ਕੁਲਦੀਪ ਸਿੰਘ ਦੀਪ (ਡਾ.)
ਮੱਲ ਸਿੰਘ ਰਾਮਪੁਰੀ ਆਪਣੇ ਜੀਵਨ ਮੰਚ ਅਤੇ ਸਿਰਜਣਾ ਮੰਚ ਦੀਆਂ ਪ੍ਰਾਪਤੀਆਂ ਦੀ ਬਦੌਲਤ ਲੋਕ ਪੱਖੀ ਸੰਘਰਸ਼ਾਂ ਅਤੇ ਲੋਕ ਪੱਖੀ ਥੀਏਟਰ ਦੇ ਸੁਨਹਿਰੇ ਪੰਨਿਆਂ ’ਤੇ ਆਪਣੇ ਪੱਕੇ ਇੰਦਰਾਜ ਕਰ ਗਿਆ। ‘ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ’ ਵੱਲੋਂ ਆਰੰਭੀ ਵਿਸ਼ਾਲ ਸੰਸਕ੍ਰਿਤਕ ਲਹਿਰ ਜਿਸ ਦੇ ਪੂਰੇ ਭਾਰਤ ਦੇ ਰੰਗਕਰਮੀ ਅਤੇ ਹੋਰ ਪ੍ਰਦਰਸ਼ਨੀ ਕਲਾਵਾਂ ਦੇ ਕਾਲਾਕਾਰ ਏਜੰਡੇ ਤਹਿਤ ਇਕ ਪਲੈਟਫਾਰਮ ’ਤੇ ਇਕੱਠੇ ਹੋਏ। ਮੱਲ ਸਿੰਘ ਰਾਮਪੁਰੀ ਵੀ ਇਸੇ ਲਹਿਰ ਤੋਂ ਸਿੱਧੇ ਅਤੇ ਅਸਿੱਧੇ ਤੌਰ ’ਤੇ ਪ੍ਰੇਰਿਤ ਹੋਣ ਵਾਲਿਆਂ ਵਿਚੋਂ ਇਕ ਸੀ। ਉਹ ਆਪਣੀ ਦਮਦਾਰ ਆਵਾਜ਼ ਅਤੇ ਆਪਣੀ ਸਿਰਜਣਾਤਮਕ ਸਮਰੱਥਾ ਦੀ ਬਦੌਲਤ ਇਪਟਾ ਦੇ ਉਪੇਰਿਆਂ ਦਾ ਨਾਇਕ ਬਣਿਆ। ਉਸ ਦੀ ਇਸ ਸਮਰੱਥਾ ਨੂੰ ਇਸ ਇਕ ਵਾਕਿਆਤ ਰਾਹੀਂ ਸਮਝਿਆ ਜਾ ਸਕਦਾ ਹੈ। ਕਾਮਰੇਡਾਂ ਦੇ ਪ੍ਰੋਗਰਾਮਾਂ ਵਿਚ ਭੀੜ ਇਕੱਠੀ ਕਰਨ ਲਈ ਡਰਾਮਾ ਸਕੁਐਡਾਂ ਨੂੰ ਵਰਤਿਆ ਜਾਂਦਾ ਸੀ। ਇਸ ਲਈ ਡਰਾਮੇ ਦੇਖਣ ਆਈ ਭੀੜ ਨੂੰ ਪਹਿਲਾਂ ਲੈਕਚਰ ਸੁਣਾਏ ਜਾਂਦੇ ਸਨ ਅਤੇ ਬਾਅਦ ਵਿਚ ਬਿਲਕੁਲ ਅਖੀਰ ’ਤੇ ਉਪੇਰਾ ਦਿਖਾਇਆ ਜਾਂਦਾ ਸੀ। ਮੱਲ ਸਿੰਘ ਰਾਮਪੁਰੀ ਦੀ ਆਵਾਜ਼ ਦੀ ਗੜ੍ਹਕ ਏਨੀ ਜ਼ਿਆਦਾ ਸੀ ਕਿ ਉਸ ਦਾ ਉਪੇਰਾ ਨਾਟਕ ਦੇ ਰੂਪ ਵਿਚ ਵੀ ਅਤੇ ਉਪੇਰਾ ਗੀਤ ਦੇ ਰੂਪ ਵਿਚ ਵੀ ਪ੍ਰਦਰਸ਼ਨ ਦੇ ਅਖੀਰ ਵਿਚ ਰੱਖਿਆ ਜਾਂਦਾ ਸੀ।
