਾਂ ਦਾ ਫ਼ਾਇਦਾ ਲੈ। ਤੂੰ ਮੇਰੀ ਗੱਲ ’ਤੇ ਸੋਚ ਵਿਚਾਰ ਕਰਕੇ ਫ਼ੈਸਲਾ ਕਰੀਂ।’’ ਇੰਨਾ ਸੁਣ ਕੇ ਕੁਲਜੀਤ ਮੇਰੇ ’ਤੇ ਭੜਕ ਕੇ ਬੋਲਿਆ, ‘‘ਜਾ ਜਾ ਪਰ੍ਹੇ। ਤੂੰ ਬਹੁਤਾ ਬਣਿਆ ਫਿਰਦੈਂ ਮਾਸਟਰ। ਤੂੰ ਮੈਨੂੰ ਮੂਰਖ ਸਮਝਿਐ? ਮੈਂ ਆਪਣੇ ਪਿੰਡ ਵਾਲੇ ਮਸ਼ਹੂਰ ਸਕੂਲ ਜਾ ਕੇ ਸਭ ਪਤਾ ਕਰ ਲਿਆ। ਉਹ ਵਿਚਾਰੇ ਤਾਂ ਸਿਰਫ਼ ਸਕੂਲ ਦੀ ਫੀਸ ਲੈਂਦੇ ਨੇ ਤੇ ਆਖਦੇ ਨੇ ਭਾਈ ਸਾਹਿਬ ਤੁਸੀਂ ਕਿਤਾਬਾਂ ਸਕੂਲੋਂ ਬਾਹਰ ਤੋਂ ਲੈਣੀਆਂ ਨੇ ਆਪਣੀ ਮਰਜ਼ੀ ਨਾਲ। ਕਿੰਨੇ ਚੰਗੇ ਨੇ ਵਿਚਾਰੇ।’’ ਮੈਂ ਚੁੱਪਚਾਪ ਉਸ ਦੀਆਂ ਗੱਲਾਂ ਸੁਣਦਾ ਰਿਹਾ। ‘‘ਆਪਣੀ ਮਰਜ਼ੀ ਕਰ ਭਾਈ,’’ ਕਹਿ ਕੇ ਮੈਂ ਚਾਲੇ ਪਾ ਦਿੱਤੇ।
ਦੋ ਮਹੀਨੇ ਬਾਅਦ ਕੁਲਜੀਤ ਦਾ ਫੋਨ ਆਇਆ। ਕਹਿਣ ਲੱਗਾ, ‘‘ਮੈਂ ਤੈਨੂੰ ਮਿਲਣ ਤੇਰੇ ਘਰ ਆਉਣਾ ਹੈ। ਕੋਈ ਜ਼ਰੂਰੀ ਕੰਮ ਹੈ।’’ ਘਬਰਾਈ ਜਿਹੀ ਉਸ ਦੀ ਆਵਾਜ਼ ਸੁਣ ਕੇ ਮੈਨੂੰ ਫ਼ਿਕਰ ਹੋਇਆ। ਮੇਰੇ ਮਨ ਵਿੱਚ ਉਸ ਦੇ ਪਰਿਵਾਰ ਵਾਲਿਆਂ ਪ੍ਰਤੀ ਭੈੜੇ ਜਿਹੇ ਖ਼ਿਆਲ ਆਉਣ ਲੱਗੇ। ਸ਼ਾਮ ਨੂੰ ਕੁਲਜੀਤ ਮੇਰੇ ਘਰ ਆ ਗਿਆ। ਮੱਥੇ ’ਤੇ ਹੱਥ ਰੱਖ ਮੈਨੂੰ ਕਹਿਣ ਲੱਗਾ, ‘‘ਦੋਸਤ, ਅੱਜ ਮੈਂ ਬਹੁਤ ਪ੍ਰੇਸ਼ਾਨ ਹਾਂ। ਕਿਵੇਂ ਗੱਲ ਸ਼ੁਰੂ ਕਰਾਂ, ਮੈਨੂੰ ਸਮਝ ਨਹੀਂ ਆ ਰਹੀ।’’ ‘‘ਤੂੰ ਗੱਲ ਦੱਸ। ਸਭ ਠੀਕ ਹੈ?’’ ‘‘ਹਾਂ… ਤੂੰ ਠੀਕ ਕਹਿੰਦਾ ਸੀ ਮੇਰੇ ਦੋਸਤ।’’ ‘‘ਕੀ ਕਹਿ ਰਿਹਾ ਸੀ ਦੱਸ ਤਾਂ ਸਹੀ।’’ ‘‘ਯਾਰ, ਮੈਂ ਆਪਣੇ ਨਾਲ ਵਾਲੇ ਪਿੰਡ ਦੇ ਪ੍ਰਾਈਵੇਟ ਸਕੂਲ ਵਿੱਚ ਗਿਆ ਸੀ ਆਪਣੇ ਮੁੰਡੇ ਦਾ ਦਾਖਲਾ ਕਰਵਾਉਣ। ਉਨ੍ਹਾਂ ਨੇ ਦਾਖਲਾ ਫੀਸ ਵੀਹ ਹਜ਼ਾਰ ਰੁਪਏ ਦੱਸੀ ਤੇ ਬੱਸ ਦਾ ਕਿਰਾਇਆ ਵੱਖਰਾ।’’ ਮੈਂ ਮਸ਼ਕਰੀ ਕਰਦਿਆਂ ਆਖਿਆ, ‘‘…ਤੇ ਕਿਤਾਬਾਂ?’’ ‘‘ਉਹ ਬਾਹਰ ਵਾਲੀ ਦੁਕਾਨ ’ਤੇ ਪਤਾ ਕੀਤਾ, ਪੰਜ ਹਜ਼ਾਰ ਦੀਆਂ ਨੇ। ਕੁੱਲ ਮਿਲਾ ਕੇ ਮੇਰਾ ਖਰਚਾ ਬਹੁਤ ਹੋ ਜਾਊ। ਮੈਂ ਦਿਹਾੜੀਦਾਰ ਬੰਦਾ ਬਾਈ। ਮੈਥੋਂ ਨਹੀਂ ਪੁੱਗਣਾ। ਤੂੰ ਮੇਰਾ ਕੰਮ ਕਰ ਮੇਰੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦੇ।’’
ਮੈਂ ਕੁਲਜੀਤ ਨੂੰ ਕਿਹਾ, ‘‘ਦੇਖ ਦੋਸਤ, ਤੂੰ ਸਰਕਾਰੀ ਸਕੂਲ ਜਾ, ਉੱਥੇ ਕਿਸੇ ਦੀ ਸ਼ਿਫਾਰਿਸ਼ ਦੀ ਕੋਈ ਲੋੜ ਨਹੀਂ। ਉੱਥੇ ਤੇਰੇ ਬੱਚੇ ਦੀ ਕੋਈ ਦਾਖਲਾ ਫ਼ੀਸ ਨਹੀਂ। ਕਿਤਾਬਾਂ ਵਰਦੀ ਸਭ ਮੁਫ਼ਤ।’’ ਮੇਰੀ ਗੱਲ ਸੁਣ ਕੇ ਕੁਲਜੀਤ ਦੀਆਂ ਅੱਖਾਂ ’ਚ ਖ਼ੁਸ਼ੀ ਦੇ ਹੰਝੂ ਆ ਗਏ ਜਿਵੇਂ ਉਸ ਦੇ ਮਨ ਤੋਂ ਵੱਡਾ ਬੋਝ ਉੱਤਰ ਗਿਆ ਹੋਵੇ। ਸੁਣਿਆ ਹੈ ਹੁਣ ਉਸ ਦਾ ਪੁੱਤਰ ਆਪਣੀ ਜਮਾਤ ਵਿੱਚੋਂ ਪਹਿਲੇ ਨੰਬਰ ’ਤੇ ਆਉਂਦਾ ਹੈ।
ਸੰਪਰਕ: 95307-85187
* * *
ਸ਼ੀਸ਼ਾ
ਬੂਟਾ ਖ਼ਾਨ ਸੁੱਖੀ
