DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਹਾਣੀਆਂ

ਛੇਵਾਂ ਦਰਿਆ ਮਨਜੀਤ ਕੌਰ ਸੰਧੂ ਨਾਜ਼ਰ ਸਿੰਘ ਦਾ ਪਰਿਵਾਰ ਪਿੰਡ ਦੇ ਸਰਦੇ ਪੁੱਜਦੇ ਪਰਿਵਾਰਾਂ ਵਿੱਚੋਂ ਇੱਕ ਸੀ। ਪੰਦਰਾਂ ਏਕੜ ਜ਼ਮੀਨ ਦਾ ਮਾਲਕ ਧਰਤੀ ਉੱਤੇ ਪੈਰ ਵੀ ਮੜ੍ਹਕ ਨਾਲ ਰੱਖਦਾ ਸੀ। ਘਰੋਂ ਹਮੀਰ ਕੌਰ ਵੀ ਤਕੜੇ ਪਰਿਵਾਰ ਵਿੱਚੋਂ ਆਈ ਸੀ। ਖੇਤੀਬਾੜੀ...

  • fb
  • twitter
  • whatsapp
  • whatsapp
Advertisement

ਛੇਵਾਂ ਦਰਿਆ

ਮਨਜੀਤ ਕੌਰ ਸੰਧੂ

ਨਾਜ਼ਰ ਸਿੰਘ ਦਾ ਪਰਿਵਾਰ ਪਿੰਡ ਦੇ ਸਰਦੇ ਪੁੱਜਦੇ ਪਰਿਵਾਰਾਂ ਵਿੱਚੋਂ ਇੱਕ ਸੀ। ਪੰਦਰਾਂ ਏਕੜ ਜ਼ਮੀਨ ਦਾ ਮਾਲਕ ਧਰਤੀ ਉੱਤੇ ਪੈਰ ਵੀ ਮੜ੍ਹਕ ਨਾਲ ਰੱਖਦਾ ਸੀ। ਘਰੋਂ ਹਮੀਰ ਕੌਰ ਵੀ ਤਕੜੇ ਪਰਿਵਾਰ ਵਿੱਚੋਂ ਆਈ ਸੀ। ਖੇਤੀਬਾੜੀ ਦਾ ਕੰਮ ਵੀ ਪਿੰਡ ’ਚੋਂ ਅੱਵਲ ਨੰਬਰ ’ਤੇ ਸੀ। ਦੋਵੇਂ ਜਣੇ ਦਿਨ ਰਾਤ ਮਿਹਨਤ ਕਰਦੇ ਤੇ ਇੱਕ ਸੀਰੀ ਵੀ ਨਾਲ ਰੱਖਦੇ।

Advertisement

ਨਾਜ਼ਰ ਸਿੰਘ ਦੇ ਇੱਕ ਪੁੱਤ ਤੇ ਦੋ ਧੀਆਂ ਸਨ। ਬੱਚੇ ਵੀ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦੇ ਤੇ ਦੁੱਧ ਦਾ ਧੰਦਾ ਵੀ ਪੂਰੇ ਜ਼ੋਰ-ਸ਼ੋਰ ਨਾਲ ਕਰ ਰਹੇ ਸਨ। ਤਿੰਨੇ ਭੈਣ ਭਰਾ ਪਿੰਡ ਦੇ ਸਕੂਲ ਤੋਂ ਹੀ ਸਿੱਖਿਆ ਲੈ ਰਹੇ ਸਨ। ਨਾਜ਼ਰ ਸਿੰਘ ਵੀ ਸ਼ਰੀਕੇ ਵਿੱਚ ਪੂਰਾ ਰੋਅਬ ਰੱਖਦਾ। ਭਾਈਚਾਰਾ ਉਸ ਤੋਂ ਪੁੱਛੇ ਬਿਨਾਂ ਕੋਈ ਗੱਲ ਨਾ ਕਰਦਾ।

Advertisement

ਵੱਡੀ ਧੀ ਬਲਜੀਤ ਨੇ ਪਿੰਡ ਦੇ ਸਕੂਲ ਤੋਂ ਮੈਟ੍ਰਿਕ ਕਰ ਲਈ ਤਾਂ ਮਾਪਿਆਂ ਨੇ ਸੋਚਿਆ ਕਿ ਦੋਵੇਂ ਭੈਣ ਭਰਾਵਾਂ ਦਾ ਵਿਆਹ ਕਰ ਦਿੰਦੇ ਹਾਂ। ਧੀ ਸਹੁਰੇ ਘਰ ਚਲੀ ਜਾਵੇਗੀ ਤੇ ਨੂੰਹ ਆ ਜਾਵੇਗੀ। ਛੋਟੀ ਜਸਮੀਤ ਅਜੇ ਨਿਆਣੀ ਸੀ।

ਬਲਜੀਤ ਵਾਸਤੇ ਮੁੰਡੇ ਦੀ ਭਾਲ ਕਰਨ ਲੱਗ ਪਏ। ਜਦੋਂ ਕਿਤੇ ਦੱਸ ਪੈਂਦੀ ਉੱਥੇ ਹੀ ਪੜਤਾਲ ਕਰਨ ਜਾਂਦੇ। ਕੋਈ ਨਾ ਕੋਈ ਨੁਕਸ ਲਾਜ਼ਮੀ ਨਿਕਲ ਆਉਂਦਾ। ਇੱਕ ਸਾਲ ਬੀਤ ਗਿਆ। ਕਿਤੇ ਵੀ ਲੜਕਾ ਫਿੱਟ ਨਾ ਬੈਠਦਾ। ਕਿਤੇ ਜ਼ਮੀਨ ਘੱਟ ਤੇ ਕਿਤੇ ਘਰ-ਬਾਰ ਚੰਗਾ ਨਾ ਮਿਲਦਾ। ਪੁੱਤ ਹਰਜੋਤ ਨੂੰ ਵੀ ਵੇਖਣ ਆਉਣ ਲੱਗ ਪਏ। ਪੁੱਤ ਵਾਰੀ ਤਾਂ ਉਹ ਰੱਜ ਕੇ ਦਾਜ ਦੀ ਮੰਗ ਕਰਦੇ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਪਝੰਤਰ ਵਿੱਘੇ ਦੇ ਮਾਲਕ ਹਾਂ ਤੇ ਪੁੱਤਰ ਵੀ ਇਕੱਲਾ ਹੀ ਹੈ।