ਅਜਿਹੀ ਸਮਰੱਥਾ ਅਤੇ ਸਿਰੜ ਭਰਪੂਰ ਸ਼ਖ਼ਸੀਅਤ ਮੱਲ ਸਿੰਘ ਰਾਮਪੁਰੀ ਨੇ ਆਪਣਾ ਸਾਰਾ ਜੀਵਨ ਕਦੇ ਲੋਕ ਸੰਘਰਸ਼ਾਂ ਵਿਚ ਨਾਅਰੇ ਲਾਉਂਦਿਆਂ, ਜੇਲ੍ਹ ਕੱਟਦਿਆਂ, ਲੋਕਾਂ ਵਿਚ ਆਪਣੀ ਗੱਲ ਕਹਿਣ ਲਈ ਉਪੇਰੇ ਤੇ ਕਵਿਤਾਵਾਂ ਸਿਰਜਦਿਆਂ, ਪੇਸ਼ਕਾਰੀਆਂ ਕਰਦਿਆਂ, ਦਰੀਆਂ ਅਤੇ ਹੋਰ ਸਾਮਾਨ ਇਕੱਠਾ ਕਰ ਕੇ ਮੰਚ ’ਤੇ ਪੇਸ਼ਕਾਰੀਆਂ ਕਰਦਿਆਂ ਲੰਘਾਇਆ। ਆਪਣੀ ਜੁਆਨੀ, ਤਾਕਤ, ਲਿਆਕਤ ਅਤੇ ਸਿਰਜਣਾ ਤਾਂ ਪਹਿਲਾਂ ਹੀ ਇਸ ਨੇ ਲੋਕ ਸੰਘਰਸ਼ਾਂ ਵਿਚ ਲਾ ਦਿੱਤੀ ਸੀ, ਹੁਣ ਉਮਰ ਦੇ ਅਖੀਰਲੇ ਪੜਾਅ ਉੱਪਰ ਆਪਣੇ ਜਿਉਂਦੇ ਜੀਅ ਆਪਣੀ ਸਾਰੀ ਜਮ੍ਹਾਂ ਪੂੰਜੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਨਾਂ ਕੀਤੀ ਅਤੇ ਅਕਾਦਮੀ ਨੇ ਮੋੜਵੇਂ ਰੂਪ ਵਿਚ ਉਸ ਦੇ ਜਿਉਂਦੇ ਜੀਅ ਉਸ ਦੇ ਨਾਂ ਉੱਪਰ ‘ਮੱਲ ਸਿੰਘ ਰਾਮਪੁਰੀ ਐਵਾਰਡ’ ਕਾਇਮ ਕੀਤਾ ਅਤੇ ਪਹਿਲਾ ਇਨਾਮ ਵੱਡੇ ਗਲਪਕਾਰ ਅਤੇ ਵਾਰਤਕਕਾਰ ਮਨਮੋਹਨ ਬਾਵਾ ਨੂੰ ਦਿੱਤਾ।
ਪੰਜਾਬ ਦੇ ਨਾਟਕ ਦੇ ਇਤਿਹਾਸ ਵਿਚ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਨਾਟਕ ਤੇ ਰੰਗਮੰਚ ਨੂੰ ਅਵਾਮੀ ਸਮੱਸਿਆਵਾਂ ਦੇ ਵਾਹਨ ਵਜੋਂ ਵਰਤਣ ਵਾਲੀ ਅਜਿਹੀ ਸੰਸਥਾ ਹੈ ਜਿਸ ਨੇ ਉਸ ਵੇਲੇ ਪੰਜਾਬੀ ਥੀਏਟਰ ਨੂੰ ਅਪਣਾਇਆ ਜਦੋਂ ਪੰਜਾਬ ਦਾ ਨਾਟਕ ਤੇ ਰੰਗਮੰਚ ਮੱਧ ਸ਼੍ਰੇਣੀ ਅਨੁਭਵ ਦੇ ਅਧੀਨ ਮੱਧ ਸ਼੍ਰੇਣੀ ਵਿਅਕਤੀਆਂ ਰਾਹੀਂ ਸ਼ਹਿਰਾਂ, ਮਹਾਨਗਰਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਆਡੀਟੋਰੀਅਮਾਂ ਤਕ ਸੀਮਤ ਹੋ ਗਿਆ ਸੀ। ਅਜਿਹੇ ਅਣਸੁਖਾਵੇਂ ਦੌਰ ਵਿਚ ਇਪਟਾ ਨੇ ਜਿਸ ਪ੍ਰਕਾਰ ਨਾਟਕ-ਥੀਏਟਰ ਨੂੰ ਆਪਣੇ ਉਦੇਸ਼ਾਂ ਨਾਲ ਜੋੜ ਕੇ ਅਵਾਮ ਦੀ ਪੀੜ ਨੂੰ ਆਵਾਜ਼ ਦਿੱਤੀ, ਉਹ ਆਪਣੇ ਆਪ ਵਿਚ ਇਕ ਇਤਿਹਾਸਕ ਕਾਰਜ ਸੀ, ਪਰ ਦੁਖਾਂਤ ਇਹ ਰਿਹਾ ਕਿ ਹਾਸ਼ੀਏ ’ਤੇ ਪਹੁੰਚੇ ਆਮ ਲੋਕਾਂ ਦੇ ਸੰਕਟਾਂ ਨੂੰ ਰੂਪਮਾਨ ਕਰਨ ਵਾਲੀ ਇਹ ਸੰਸਥਾ ਖ਼ੁਦ ਵੀ ਹਾਸ਼ੀਏ ’ਤੇ ਹੀ ਰਹੀ। ਨਾ ਇਸ ਦੇ ਸੰਚਾਲਕਾਂ ਤੇ ਸਿਰਜਣਹਾਰਿਆਂ ਨੇ ਇਸ ਦੇ ਇਸ ਇਤਿਹਾਸਕ ਕਾਰਜ ਨੂੰ ਕਲਮਬੱਧ ਕੀਤਾ ਅਤੇ ਨਾ ਨਾਟ-ਰੰਗਮੰਚ ਦੇ ਖੋਜੀਆਂ-ਆਲੋਚਕਾਂ ਦਾ ਧਿਆਨ ਇਸ ਪਾਸੇ ਗਿਆ।
ਮੱਲ ਸਿੰਘ ਰਾਮਪੁਰੀ ਵੱਲੋਂ ਸਿਰਜੇ ਉਪੇਰਿਆਂ ਵਿਚ ਸਵੇਰੇ ਦੀ ਚੜ੍ਹਤ, ਸੁਮੇਲ ਦਾ ਜਾਇਆ, ਸ਼ਾਹੀ ਮੰਗਤੇ, ਸੱਚ ਦਾ ਸੂਰਜ (ਅਪ੍ਰਾਪਤ), ਰਾਜ ਸ਼ਕਤੀ (ਅਪ੍ਰਾਪਤ), ਸਾਡਾ ਰਾਹ (ਅਪ੍ਰਾਪਤ) ਆਦਿ ਰਚਨਾਵਾਂ ਸ਼ਾਮਲ ਹਨ। ‘ਗਜ਼ਨੀ ਤੋਂ ਰਾਮਪੁਰ’ ਉਨ੍ਹਾਂ ਵੱਲੋਂ ਲਿਖਿਆ ਆਪਣੇ ਪਿੰਡ ਦਾ ਸਿਰਜਣਾਤਮਕ ਇਤਿਹਾਸ ਹੈ। ਉਸ ਵੱਲੋਂ ਲਿਖੀਆਂ ਹੋਰ ਪੁਸਤਕਾਂ ਵਿਚ ‘ਜੇਲ੍ਹਾਂ ਜਾਈ’ (ਕਵਿਤਾ), ‘ਹਰ ਪਾਸੇ ਚਕਮੌਰ ਗੜ੍ਹੀ ਹੈ’ (ਕਵਿਤਾ), ‘ਟੁਕੜੇ ਟੁਕੜੇ ਸੱਚ’ (ਸਵੈ ਜੀਵਨੀ ਮੂਲਕ ਲੇਖ), ਕੌਲਫੁੱਲ (ਬੁਝਾਰਤਾਂ ਦਾ ਸੰਗ੍ਰਹਿ) ਅਤੇ ਏਨੀ ਮੇਰੀ ਬਾਤ (ਲੋਕ ਕਹਾਣੀਆਂ) ਸ਼ਾਮਲ ਹਨ।