ਅਰਮਾਨ ਤੇ ਜੋਤੀ ਦਫ਼ਤਰੋਂ ਘਰ ਆਉਂਦੇ ਹੀ ਆਪੋ-ਆਪਣੇ ਮੋਬਾਈਲ ਚੁੱਕ ਲੈਂਦੇ। ਇੱਕ-ਦੂਜੇ ਨੂੰ ਆਪਣੇ ਨਵੇਂ ਬਣੇ ਮਿੱਤਰਾਂ ਬਾਰੇ ਦੱਸਦਿਆਂ ਬਹਿਸ ਕਰਦੇ ਕਿ ਮੇਰੇ ਮਿੱਤਰ ਜ਼ਿਆਦਾ ਹਨ ਤੇ ਦੂਜਾ ਕਹਿੰਦਾ ਮੇਰੇ ਮਿੱਤਰ ਜ਼ਿਆਦਾ ਹਨ। ਇਸੇ ਜੱਦੋਜਹਿਦ ਵਿੱਚ ਹੀ ਉਹ ਆਪਣਾ ਰਾਤ ਦਾ ਖਾਣਾ ਖਾਂਦੇ। ਉਹਨਾ ਦੀ ਛੇ ਕੁ ਸਾਲ ਦੀ ਬੱਚੀ ਨੂਰ ਖੇਡਣ ਲਈ ਜਿਉਂ ਹੀ ਭੱਜ ਕੇ ਆਪਣੇ ਪਾਪਾ ਜਾਂ ਮੰਮੀ ਨੂੰ ਘੁੱਟ ਕੇ ਆਪਣੇ ਕਲਾਵੇ ਵਿੱਚ ਲੈਂਦੀ ਤਾਂ ਉਹ ਝੱਟ ਉਸ ਨੂੰ ਬਾਂਹ ਫੜ ਕੇ ਆਪਣੇ ਤੋਂ ਦੂਰ ਕਰ ਦਿੰਦੇ ਕਿ ਅਜੇ ਟਾਈਮ ਨਹੀਂ ਥੋੜ੍ਹੀ ਦੇਰ ਬਾਅਦ ਆਵੀਂ। ਉਹ ਵਿਚਾਰੀ ਉਸ ਸਮੇਂ ਦਾ ਇੰਤਜ਼ਾਰ ਕਰਦੀ-ਕਰਦੀ ਸੌਂ ਜਾਂਦੀ। ਅੱਜ ਫਿਰ ਉਹ ਆਪਣੇ ਅੰਦਰ ਉੱਠੇ ਮੋਹ ਪਿਆਰ ਤੇ ਅਪੱਣਤ ਨੂੰ ਰੋਕ ਨਾ ਸਕੀ। ਉਸ ਨੇ ਭੱਜ ਕੇ ਆਪਣੀ ਮੰਮੀ ਨੂੰ ਆਪਣੇ ਕਲਾਵੇ ’ਚ ਲੈ ਲਿਆ। ਜੋਤੀ ਨੇ ਝੱਟ ਹੀ ਉਸ ਨੂੰ ਖਿੱਚ ਕੇ ਆਪਣੇ ਤੋਂ ਦੂਰ ਕਰ ਦਿੱਤਾ, ‘‘ਬੇਟਾ, ਰੁਕੋ। ਏਦਾਂ ਨਾ ਕਰੋ।’’ ਨੂਰ ਦੀਆਂ ਅੱਖਾਂ ਭਰ ਆਈਆਂ। ਉਹ ਬੋਲੀ, ‘‘ਮੰਮੀ ਮੰਮੀ, ਮੈਨੂੰ ਵੀ ਖੇਡਣ ਲਈ ਆਹ ਫੋਨ ’ਚੋਂ ਕੋਈ ਮੰਮੀ ਡੈਦੀ ਮੰਗਾ ਦਿਓ।’’ ਉਹ ਮੋਬਾਈਲ ’ਤੇ ਉਂਗਲਾਂ ਲਗਾ ਰਹੀ ਸੀ। ਜੋਤੀ ਨੇ ਇਹ ਸੁਣ ਕੇ ਨੂਰ ਨੂੰ ਝੱਟ ਗਲ ਲਗਾ ਲਿਆ। ਹੁਣ ਕਮਰੇ ਦੀ ਬੱਤੀ ਬੰਦ ਹੋ ਚੁੱਕੀ ਸੀ। ਅਰਮਾਨ ਨੇ ਵੀ ਮੋਬਾਈਲ ਦੂਰ ਰੱਖ ਦਿੱਤਾ।