ਹਰਜੋਤ ਵੀ ਮੈਟ੍ਰਿਕ ਹੀ ਕਰ ਸਕਿਆ। ਮਾਪਿਆਂ ਨੇ ਉਸ ਦੀ ਖੁਰਾਕ ਵੱਲ ਖ਼ਾਸ ਧਿਆਨ ਦਿੱਤਾ ਤੇ ਉਹ ਜਲਦੀ ਹੀ ਭਰ ਜੁਆਨ ਦਿਸਣ ਲੱਗਿਆ। ਚੰਗੇ ਤਕੜੇ ਥਾਂ ਤੋਂ ਰਿਸ਼ਤਾ ਆਇਆ ਤਾਂ ਲੈ ਲਿਆ। ਹੁਣ ਉਨ੍ਹਾਂ ਨੂੰ ਹੋਰ ਵੀ ਫ਼ਿਕਰ ਲੱਗ ਗਿਆ ਕਿ ਆਪਣੇ ਕੋਲ ਵਕਤ ਵੀ ਅੱਠ ਕੁ ਮਹੀਨੇ ਦਾ ਹੀ ਹੈ ਜੇ ਬਲਜੀਤ ਵਾਸਤੇ ਰਿਸ਼ਤਾ ਨਾ ਮਿਲਿਆ ਤਾਂ ਇਕੱਠੇ ਵਿਆਹ ਨਹੀਂ ਹੋ ਸਕਦੇ।

ਇੱਕ ਮੁੰਡੇ ਦੀ ਦੱਸ ਪਈ ਤਾਂ ਸਾਰਾ ਪਤਾ ਕਰਕੇ ਪੱਕ-ਠੱਕ ਕਰ ਦਿੱਤੀ ਪਰ ਮੁੰਡਾ ਬਲਜੀਤ ਤੋਂ ਕਾਫ਼ੀ ਵੱਡਾ ਸੀ। ਦੋਵੇਂ ਵਿਆਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਬਲਜੀਤ ਸਹੁਰੇ ਜਾ ਕੇ ਖ਼ੁਸ਼ ਸੀ ਤੇ ਘਰ ਦਾ ਸਾਰਾ ਕੰਮ ਵੀ ਸੰਭਾਲ ਲਿਆ। ਸੁੁਚੱਜੀ ਤਾਂ ਉਹ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਸੀ।

ਇੱਧਰ ਹਰਜੋਤ ਵਿਆਹ ਤੋਂ ਬਾਅਦ ਨਸ਼ੇੜੀ ਮੁੰਡਿਆਂ ਦੀ ਸੰਗਤ ਵਿੱਚ ਪੈ ਗਿਆ। ਉਸ ਦੀ ਪਤਨੀ ਸੰਦੀਪ ਦਿਨ ਰਾਤ ਸਮਝਾਉਂਦੀ ਕਿ ਨਸ਼ਿਆਂ ਨਾਲ ਤਾਂ ਇਨਸਾਨ ਧੁਰ ਅੰਦਰੋਂ ਕਮਜ਼ੋਰ ਹੋ ਜਾਂਦਾ ਹੈ, ਪਰ ਉਹ ਦਿਨੋ ਦਿਨ ਨਿਘਰਦਾ ਹੀ ਚਲਾ ਗਿਆ।

ਬਲਜੀਤ ਬਹੁਤ ਹੀ ਨਰਮ ਸੁਭਾਅ ਦੀ ਮਾਲਕ ਸੀ। ਕਿਸੇ ਅੱਗੇ ਸਾਹ ਵੀ ਉੱਚਾ ਨਾ ਲੈਂਦੀ। ਦੋ ਢਾਈ ਸਾਲ ਬਾਅਦ ਪੁੱਤ ਹੋਇਆ ਤਾਂ ਖ਼ੁਸ਼ੀ ਸੰਭਾਲੀ ਨਹੀਂ ਗਈ। ਬਹੁਤ ਹੀ ਚਾਅ ਨਾਲ ਪਾਲਣ ਪੋਸ਼ਣ ਕਰ ਕੇ ਪੜ੍ਹਨ ਪਾ ਦਿੱਤਾ। ਬਲਜੀਤ ਨੂੰ ਬਹੁਤ ਫ਼ਿਕਰ ਸੀ ਕਿ ਸਾਰਾ ਪਿੰਡ ਹੀ ਨਸ਼ਿਆਂ ਦਾ ਵਪਾਰ ਕਰਦਾ ਹੈ, ਕਿਤੇ ਮੇਰਾ ਰਾਜਨ ਇਨ੍ਹਾਂ ’ਚ ਉਲਝ ਨਾ ਜਾਵੇ।

ਉਸ ਨੂੰ ਬਹੁਤ ਕਾਹਲੀ ਸੀ ਕਿ ਛੇਤੀ ਛੇਤੀ ਪੜ੍ਹਾ ਕੇ ਰਾਜਨ ਨੂੰ ਕੈਨੇਡਾ ਭੇਜ ਦੇਵੇ।

ਰਾਜਨ ਦਾ ਵਾਹ ਵੀ ਕਿਸੇ ਅਜਿਹੇ ਦੋਸਤ ਨਾਲ ਪਿਆ, ਜੋ ਪੱਕਾ ਨਸ਼ੇੜੀ ਸੀ। ਹੌਲੀ ਹੌਲੀ ਰਾਜਨ ਵੀ ਨਸ਼ਿਆਂ ਵਿੱਚ ਡੂੰਘਾ ਧਸਦਾ ਚਲਿਆ ਗਿਆ। ਬਲਜੀਤ ਨੇ ਸਮਝਾਉਣਾ, ‘‘ਰਾਜਨ, ਨਸ਼ਿਆਂ ਨੇ ਲੱਖਾਂ ਘਰ ਉਜਾੜ ਦਿੱਤੇ। ਇਹ ਬੰਦੇ ਨੂੰ ਖ਼ਤਮ ਕਰ ਕੇ ਛੱਡਦੇ ਹਨ। ਪੁੱਤ, ਬੰਦਾ ਬਣ ਜਾ।’’ ਰਾਜਨ ਬਾਰ੍ਹਵੀਂ ਤੱਕ ਮਸਾਂ ਪਹੁੰਚਿਆ। ਪ੍ਰਾਈਵੇਟ ਸੰਸਥਾ ਕਰਕੇ ਹਰ ਸਾਲ ਪਾਸ ਕਰੀ ਜਾਂਦੇ ਸਨ।

ਅਚਾਨਕ ਹੀ ਬਲਜੀਤ ਨੂੰ ਪਤਾ ਲੱਗਾ ਕਿ ਰਾਜਨ ਨਸ਼ੇ ਦੇ ਟੀਕੇ ਵੀ ਲਾਉਂਦਾ ਹੈ। ਉਸ ਨੂੰ ਅੰਦਰੇ ਅੰਦਰ ਝੋਰਾ ਵੱਢ ਵੱਢ ਖਾਈ ਜਾਂਦਾ ਸੀ। ਉਸ ਦਾ ਪਤੀ ਵੀ ਪੁੱਤ ਵੱਲ ਧਿਆਨ ਨਹੀਂ ਸੀ ਕਰਦਾ। ਆਪਣੇ ਵੱਡੇ ਭਰਾ ਦੀ ਮੌਤ ਹੋਣ ਕਰਕੇ ਉਸ ਦੇ ਬੱਚਿਆਂ ਨੂੰ ਵਿਸ਼ੇਸ਼ ਤਵੱਜੋ ਦਿੰਦਾ। ਪੂਰਾ ਪੂਰਾ ਧਿਆਨ ਰੱਖਦਾ ਕਿ ਉਸ ਦੀ ਵਿਧਵਾ ਭਾਬੀ ਜਾਂ ਉਸ ਦੇ ਬੱਚੇ ਕਿਸੇ ਗੱਲੋਂ ਔਖ ਨਾ ਕੱਟਣੇ। ਬਲਜੀਤ ਨੇ ਆਪਣੇ ਪੁੱਤ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਵੀ ਛੱਡਿਆ ਕਿ ਸੁਧਰ ਜਾਵੇ ਤਾਂ ਇਸ ਦੀ ਜ਼ਿੰਦਗੀ ਸੌਖੀ ਲੰਘ ਜਾਵੇਗੀ।

ਸਕੂਲ ਪੜ੍ਹਨ ਵੇਲੇ ਰਾਜਨ ਦੀ ਇੱਕ ਕੁੜੀ ਨਾਲ ਨੇੜਤਾ ਹੋ ਗਈ ਸੀ। ਰੰਮੀ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ। ਉਸ ਨੇ ਵੀ ਰਾਜਨ ਨੂੰ ਵੱਖਰੇ ਤੌਰ ’ਤੇ ਬਹੁਤ ਸਮਝਾਇਆ। ਰੰਮੀ ਆਇਲਜ਼ ਦਾ ਪੇਪਰ ਹੋਣ ਤੋਂ ਬਾਅਦ ਅੱਠ ਬੈਂਡ ਲੈ ਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਸੀ। ਰਾਜਨ ਦੇ ਮਾਪਿਆਂ ਨੇ ਵੀ ਉਸ ਦੀ ਫੀਸ ਭਰਨ ਵੇਲੇ ਪੂਰੀ ਮੱਦਦ ਕੀਤੀ।

ਰੰਮੀ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਮੈਂ ਉੱਧਰ ਬੁਲਾ ਕੇ ਆਪੇ ਹੀ ਸੁਧਾਰ ਲੈਣਾ, ਤੁਸੀਂ ਕੋਈ ਫ਼ਿਕਰ ਨਹੀਂ ਕਰਨਾ। ਰਾਜਨ ਨੇ ਜਾਣ ਵੇਲੇ ਉਸ ਨੂੰ ਕਿਹਾ, ‘‘ਰੰਮੀ, ਤੂੰ ਹੀ ਮੇਰੀ ਜਾਨ ਹੈਂ। ਤੂੰ ਵੀ ਛੱਡ ਕੇ ਤੁਰ ਪਈ।’’ ਰੰਮੀ ਨੇ ਹੱਸ ਕੇ ਜੁਆਬ ਦਿੱਤਾ, ‘‘ਇੱਕ ਸਾਲ ਵਿੱਚ ਹੀ ਮੈਂ ਤੈਨੂੰ ਉੱਧਰ ਲੈ ਜਾਵਾਂਗੀ।’’ ਤੇ ਉਹ ਮੰਗਣੀ ਕਰਵਾ ਕੇ ਚਲੀ ਗਈ।

ਨਸ਼ੇ ਕਾਰਨ ਰਾਜਨ ਦੀ ਹਾਲਤ ਪਤਲੀ ਹੁੰਦੀ ਗਈ। ਪਿਉ ਪੁੱਤ ਵਿੱਚ ਨਿੱਤ ਦਿਹਾੜੀ ਝਗੜਾ ਹੁੰਦਾ ਤੇ ਬਲਜੀਤ ਨੇ ਵਿੱਚ ਵਿਚਕਾਰ ਮਸਾਂ ਹੀ ਸਮਝੌਤਾ ਕਰਵਾਉਣਾ। ਆਪਣੇ ਪੇਕੇ ਵੀ ਆ ਕੇ ਦੱਸਣਾ ਕਿ ਗੁਰਜੰਟ ਦਿਨੋ ਦਿਨ ਸਾਨੂੰ ਮਾਂ ਪੁੱਤ ਨੂੰ ਬਹੁਤ ਤੰਗ ਕਰਦਾ ਹੈ। ਰਿਸ਼ਤੇਦਾਰਾਂ ਦੇ ਜ਼ੋਰ ਦੇਣ ’ਤੇ ਜੰਟੇ ਨੇ ਅੱਧੀ ਜ਼ਮੀਨ ਜ਼ਇਦਾਦ ਬਲਜੀਤ ਦੇ ਨਾਮ ਕਰਵਾ ਦਿੱਤੀ। ਬਲਜੀਤ ਨੂੰ ਵੀ ਪਤਾ ਸੀ ਕਿ ਜ਼ਮੀਨ ਦੀ ਸੰਭਾਲ ਤਾਂ ਕਰਨੀ ਪੈਣੀ ਹੈ, ਭਾਵੇਂ ਰਾਜਨ ਬਾਹਰ ਚਲਾ ਵੀ ਜਾਵੇ। ਉਸ ਨੇ ਦੋ ਤਿੰਨ ਮੱਝਾਂ ਰੱਖ ਲਈਆਂ। ਦੁੱਧ ਨਾਲ ਘਰ ਦਾ ਖ਼ਰਚ ਤੁਰ ਰਿਹਾ ਸੀ। ਜਦੋਂ ਲੋੜ ਪੈਂਦੀ ਤਾਂ ਰਾਜਨ ਵੀ ਮਾਂ ਤੋਂ ਹੀ ਪੈਸੇ ਮੰਗਦਾ।