ਮੱਲ ਸਿੰਘ ਰਾਮਪੁਰੀ ਅਜਿਹਾ ਥੀਏਟਰੀ-ਕਾਮਾ ਤੇ ਪ੍ਰਤੀਬੱਧ ਰੰਗਕਰਮੀ ਸੀ ਜਿਸ ਨੇ ਇਪਟਾ ਦੇ ਉਦੇਸ਼ਪੂਰਨ ਰੰਗ ਕਰਮ ਨੂੰ ਅਪਣਾ ਕੇ ਸਾਹਿਤ ਦੇ ਸਮਾਜਿਕ ਮਰਮ ਨੂੰ ਪਛਾਣਿਆ। ਉਸਨੇ ਸੁਚੇਤ ਰੂਪ ਵਿਚ ਸਾਹਿਤ (ਨਾਟਕ-ਰੰਗਮੰਚ) ਨੂੰ ਸਮਾਜਿਕ ਚੇਤਨਾ ਦਾ ਵਾਹਕ ਮੰਨਦੇ ਹੋਏ ਸਮਾਜ ਤੋਂ ਨਿਰਲੇਪ ਸਾਹਿਤ (ਸਾਹਿਤ ਲਈ ਸਾਹਿਤ) ਦੇ ਸੰਕਲਪ ਨੂੰ ਰੱਦ ਕਰਕੇ ਸਾਹਿਤ ਦਾ ਜਮਾਤੀ ਖਾਸਾ ਪਛਾਣਿਆ। ਉਸ ਦੇ ਆਪਣੇ ਸ਼ਬਦਾਂ ਵਿਚ :
ਸਾਹਿਤ ਸਿਰਜਣਾ ਵੀ ਇਕ ਸਮਾਜਿਕ ਕਰਮ ਹੈ। ਇਸ ਲਈ ਸਾਹਿਤ ਦਾ ਵੀ ਕਿਸੇ ਉਤੇ ਚੰਗਾ, ਕਿਸੇ ਉਤੇ ਮਾੜਾ ਅਸਰ ਪੈਂਦਾ ਹੈ। ਦੂਜੇ ਸ਼ਬਦਾਂ ਵਿਚ ਇਹ ਕਿਸੇ ਦੇ ਹੱਕ ਵਿਚ ਤੇ ਕਿਸੇ ਦੇ ਵਿਰੁੱਧ ਜਾਂਦਾ ਹੈ। ਕੋਈ ਸਾਹਿਤਕਾਰ ਅਚੇਤ ਜਾਂ ਸੁਚੇਤ ਤੌਰ ’ਤੇ, ਸਿੱਧੇ ਜਾਂ ਅਸਿੱਧੇ ਤੌਰ ’ਤੇ ਲੁਟੇਰੀ ਜਮਾਤ ਦਾ ਪੱਖ ਪੂਰਦਾ ਹੋਇਆ ਜਾਂ ਆਪਣੀ ਕਿਸੇ ਕਮਜ਼ੋਰੀ ਨੂੰ ਲੁਕਾਉਂਦਾ ਹੋਇਆ ਆਖੇ ਕਿ ਮੇਰੀ ਪਹੁੰਚ ਤਾਂ ਨਿਰੋਲ ਸਾਹਿਤਕ ਹੈ ਅਥਵਾ ਇਹ ਜਮਾਤਾਂ ਦੇ ਭੇਦ ਭਾਵ ਤੋਂ ਪਰੇ ਹੈ, ਅਸਲ ਵਿਚ ਜਿਵੇਂ ਕਿ ਹੋ ਹੀ ਇਸ ਤਰ੍ਹਾਂ ਸਕਦਾ ਹੈ ਉਹਦੀ ਰਚਨਾ ਕਿਸੇ ਇਕ ਜਮਾਤ ਦੀ ਸਾਈਡ ਲਈ ਖੜ੍ਹੀ ਹੋਵੇਗੀ, ਆਮ ਤੌਰ ’ਤੇ ਲੁਟੇਰੀ ਜਮਾਤ ਦੀ। ਇਤਿਹਾਸ ਗਵਾਹ ਹੈ ਕਿ ਸਾਹਿਤ ਨਾ ਤਾਂ ਕਦੀ ਕੋਈ ਬੇਜਾਨ ਚੀਜ਼ ਹੀ ਰਹੀ ਹੈ ਤੇ ਨਾ ਹੀ ਕਦੀ ਨਿਰਪੱਖ ਹੋਇਆ ਹੈ ਤੇ ਨਾ ਹੀ ਸਰਬ ਸਾਂਝਾ। ਜਮਾਤੀ ਸਮਾਜ ਵਿਚ ਸਰਬ ਸਾਂਝਾ ਹੋਣ ਦਾ ਤਾਂ ਸੁਆਲ ਹੀ ਨਹੀਂ ਪੈਦਾ ਹੁੰਦਾ।”