ਸੰਪਰਕ: 98789-98577
* * *
ਚੈਂਪੀਅਨ
ਚਰਨਜੀਤ ਸਿੰਘ ਮੁਕਤਸਰ
ਅੱਜ ਸਕੂਲ ਵਿੱਚ ਅਥਲੈਟਿਕਸ ਮੀਟ ਸੀ। ਪਿਛਲੇ ਤਿੰਨ ਸਾਲਾਂ ਤੋਂ ਹਰ ਵਾਰ ਚੈਂਪੀਅਨ ਬਣਦੀ ਆ ਰਹੀ ਅੱਠਵੀਂ ’ਚ ਪੜ੍ਹਦੀ ਮੇਰੀ ਬੇਟੀ ਖ਼ੁਸ਼ੀ ਇਸ ਵਾਰ ਮੂੰਹ ਲਟਕਾਈ ਆਈ। ਸਾਡੇ ਪੁੱਛਣ ’ਤੇ ਉਸ ਨੇ ਕਿਹਾ ਕਿ 100 ਮੀਟਰ ਦੌੜ ਵਿੱਚ ਮੰਨਤ ਨੇ ਉਸ ਨੂੰ ਧੱਕਾ ਮਾਰ ਦਿੱਤਾ ਤੇ ਇਸ ਕਰਕੇ ਚੈਂਪੀਅਨ ਟਰਾਫ਼ੀ ਨਹੀਂ ਆਈ। ਉਹ ਤਿੰਨ ਦੌੜਾਂ ’ਚ ਅੱਵਲ ਆ ਕੇ ਤਿੰਨ ਟਰਾਫੀਆਂ ਲੈ ਆਈ ਸੀ, ਪਰ ਫਿਰ ਵੀ ਉਹ ਉਦਾਸ ਸੀ। ਦੂਜੇ ਪਾਸੇ, ਦੂਜੀ ’ਚ ਪੜ੍ਹਦਾ ਮੇਰਾ ਬੇਟਾ ਅਰਜੁਨ ਪੂਰਾ ਖ਼ੁਸ਼ ਸੀ। ਮੈਂ ਉਸ ਨੂੰ ਪੁੱਛਿਆ, ‘‘ਤੇਰਾ ਕੀ ਬਣਿਆ?’’ ‘‘ਪਾਪਾ, ਮੈਂ ਵਿਹਾਨ ਨੂੰ ਹਰਾ ਦਿੱਤਾ।’’ ‘‘ਪਰ ਤੂੰ ਆਇਆ ਕਿਹੜੇ ਨੰਬਰ ’ਤੇ?’’ ‘‘ਸੈਕੰਡ ਲਾਸਟ ’ਤੇ। ਪਰ ਮੈਂ ਵਿਹਾਨ ਨੂੰ ਪਿੱਛੇ ਛੱਡਤਾ। ਉਹ ਲਾਸਟ ’ਤੇ ਆਇਆ।’’ ਉਹ ਉੱਛਲ ਕੇ ਬੋਲਿਆ। ਉਹ ਦਸਵੇਂ ਨੰਬਰ ’ਤੇ ਆ ਕੇ ਅਤੇ ਸਿਰਫ਼ ਆਪਣੇ ਖ਼ਾਸ ਦੋਸਤ ਨੂੰ ਹਰਾ ਕੇ ਹੀ ਪੂਰਾ ਖ਼ੁਸ਼ ਸੀ। ਜਾਣੇ-ਅਣਜਾਣੇ ਹੀ ਉਹ ਸਾਨੂੰ ਜ਼ਿੰਦਗੀ ਦਾ ਬਹੁਤ ਵੱਡਾ ਫਲਸਫ਼ਾ ਦੱਸ ਗਿਆ ਸੀ।
ਸੰਪਰਕ: 95013-00716