ਰੰਮੀ ਦਾ ਫੋਨ ਆਉਣਾ ਤੇ ਸੱਸ ਨੂੰਹ ਨੇ ਘੰਟਾ ਘੰਟਾ ਗੱਲਾਂ ਕਰਨੀਆਂ। ਬਲਜੀਤ ਨੇ ਜ਼ਿਆਦਾਤਰ ਉਸ ਨੂੰ ਕਹਿਣਾ ਕਿ ਹੁਣ ਤਾਂ ਰਾਜਨ ਸੁਧਰ ਗਿਆ ਹੈ। ਅਗਲੇ ਸਾਲ ਤੇਰੇ ਵਾਪਸ ਆਉਣ ’ਤੇ ਵਿਆਹ ਕਰ ਲੈਂਦੇ ਹਾਂ। ਅੰਦਰਖਾਤੇ ਉਹ ਸਾਰੀਆਂ ਤਿਆਰੀਆਂ ਮੁਕੰਮਲ ਕਰ ਰਹੀ ਸੀ।

ਬਲਜੀਤ ਦੇ ਪੇਕੇ ਉਸ ਵੱਲ ਘੱਟ ਹੀ ਧਿਆਨ ਦਿੰਦੇ। ਭਰਜਾਈ ਇੰਨੀ ਡਾਢੀ ਸੀ ਕਿ ਸੱਸ ਸਹੁੰਰੇ ਨੂੰ ਪੂਰਾ ਕੰਟਰੋਲ ਵਿੱਚ ਰੱਖਦੀ। ਬਲਜੀਤ ਦੀ ਛੋਟੀ ਭੈਣ ਐਮ.ਏ., ਬੀ.ਐੱਡ. ਸੀ। ਉਸ ਦਾ ਵਿਆਹ ਬਹੁਤ ਅਮੀਰ ਘਰਾਣੇ ਵਿੱਚ ਕੀਤਾ।

ਜਾਇਦਾਦ ਪੱਖੋਂ ਉਹ ਲੋਕ ਜ਼ਿਆਦਾ ਹੀ ਤਕੜੇ ਸਨ। ਉਸ ਦੇ ਵਿਆਹ ਤੋਂ ਬਾਅਦ ਪੇਕੇ ਛੋਟੀ ਨੂੰ ਹੀ ਵੱਧ ਤਵੱਜੋ ਦਿੰਦੇ। ਹਰ ਇੱਕ ਦੇ ਸਾਹਮਣੇ ਬਲਜੀਤ ਨੂੰ ਹੀਣ ਭਾਵਨਾ ਮਹਿਸੂਸ ਹੁੰਦੀ। ਬਲਜੀਤ ਨੇ ਜਦੋਂ ਵੀ ਪੇਕੇ ਜਾਣਾ ਤਾਂ ਛੋਟੀ ਭੈਣ ਦੀਆਂ ਵਡਿਆਈਆਂ ਸੁਣ ਕੇ ਹੀ ਵਾਪਸ ਆ ਜਾਣਾ।

ਰਾਜਨ ਨੇ ਇੱਕ ਦਿਨ ਅਚਾਨਕ ਆਪਣੀ ਮਾਂ ਤੋਂ ਪੈਸਿਆਂ ਦੀ ਮੰਗ ਕੀਤੀ ਕਿ ਕਿਸੇ ਦੋਸਤ ਦੇ ਦੇਣੇ ਹਨ। ਬਲਜੀਤ ਨੇ ਘਰ ਵਿੱਚ ਪੈਸੇ ਨਾ ਹੋਣ ਬਾਰੇ ਦੱਸਿਆ। ਰਾਜਨ ਨੇ ਮੋਟਰਸਾਈਕਲ ਚੁੱਕਿਆ ਤੇ ਆਪਣੇ ਮਾਮੇ ਕੋਲ ਆ ਗਿਆ। ਚਾਹ ਪਾਣੀ ਤੋਂ ਬਾਅਦ ਉਸ ਨੇ ਆਪਣੇ ਮਾਮਾ ਜੀ ਨੂੰ ਕਿਹਾ, ‘‘ਮੈਨੂੰ ਆੜ੍ਹਤੀਏ ਤੋਂ ਚਾਲੀ ਹਜ਼ਾਰ ਰੁਪਏ ਲੈ ਕੇ ਦਿਉ। ਫ਼ਸਲ ਆਈ ਤੋਂ ਵਿਆਜ਼ ਸਮੇਤ ਵਾਪਸ ਕਰ ਦੇਵਾਂਗੇ।’’ ਮਾਮੇ ਦੇ ਦੋਵੇਂ ਪੁੱਤ ਕੈਨੇਡਾ ਦੇ ਪੀਆਰ ਸਨ। ਉਸ ਨੇ ਸਾਫ਼ ਜੁਆਬ ਦਿੰਦਿਆਂ ਕਿਹਾ, ‘‘ਰਾਜਨ, ਕੋਠੀ ਬਣਾਉਣ ਵੇਲੇ ਪਹਿਲਾਂ ਹੀ ਸੱਤ ਲੱਖ ਰੁਪਇਆ ਲਿਆ ਚੁੱਕੇ ਹਾਂ। ਹੁਣ ਉਹ ਕੁਝ ਨਹੀਂ ਦਿੰਦਾ।’’ ਰਾਜਨ ਦੇ ਪਿੰਡ ਵਾਪਸ ਆਉਣ ’ਤੇ ਪਿਉ ਪੁੱਤਰ ਵਿੱਚ ਤਕਰਾਰ ਵਧ ਗਈ। ਨਸ਼ੇ ਦੀ ਤੋੜ ਲੱਗੀ ਹੋਣ ਕਰਕੇ ਰਾਜਨ ਟੱਕਰਾਂ ਮਾਰਦਾ ਫਿਰਦਾ ਸੀ।

ਬਲਜੀਤ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਗਈ ਤਾਂ ਰਾਜਨ ਨੇ ਪੇਟੀ ਖੋਲ੍ਹ ਕੇ ਪੈਸੇ ਚੋਰਾ ਲਏ ਤੇ ਆਪਣਾ ਡੰਗ ਟਪਾਇਆ। ਕੁਝ ਪੈਸੇ ਉਸ ਨੇ ਆਪਣੀ ਜੇਬ ਵਿੱਚ ਵੀ ਪਾ ਲਏ।

ਸਵੇਰ ਵੇਲੇ ਨਹਾ ਧੋ ਕੇ ਜਾਣ ਲੱਗਿਆ ਤਾਂ ਮਾਂ ਨੇ ਪੁੱਛਿਆ ਕਿ ਰੋਟੀ ਕਦੋਂ ਖਾਣੀ ਹੈ। ਉਹ ਬਿਨਾਂ ਜੁਆਬ ਦਿੱਤੇ ਹੀ ਘਰੋਂ ਚਲਿਆ ਗਿਆ। ਜਦੋਂ ਸ਼ਾਮ ਤੱਕ ਨਾ ਆਇਆ ਤਾਂ ਬਲਜੀਤ ਦਾ ਦਿਲ ਘਟਣ ਲੱਗਿਆ। ਉਹ ਰਾਜਨ ਦੇ ਸਾਰੇ ਦੋਸਤਾਂ ਮਿੱਤਰਾਂ ਤੋਂ ਫੋਨ ਕਰ ਕਰ ਪੁੱਛਦੀ ਰਹੀ। ਸਾਰੀ ਰਾਤ ਸਹਿਕ ਸਹਿਕ ਕੇ ਮਸਾਂ ਬੀਤੀ।

ਸਵੇਰ ਹੁੰਦੇ ਸਾਰ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਪਰ ਕਿਤੋਂ ਵੀ ਭਾਫ਼ ਨਾ ਨਿਕਲੀ। ਸਾਰੇ ਭੈਣ ਭਾਈ ਵੀ ਉਸ ਕੋਲ ਪਹੁੰਚ ਗਏ। ਅਚਾਨਕ ਕਿਸੇ ਬੰਦੇ ਨੇ ਆ ਕੇ ਦੱਸਿਆ ਕਿ ਰਾਜਨ ਨਹਿਰ ਕੋਲ ਡਿੱਗਿਆ ਪਿਆ ਹੈ। ਉਦੋਂ ਹੀ ਚੁੱਕ ਕੇ ਡਾਕਟਰ ਕੋਲ ਲੈ ਗਏ। ਚੈੱਕਅੱਪ ਕਰ ਡਾਕਟਰ ਨੇ ਕਿਹਾ, ‘‘ਨਸ਼ੇ ਦੀ ਓਵਰਡੋਜ਼ ਕਰਕੇ ਇਸ ਦੀ ਮੌਤ ਹੋ ਚੁੱਕੀ ਹੈ। ਹੁਣ ਤੁਸੀਂ ਪੁਲੀਸ ਦੇ ਚੱਕਰਾਂ ਵਿੱਚ ਨਾ ਪੈ ਜਾਇਉ। ਜਾ ਕੇ ਛੇਤੀ ਸਸਕਾਰ ਕਰ ਦਿਓ।’’ ਪਿੰਡ ਦੀ ਪੰਚਾਇਤ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਮ੍ਰਿਤਕ ਦੇਹ ਨੂੰ ਲੈ ਕੇ ਸ਼ਮਸ਼ਾਨਘਾਟ ਪਹੁੰਚ ਗਏ।

ਬਲਜੀਤ ਦੀ ਤਾਂ ਦੁਨੀਆ ਹੀ ਉੱਜੜ ਗਈ। ਉਨ੍ਹਾਂ ਵਿਚਾਰਿਆਂ ਦਾ ਤਾਂ ਹੋਰ ਕੋਈ ਧੀ ਪੁੱਤਰ ਵੀ ਨਹੀਂ ਸੀ ਕਿਸ ਨੂੰ ਦਿਲ ਦੀ ਘੁੰਡੀ ਖੋਲ੍ਹ ਕੇ ਵਿਖਾਉਂਦੇ। ਉਸ ਦੀ ਮੰਗੇਤਰ ਦਾ ਵਾਰ ਵਾਰ ਫੋਨ ਆ ਰਿਹਾ ਸੀ, ‘‘ਮੰਮਾ, ਸਬਰ ਕਰੋ ਮੈਂ ਰਾਜਨ ਹੀ ਹਾਂ। ਜਿੰਨੀ ਦੇਰ ਤੁਹਾਡਾ ਕੁਝ ਬਣਦਾ ਨਹੀਂ, ਮੈਂ ਵਿਆਹ ਨਹੀਂ ਕਰਵਾਉਣਾ। ਮੈਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੁਹਾਡੇ ਨਾਲ ਵਾਅਦਾ ਕਰਦੀ ਹਾਂ।’’ ਬਲਜੀਤ ਨੂੰ ਪਤਾ ਸੀ ਕਿ ਰੰਮੀ ਨੂੰ ਕੀ ਆਖੇ, ਹੁਣ ਪੱਲੇ ਕੁਝ ਵੀ ਨਹੀਂ ਰਿਹਾ।

ਰਾਜਨ ਦੀ ਮੌਤ ਨੂੰ ਅਜੇ ਦੋ ਕੁ ਮਹੀਨੇ ਹੀ ਹੋਏ ਸਨ ਕਿ ਬਲਜੀਤ ਤੇ ਉਸ ਦੇ ਪਤੀ ਦਾ ਲਗਾਤਾਰ ਝਗੜਾ ਰਹਿਣ ਲੱਗਿਆ। ਕਿੰਨੀ ਵਾਰ ਪੇਕਿਆਂ ਤੋਂ ਭਰਾ ਤੇ ਪਿਤਾ ਵੀ ਆਏ। ਕਾਰਨ ਪੁੱਛਣ ’ਤੇ ਪਤਾ ਲੱਗਿਆ ਕਿ ਜਿਹੜੀ ਅੱਧੀ ਜ਼ਮੀਨ ਤੁਹਾਡੀ ਕੁੜੀ ਦੇ ਨਾਮ ਹੈ ਉਹ ਮੇਰੇ ਨਾਮ ਕਰਵਾ ਦੇਵੋ ਪਰ ਉਸ ਦਾ ਭਰਾ ਹਰਜੋਤ ਨਹੀਂ ਚਾਹੁੰਦਾ ਸੀ ਕਿ ਜ਼ਮੀਨ ਭਣੋਈਏ ਦੇ ਨਾਂ ਦੁਬਾਰਾ ਹੋਵੇ। ਬਲਜੀਤ ਦਾ ਪਿਤਾ ਹਮੇਸ਼ਾ ਹੀ ਇਸ ਗੱਲ ਦੇ ਵਿਰੁੱਧ ਰਿਹਾ ਸੀ ਕਿ ਜਿਸ ਵਾਸਤੇ ਜ਼ਮੀਨ ਸੰਭਾਲੀ ਸੀ ਹੁਣ ਉਹ ਮੁੰਡਾ ਹੀ ਨਹੀਂ ਰਿਹਾ ਤਾਂ ਅਸੀਂ ਕੀ ਕਰਨੀ ਹੈ, ਲਵਾ ਦੇਵੋ ਉਸ ਦੇ ਨਾਮ ਜੇ ਮੰਗਦੈ ਤਾਂ! ਦਿਨ ਰਾਤ ਕਲੇਸ਼ ਵਧਦਾ ਗਿਆ।

ਬਲਜੀਤ ਨੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਤੇ ਕਿਸੇ ਨਾ ਕਿਸੇ ਨਾਲ ਦੁੱਖ ਸੁੱਖ ਫੋਲਣਾ। ਮਨ ਤਾਂ ਹਲਕਾ ਹੋ ਜਾਣਾ ਪਰ ਤਾਰ ਉੱਥੇ ਹੀ ਵੱਜਦੀ ਰਹਿੰਦੀ। ਉਸ ਦੇ ਮਨ ਵਿੱਚ ਸੀ ਕਿ ਨੂੰਹ ਵਾਪਸ ਆਵੇਗੀ ਤਾਂ ਜ਼ਮੀਨ ਉਸ ਦੇ ਨਾਮ ਕਰ ਦਿਆਂਗੀ। ਸਾਰਾ ਕੁਝ ਉਸ ਨੂੰ ਸੰਭਾਲ ਕੇ ਧੀ ਬਣਾ ਲਵੇਗੀ ਤੇ ਫਿਰ ਵਧੀਆ ਘਰ-ਬਾਰ ਵੇਖ ਕੇ ਵਿਆਹ ਕਰ ਦਿਆਂਗੇ। ਸੋਚਾਂ ਸੋਚਦੀ ਨੂੰ ਛੇ ਸੱਤ ਮਹੀਨੇ ਗੁਜ਼ਰ ਗਏ। ਪਿੰਡ ਦੇ ਲੋਕ ਵੀ ਗੁਰਜੰਟ ਸਿੰਘ ਨੂੰ ਬਹੁਤ ਸਮਝਾਉਂਦੇ ਕਿ ਦੋਵੇਂ ਪਤੀ ਪਤਨੀ ਪ੍ਰੇਮ ਨਾਲ ਰਿਹਾ ਕਰੋ। ਜਿਹੜਾ ਭਾਣਾ ਸੀ ਬੀਤ ਗਿਆ। ਜੋ ਉੱਪਰ ਵਾਲੇ ਨੂੰ ਮਨਜ਼ੂਰ ਸੀ ਹੋ ਗਿਆ।

ਜੰਟੇ ਉੱਪਰ ਕਿਸੇ ਦੀ ਗੱਲ ਦਾ ਅਸਰ ਨਾ ਹੁੰਦਾ ਤੇ ਹਰ ਵਕਤ ਹੀ ਅੱਧੀ ਜ਼ਮੀਨ ਸਿਰ ਚੜ੍ਹ ਕੇ ਬੋਲਦੀ ਰਹਿੰਦੀ। ਹਰ ਰੋਜ਼ ਸ਼ਰਾਬ ਨਾਲ ਟੱਲੀ ਹੋ ਕੇ ਬਲਜੀਤ ਨੂੰ ਅਵਾ ਤਵਾ ਬੋਲਦਾ ਰਹਿੰਦਾ। ਹੁਣ ਬਲਜੀਤ ਨੂੰ ਮਹਿਸੂਸ ਹੋਣ ਲੱਗਿਆ ਕਿ ਮੇਰਾ ਕੋਈ ਧੀ ਪੁੱਤ ਨਹੀਂ, ਜਿਵੇਂ ਕਿਸੇ ਓਪਰੇ ਘਰ ਵਿੱਚ ਦਿਨ ਕਟੀ ਕਰ ਰਹੀ ਹਾਂ। ਉਸ ਨੂੰ ਜਾਪਣ ਲੱਗਾ ਕਿ ਜਾਨ ਨੂੰ ਵੀ ਖ਼ਤਰਾ ਹੈ। ਘਰਵਾਲੇ ਦਾ ਕੋਈ ਸਬੰਧ ਨਹੀਂ ਸੀ ਉਸ ਨਾਲ। ਬਲਜੀਤ ਨੂੰ ਦੁਨੀਆ ’ਚ ਕੋਈ ਸੀਰ ਨਜ਼ਰ ਨਾ ਆਉਂਦਾ ਤੇ ਸਾਰਾ ਦਿਨ ਉਦਾਸੀ ਵਿੱਚ ਹੀ ਬੀਤਦਾ। ਕਦੇ ਕਦੇ ਸੋਚਦੀ ਕਿ ਇਉਂ ਜਿਊਂ ਕੇ ਕੀ ਲੈਣਾ ਹੈ।

ਅਚਾਨਕ ਇੱਕ ਦਿਨ ਬਲਜੀਤ ਦੇ ਪੇਕੇ ਘਰ ਫੋਨ ਆਇਆ ਕਿ ਤੁਹਾਡੀ ਧੀ ਨੇ ਖ਼ੁਦਕੁਸ਼ੀ ਲਈ ਹੈ। ਸਾਰਾ ਪਿੰਡ ਵਾਹੋਦਾਹੀ ਆਪੋ ਆਪਣੇ ਸਾਧਨਾਂ ਨਾਲ ਉਸ ਦੇ ਸਹੁਰੇ ਘਰ ਪਹੁੰਚ ਗਿਆ। ਉੱਥੇ ਦਾ ਮੰਜ਼ਰ ਤਾਂ ਕਿਸੇ ਤੋਂ ਵੇਖਿਆ ਹੀ ਨਾ ਗਿਆ। ਬਲਜੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਸਾਰੇ ਸਰੀਰ ਉੱਤੇ ਜ਼ਖ਼ਮਾਂ ਦੇ ਨਿਸ਼ਾਨ ਸਨ। ਇੰਝ ਜਾਪਦਾ ਸੀ ਕਿ ਬੁਰੀ ਤਰ੍ਹਾਂ ਕੁੱਟ ਮਾਰ ਕੇ ਉੱਪਰ ਟੰਗਿਆ ਗਿਆ। ਇੰਨੀ ਬੇਦਰਦੀ ਦੀ ਮੌਤ ਆਈ ਸੀ ਕਿ ਸਾਰੇ ਪਿੰਡ ਦੇ ਦਿਲ ਵਲੂੰਧਰੇ ਗਏ। ਹਰ ਅੱਖ ਉਸ ਭੋਲੀ ਭਾਲੀ ਸ਼ਖ਼ਸੀਅਤ ਵਾਸਤੇ ਨਮ ਸੀ।

ਸਾਰਾ ਦਿਨ ਉੱਪਰ ਲਟਕਦੀ ਨੂੰ ਹੀ ਬੀਤ ਗਿਆ। ਸ਼ਾਮ ਨੂੰ ਪੁਲੀਸ ਪੋਸਟਮਾਰਟਮ ਵਾਸਤੇ ਉਤਾਰ ਕੇ ਲੈ ਗਈ। ਪੰਚਾਇਤ ਨੇ ਬਿਆਨ ਦਰਜ ਕਰਵਾਏ ਕਿ ਕੁੜੀ ਨੂੰ ਬੇਹੱਦ ਹੀ ਤੰਗ ਕਰਦਾ ਸੀ, ਕੁੜੀ ਫੋਨ ’ਤੇ ਦੱਸਦੀ ਰਹਿੰਦੀ ਸੀ।

ਸਾਰੀਆਂ ਅੰਤਿਮ ਰਸਮਾਂ ਪੇਕੇ ਪਿੰਡ ਕੀਤੀਆਂ ਗਈਆਂ। ਜੰਟੇ ਨੂੰ ਪੁਲੀਸ ਨੇ ਚੁੱਕ ਲਿਆ। ਤਿਲ ਤਿਲ ਕਰਕੇ ਜੋੜਿਆ ਘਰ ਉੱਜੜ ਗਿਆ। ਉਸ ਦੇ ਮਾਪੇ ਸੋਚ ਰਹੇ ਸਨ ਕਿ ਉਨ੍ਹਾਂ ਦੀ ਧੀ ਬਲਜੀਤ ਦਾ ਘਰ ਨਸ਼ੇ ਨੇ ਬਰਬਾਦ ਕਰ ਦਿੱਤਾ। ਨਸ਼ਿਆਂ ਨੇ ਪਤਾ ਨਹੀਂ ਹੋਰ ਕਿੰਨੇ ਘਰ ਉਜਾੜੇ ਹਨ। ਪਰਮਾਤਮਾ ਦੀ ਨਜ਼ਰ ਕਦੋਂ ਸਵੱਲੀ ਹੋਵੇਗੀ? ਕਦੋਂ ਰੁਕੇਗਾ ਪੰਜਾਬ ਵਿੱਚੋਂ ਨਸ਼ਿਆਂ ਦਾ ਛੇਵਾਂ ਦਰਿਆ!

ਸੰਪਰਕ: 98773-40379

* * *

ਗੰਦੇ ਹੱਥ

ਬਿੰਦਰ ਸਿੰਘ ਖੁੱਡੀ ਕਲਾਂ

ਮਿਸਤਰੀ ਕਰਤਾਰ ਸਿੰਘ ਹੁਣ ਆਪ ਤਾਂ ਕੰਮ ਘੱਟ ਹੀ ਕਰਦਾ ਸੀ। ਉਹ ਹੁਣ ਮਿਸਤਰੀ ਤੋਂ ਠੇਕੇਦਾਰ ਬਣ ਗਿਆ ਸੀ। ਹੁਣ ਉਸ ਨੂੰ ਸਾਰੇ ਠੇਕੇਦਾਰ ਹੀ ਕਹਿੰਦੇ ਹਨ। ਉਸ ਨੂੰ ਵੀ ਮਿਸਤਰੀ ਦੀ ਬਜਾਏ ਠੇਕੇਦਾਰ ਕਹਾਉਣਾ ਜ਼ਿਆਦਾ ਚੰਗਾ ਲਗਦਾ ਹੈ। ਕੰਮ ਲਈ ਉਸ ਨੇ ਦੋ ਮਿਸਤਰੀ ਅਤੇ ਚਾਰ ਮਜ਼ਦੂਰ ਪੱਕੇ ਰੱਖੇ ਹੋਏ ਸਨ। ਜਦੋਂ ਕਦੀ ਵੱਧ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਤਾਂ ਲੇਬਰ ਚੌਕ ਵਿੱਚੋਂ ਲੈ ਆਉਂਦਾ ਹੈ। ਪੱਕੇ ਮਿਸਤਰੀਆਂ ਅਤੇ ਮਜ਼ਦੂਰਾਂ ਦੇ ਦੋ ਫ਼ਾਇਦੇ ਹਨ। ਪਹਿਲੀ ਗੱਲ, ਉਨ੍ਹਾਂ ਦੀ ਦਿਹਾੜੀ ਘੱਟ ਹੁੰਦੀ ਹੈ। ਦੂਜਾ, ਉਹ ਕੰਮ ਦੀ ਪੂਰੀ ਜ਼ਿੰਮੇਵਾਰੀ ਸਮਝਦੇ ਹਨ।

ਪਿੰਡ ਛੱਡ ਕੇ ਸ਼ਹਿਰ ਰਹਿਣ ਦਾ ਫ਼ੈਸਲਾ ਕਰ ਚੁੱਕੇ ਸਰਕਾਰੀ ਮਹਿਕਮੇ ’ਚ ਮੁਲਾਜ਼ਮ ਬਲਵੀਰ ਸਿੰਘ ਨੇ ਆਪਣੀ ਕੋਠੀ ਦਾ ਠੇਕਾ ਕਰਤਾਰ ਨੂੰ ਹੀ ਦਿੱਤਾ ਹੋਇਆ ਸੀ। ਇੱਥੇ ਕੰਮ ਕਰਦੇ ਮਜ਼ਦੂਰ ਬੜਾ ਭੱਜ ਭੱਜ ਕੰਮ ਕਰਦੇ।ਕਈ ਮਹੀਨੇ ਕੰਮ ਚੱਲਣ ਕਰਕੇ ਧੀਰੇ ਸਮੇਤ ਸਾਰੇ ਮਜ਼ਦੂਰਾਂ ਨੂੰ ਕੋਠੀ ਨਾਲ ਲਗਾਅ ਜਿਹਾ ਪੈਦਾ ਹੋ ਗਿਆ ਸੀ। ਵੈਸੇ ਵੀ ਮਾਲਕ ਦੀ ਕੋਈ ਟੋਕਾ ਟਾਕੀ ਨਹੀਂ ਸੀ। ਬਲਵੀਰ ਜਦ ਵੀ ਗੇੜਾ ਮਾਰਨ ਆਉਂਦਾ ਮਜ਼ਦੂਰਾਂ ਤੇ ਮਿਸਤਰੀਆਂ ਲਈ ਸਮੋਸੇ ਆਦਿ ਜ਼ਰੂਰ ਲਿਆਉਂਦਾ।

ਕੋਠੀ ਤਿਆਰ ਹੋਣ ਉਪਰੰਤ ਬਲਵੀਰ ਨੇ ਪਰਿਵਾਰ ਸਮੇਤ ਰਿਹਾਇਸ਼ ਕਰ ਲਈ। ਇੱਕ ਦਿਨ ਦਿਹਾੜੀ ਤੋਂ ਵਾਪਸ ਆਉਂਦੇ ਧੀਰੇ ਨੇ ਸੋਚਿਆ ਕਿ ਮਾਲਕ ਨੂੰ ਮਿਲ ਚੱਲੀਏ। ਧੀਰੇ ਨੇ ਜਿਉਂ ਹੀ ਬੈੱਲ ਮਾਰੀ ਤਾਂ ਬਲਵੀਰ ਦੀ ਪਤਨੀ ਨੇ ਗੇਟ ਖੋਲ੍ਹਿਆ, ‘‘ਹਾਂ ਜੀ, ਦੱਸੋ ਕਿਸ ਨੂੰ ਮਿਲਣਾ ਸੀ?’’ ‘‘ਆਹ ਥੋਡੀ ਕੋਠੀ ਅਸੀਂ ਹੀ ਤਿਆਰ ਕੀਤੀ ਆ ਜੀ। ਮੈਂ ਤਾਂ ਜੀ ਸਰਦਾਰ ਬਲਵੀਰ ਸਿੰਘ ਨੂੰ ਮਿਲਣ ਆ ਗਿਆ ਸੀ। ਮੇਰਾ ਜੀਅ ਕੀਤਾ। ਸਰਦਾਰ ਸਾਬ੍ਹ ਹੈਗੇ ਨੇ ਘਰੇ?’’

‘‘ਹਾਂ ਘਰੇ ਈ ਨੇ ਭਾਈ ਸਰਦਾਰ ਸਾਬ੍ਹ,’’ ਬਲਵੀਰ ਦੀ ਪਤਨੀ ਦੇ ਕਹਿਣ ਦੀ ਦੇਰ ਸੀ ਕਿ ਧੀਰੇ ਨੇ ਸੀਮਿੰਟ ਨਾਲ ਲਿੱਬੜੇ ਅੱਧ ਧੋਤੇ ਪੈਰ ਗੇਟ ਵੱਲ ਵਧਾਉਣ ਦੀ ਕੋਸ਼ਿਸ਼ ਕੀਤੀ ਹੀ ਸੀ ਕਿ ਉਹ ਝੱਟ ਬੋਲੀ, ‘‘ਖੜ੍ਹ ਜਾ ਭਾਈ, ਤੇਰੇ ਤਾਂ ਪੈਰ ਈ ਬਾਹਲੇ ਲਿਬੜੇ ਹੋਏ ਨੇ। ਅੰਦਰ ਨਾ ਧਰੀਂ ਪੈਰ।’’ ਉਸ ਨੇ ਲਿੱਬੜੇ ਪੈਰਾਂ ਦੇ ਨਾਲ ਨਾਲ ਸੀਮਿੰਟ ’ਚ ਰਹਿਣ ਕਾਰਨ ਬਿਆਈਆਂ ਪਾਟੇ ਹੱਥਾਂ ਵੱਲ ਵੇਖ ਨੱਕ ਚੜ੍ਹਇਆ। ‘‘ਮੈਂ ਸਰਦਾਰ ਸਾਬ੍ਹ ਨੂੰ ਬਾਹਰ ਈ ਭੇਜਦੀ ਆਂ।’’ ਮਾਲਕਣ ਦੀ ਗੱਲ ਸੁਣ ਧੀਰੇ ਦੇ ਪੈਰ ਅੱਗੇ ਵਧਣ ਤੋਂ ਥਾਏਂ ਰੁਕ ਗਏ। ‘ਇਨ੍ਹਾਂ ਗੰਦੇ ਪੈਰਾਂ ਵੱਲੋਂ ਹੀ ਤਿਆਰ ਕੀਤੀ ਕੋਠੀ ’ਚ ਹੁਣ ਮੈਨੂੰ ਪੈਰ ਧਰਨ ਦੀ ਇਜਾਜ਼ਤ ਨਹੀਂ,’ ਮਨ ਹੀ ਮਨ ਸੋਚਦਾ ਧੀਰਾ ਬੋਲਿਆ, ‘‘ਹਾਂ ਜੀ ਬੀਬੀ ਜੀ, ਸਰਦਾਰ ਸਾਬ੍ਹ ਨੂੰ ਇੱਥੇ ਹੀ ਭੇਜ ਦਿਓ।’’ ਬਲਵੀਰ ਸਿੰਘ ਨੇ ਬਾਹਰ ਆਉਂਦਿਆਂ ਹੀ ਧੀਰੇ ਨਾਲ ਹੱਥ ਮਿਲਾਇਆ, ‘‘ਆ ਜਾ ਧੀਰੇ, ਬਾਹਰ ਕਿਉਂ ਖੜ੍ਹ ਗਿਆ? ਅੰਦਰ ਆ ਜਾ ਯਾਰ। ਹੁਣ ਤੂੰ ਅੰਦਰ ਵੀ ਨਹੀਂ ਵੜਦਾ। ਤਿਆਰ ਕਰਨ ਵੇਲੇ ਤਾਂ ਭੱਜਿਆ ਫਿਰਦਾ ਸੀ ਅੰਦਰ।’’ ‘‘ਬੱਸ ਜੀ, ਮੇਰਾ ਤਾਂ ਊਈਂ ਥੋਨੂੰ ਮਿਲਣ ਨੂੰ ਜੀਅ ਕਰ ਆਇਆ। ਮੈਨੂੰ ਕਾਹਲ ਐ ਤਾਂ ਕਰਕੇ ਅੰਦਰ ਨਹੀਂ ਆਇਆ,’’ ਉਹ ਮਾਲਕਣ ਵੱਲ ਵੇਖਦਾ ਬੋਲਿਆ। ਧੀਰੇ ਨਾਲ ਕੁਝ ਦੇਰ ਗੱਲਾਂ ਕਰਨ ਉਪਰੰਤ ਗੇਟ ਬੰਦ ਕਰ ਜਦੋਂ ਬਲਵੀਰ ਅੰਦਰ ਲੰਘਣ ਲੱਗਿਆ ਤਾਂ ਉਸ ਦੀ ਪਤਨੀ ਬੋਲੀ, ‘‘ਖੜ੍ਹ ਜੋ ਖੜ੍ਹ ਜੋ। ਅੰਦਰ ਜਾਣ ਤੋਂ ਪਹਿਲਾਂ ਹੱਥ ਧੋ ਕੇ ਜਾਓ। ਵੇਖਿਆ ਨਹੀਂ ਭਾਈ ਦੇ ਹੱਥ ਕਿੰਨੇ ਗੰਦੇ ਸੀ!’’

ਸੰਪਰਕ: 98786-05965

Advertisement
×