ਉਪਰੋਕਤ ਪ੍ਰਸੰਗ ਮੱਲ ਸਿੰਘ ਰਾਮਪੁਰੀ ਦੀ ਨਾਟ-ਦ੍ਰਿਸ਼ਟੀ ਨੂੰ ਪੂਰਨ ਤੌਰ ’ਤੇ ਪਰਿਭਾਸ਼ਿਤ ਕਰਦਾ ਹੈ। ਆਪਣੀ ਇਸ ਸਿਧਾਂਤਕ ਧਾਰਨਾ ਨੂੰ ਉਹ ਸਪੱਸ਼ਟ ਤੌਰ ’ਤੇ ਵਿਹਾਰ ਵਿਚ ਲਾਗੂ ਕਰਦਾ ਹੈ। ਨਾਟਕ-ਸਿਰਜਣਾ ਦੇ ਸਮੇਂ ਉਹ ਸੁਚੇਤ ਰੂਪ ਵਿਚ ਉਨ੍ਹਾਂ ਪਰਿਸਥਿਤੀਆਂ, ਘਟਨਾਵਾਂ ਵਿਚੋਂ ਆਪਣੇ ਕਥਾਨਕ ਚੁਣਦਾ ਹੈ ਜੋ ਕਿ ਸਿੱਧੇ ਤੌਰ ’ਤੇ ਅਵਾਮ ਨਾਲ ਵਾਬਸਤਾ ਹੋਣ ਅਤੇ ਇਹੀ ਸਿਰਜਣਾਤਮਕ ਕਰਮ ਬਾਅਦ ਵਿਚ ਉਸ ਦੇ ਥੀਏਟਰੀ ਕਰਮ ਦਾ ਆਧਾਰ ਬਣਦਾ ਹੈ।
ਮੱਲ ਸਿੰਘ ਰਾਮਪੁਰੀ ਦਾ ਨਾਟਕ-ਥੀਏਟਰ ਦੋ ਨੁਕਤਿਆਂ ਤੋਂ ਵੀ ਧਿਆਨ ਦੀ ਮੰਗ ਕਰਦਾ ਹੈ। ਪਹਿਲਾਂ ਇਹ ਹੈ ਕਿ ਉਸ ਨੇ ਉਸ ਦੌਰ ਵਿਚ ਆਪਣੇ ਉਪੇਰਿਆਂ ਦੀ ਸਿਰਜਣਾ ਕਰਨੀ ਸ਼ੁਰੂ ਕੀਤੀ ਜਦੋਂ ਪੰਜਾਬੀ ਉਪੇਰਾ ਪਰੰਪਰਾ ਆਪਣੇ ਬਾਲਪਣ ਵਿਚ ਹੀ ਸੀ। ਭਾਵ 1951 ਵਿਚ ਰਚਿਆ ਸ਼ੀਲਾ ਭਾਟੀਆ ਦਾ ਉਪੇਰਾ ‘ਵਾਦੀ ਦੀ ਗੂੰਜ’ ਪੰਜਾਬੀ ਦਾ ਪਹਿਲਾ ਉਪੇਰਾ ਹੈ ਜੋ ਅਜੇ ਤਕ ਵੀ ਅਪ੍ਰਕਾਸ਼ਿਤ ਹੈ, ਪਰ ਮੱਲ ਸਿੰਘ ਰਾਮਪੁਰੀ ਦਾ ਪਹਿਲਾ ਉਪੇਰਾ ‘ਸਵੇਰੇ ਦੀ ਚੜ੍ਹਤ’ 1958 ਵਿਚ ਛਪ ਚੁੱਕਿਆ ਸੀ। ਇਸ ਤੋਂ ਸਿੱਧਾ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਮੱਲ ਸਿੰਘ ਰਾਮਪੁਰੀ ਪੰਜਾਬੀ ਉਪੇਰੇ ਦੇ ਮੋੜ੍ਹੀ-ਗੱਡ ਲੇਖਕਾਂ ਵਿਚੋਂ ਇਕ ਹੈ। ਦੂਜਾ ਨੁਕਤਾ ਇਹ ਮਹੱਤਵਪੂਰਨ ਹੈ ਕਿ ਜਿੱਥੇ ਇਪਟਾ ਤੇ ਖੱਬੇ ਪੱਖੀ ਪਾਰਟੀਆਂ ਨਾਲ ਜੁੜੇ ਸਾਰੇ ਉਪੇਰਾਂ ਲੇਖਕਾਂ ਦੀ ਇਹ ਤ੍ਰਾਸਦੀ ਹੀ ਰਹੀ ਹੈ ਕਿ ਉਨ੍ਹਾਂ ਨੇ ਲਿਖਿਆ ਬਹੁਤ ਕੁਝ, ਖੇਡਿਆ ਬਹੁਤ ਕੁਝ ਤੇ ਸਾਂਭਿਆ ਕੁਝ ਵੀ ਨਹੀਂ। ਇਸ ਪੱਖੋਂ ਰਾਮਪੁਰੀ ਭਾਵੇਂ ਪੂਰਨ ਤੌਰ ’ਤੇ ਸੁਚੇਤ ਨਹੀਂ ਸੀ, ਪਰ ਕਾਫ਼ੀ ਹੱਦ ਤਕ ਸੁਚੇਤ ਸੀ। ਉਸ ਨੇ ਭਾਵੇਂ ਆਪਣੇ ਸਾਰੇ ਉਪੇਰੇ ਤਾਂ ਪ੍ਰਕਾਸ਼ਿਤ ਨਹੀਂ ਕਰਵਾਏ, ਪਰ ਸਾਰਿਆਂ ਵਿਚ ਦੋ ਮਹੱਤਵਪੂਰਨ ਉਪੇਰੇ ਜ਼ਰੂਰ ਪ੍ਰਕਾਸ਼ਿਤ ਕਰਵਾ ਲਏ ਅਤੇ ਚੰਗੇ ਭਾਗਾਂ ਨੂੰ ਉਨ੍ਹਾਂ ਦੀਆਂ ਫੋਟੋ ਸਟੈਟ ਕਾਪੀਆਂ ਵੀ ਕਾਫ਼ੀ ਤਰੱਦਦ ਕਰਨ ਤੋਂ ਬਾਅਦ ਲੱਭ ਲਈਆਂ ਗਈਆਂ।
ਜਿੱਥੋਂ ਤਕ ਮੱਲ ਸਿੰਘ ਰਾਮਪੁਰੀ ਦੇ ਉਪੇਰਿਆਂ ਦਾ ਵਸਤੂ-ਵਿਧਾਨ ਦਾ ਸਬੰਧ ਹੈ, ਉਸ ਦੇ ਉਪੇਰੇ ਇਪਟਾ ਦੀ ਉਸੇ ਸਿਆਸੀ ਅਤੇ ਸਮਾਜਿਕ ਪ੍ਰਤੀਬੱਧਤਾ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹਨ ਜਿਸ ਨਾਲ ਉਸ ਨੇ ਸਾਮਰਾਜਵਾਦੀ ਅਤੇ ਲੋਕ-ਦੋਖੀ ਸਿਆਸਤ ਦੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਸੀ। ਇਪਟਾ ਅਜਿਹੀ ਵਿਚਾਰਧਾਰਾ ਸੀ ਜਿਸ ਨੇ ਪਹਿਲੀ ਵਾਰ ਪੰਜਾਬੀ ਨਾਟਕ ਨੂੰ ਸਿਆਸੀ ਪਰਿਪੇਖ ਦਿੱਤਾ ਅਤੇ ਨਾਬਰਾਬਰੀ ਅਤੇ ਕਾਣੀ ਵੰਡ ਆਧਾਰਿਤ ਸਮਾਜ ਦੇ ਸਮਾਜਿਕ ਵਿਸ਼ਲੇਸ਼ਣ ਦੇ ਨਾਲ ਨਾਲ ਸਿਆਸੀ ਵਿਸ਼ਲੇਸ਼ਣ ਕੀਤਾ। ਇਸ ਦੇ ਉਪੇਰੇ ‘ਸਵੇਰੇ ਦੀ ਚੜ੍ਹਤ’ ਤੇ ‘ਸੁਮੇਲ ਦਾ ਜਾਇਆ’ ਉਸ ਦੌਰ ਦੀ ਉਪਜ ਹਨ ਜਦੋਂ ਸਾਮਰਾਜਵਾਦੀ ਅੰਗਰੇਜ਼ਾਂ ਤੋਂ ਮੁਕਤੀ ਪ੍ਰਾਪਤ ਕਰਕੇ ਭਾਰਤ ਦੇ ਲੋਕਾਂ ਨੇ ਆਜ਼ਾਦ ਭਾਰਤ ਦੀ ਆਪਣੀ ਸਰਕਾਰ ਦੇ ਰੂਪ ਵਿਚ ਅਜਿਹੇ ਵਿਕਲਪੀ ਸਮਾਜ ਦਾ ਸੁਪਨਾ ਸੰਜੋਇਆ ਸੀ ਜਿਸ ਵਿਚ ਜਨ ਸਾਧਾਰਨ ਦੇ ਦੁੱਖਾਂ, ਪੀੜਾਂ, ਸੰਕਟਾਂ ਤੇ ਵਿਡੰਬਨਾਵਾਂ ਦਾ ਅੰਤ ਹੋ ਕੇ ਇਕ ਸੁਖਦ ਅਹਿਸਾਸ ਭਰਪੂਰ ਅਤੇ ਬਰਾਬਰੀ ਆਧਾਰਿਤ ਜੀਵਨ ਦੀ ਕਲਪਨਾ ਸ਼ਾਮਲ ਸੀ।
ਉਪੇਰਾ ‘ਸ਼ਾਹੀ ਮੰਗਤੇ’ ਸਮਕਾਲ ਵਿਚ ਵਾਪਰ ਰਹੇ ਉਦਾਰੀਕਰਨ, ਨਿੱਜੀਕਰਨ ਤੇ ਸੰਸਾਰੀਕਰਨ ਦੇ ਦੌਰ ’ਤੇ ਤਿੱਖਾ ਵਿਅੰਗ ਕਰਦਾ ਹੈ। ਉਸਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਲਹਿਰ ਦੇ ਵਿਖੰਡਨ ਅਤੇ ਉਮਰ ਦੇ ਇਕ ਲੰਮੇ ਦੌਰ ਤੋਂ ਬਾਅਦ ਵੀ ਅੱਕਿਆ, ਥੱਕਿਆ ਅਤੇ ਜੱਕਿਆ ਨਹੀਂ ਬਲਕਿ ਪੁਨਰਸਰਗਰਮ ਹੋਇਆ। ਉਪੇਰਿਆਂ ਤੋਂ ਬਾਅਦ ਮੱਲ ਸਿੰਘ ਰਾਮਪੁਰੀ ਦੀ ਵਰਤਮਾਨ ਦੌਰ ਦੀ ਇਸ ਪੁਨਰ ਸਰਗਰਮੀ ਦੀਆਂ ਕਈ ਦਿਸ਼ਾਵਾਂ ਸਨ। ਉਸ ਦੀ ਪਹਿਲੀ ਦਿਸ਼ਾ ਇਤਿਹਾਸ ਖੋਜ ਦੀ ਸੀ ਜਿਸ ਵਿਚ ਉਨ੍ਹਾਂ ਦੀ ਪੁਸਤਕ ‘ਗਜ਼ਨੀ ਤੋਂ ਰਾਮਪੁਰ ਤੱਕ’ ਸ਼ਾਮਲ ਹੈ। ਇਹ ਪੁਸਤਕ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਦੀਆਂ ਬਹੁਤ ਸਾਰੀਆਂ ਪਰਤਾਂ ਫੋਲਦੀ ਹੈ। ਗਜ਼ਨੀ ਦੇ ਬਾਜ਼ਾਰਾਂ ਤੋਂ ਲੈ ਕੇ ਆਪਣੇ ਪਿੰਡ ਰਾਮਪੁਰ ਤਕ ਭਾਰਤੀ ਸਮਾਜ ਦਾ ਜਾਤ, ਗੋਤ ਆਧਾਰਿਤ ਵਿਕਾਸ ਕਿਵੇਂ ਹੋਇਆ ਆਦਿ ਅਜਿਹੇ ਬਹੁਤ ਸਾਰੇ ਵਿਕਾਸ ਪੜਾਅ ਇਸ ਪੁਸਤਕ ਰਾਹੀਂ ਪ੍ਰਗਟ ਹੋਏ ਹਨ। ਦੂਜੀ ਪੁਸਤਕ ‘ਜੇਲ੍ਹਾਂ ਜਾਈ’ ਹੈ ਜੋ ਲਿਖੀ ਤਾਂ ਭਾਵੇਂ ਉਸ ਦੌਰ ਵਿਚ ਸੀ ਜਿਸ ਦੌਰ ਵਿਚ ਖੱਬੇ ਪੱਖੀ ਤਾਕਤਾਂ ਭਾਰਤੀ ਸਾਮਰਾਜੀ ਤਾਕਤਾਂ ਖਿਲਾਫ਼ ਸੰਘਰਸ਼ ਕਰ ਰਹੀਆਂ ਸਨ। ਇਹ ਦੌਰ ਕਲਮ ਦੇ ਪੱਖੋਂ ਵੀ ਅਤੇ ਮੈਦਾਨ ਦੇ ਪੱਖੋਂ ਵੀ ਸੱਤਾ ਨਾਲ ਸਿੱਧੇ ਮੱਥੇ ਟੱਕਰਨ ਦਾ ਦੌਰ ਸੀ। ਇਸ ‘ਸਿੱਧੇ ਮੱਥੇ ਟੱਕਰਨ’ ਦੇ ਪਰਿਪੇਖ ਵਿਚ ਲੇਖਕਾਂ ਅਤੇ ਸੰਘਰਸ਼ਸ਼ੀਲ ਕਾਮਿਆਂ ਦਾ ਜੇਲ੍ਹ ਜਾਣਾ ਆਮ ਜਿਹੀ ਗੱਲ ਸੀ। ‘ਜੇਲ੍ਹਾਂ ਜਾਈ’ ਪੁਸਤਕ ਉਸ ਦੌਰ ਦੇ ਇਸੇ ਪਰਿਪੇਖ ਦੀ ਕਾਵਿ ਅਭਿਵਿਅਕਤੀ ਹੈ। ਇਹ ਪੁਸਤਕ ਪੰਜਾਬੀ ਦੀ ਪਹਿਲੀ ਅਜਿਹੀ ਪੁਸਤਕ ਹੈ ਜੋ ਸਾਰੀ ਦੀ ਸਾਰੀ ਜੇਲ੍ਹ ਵਿਚ ਬੈਠ ਕੇ ਜੇਲ੍ਹ ਵਾਰੇ ਲਿਖੀ ਹੋਈ ਪੁਸਤਕ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਤੀਜੀ ਪੁਸਤਕ ‘ਹਰ ਪਾਸੇ ਚਮਕੌਰ ਗੜ੍ਹੀ ਹੈ’ ਉਨ੍ਹਾਂ ਕਵਿਤਾਵਾਂ ਦਾ ਸੰਗ੍ਰਹਿ ਹੈ ਜੋ ਉਸ ਨੇ ‘ਜੇਲ੍ਹਾਂ ਜਾਈ’ ਪੁਸਤਕ ਤੋਂ ਬਾਅਦ ਦੇ ਦੌਰ ਤੋਂ ਲੈ ਕੇ ਵਰਤਮਾਨ ਦੌਰ ਦੇ ਸਰੋਕਾਰਾਂ ਨੂੰ ਆਪਣੇ ਕਾਵਿਕ ਜਾਮੇ ਵਿਚ ਢਾਲਣ ਲਈ ਸਿਰਜੀ। ‘ਹਰ ਪਾਸੇ ਚਮਕੌਰ ਗੜ੍ਹੀ ਹੈ’ ਉਸ ਦੀਆਂ ਹੁਣ ਤਕ ਦੀਆਂ ਬਾਕੀ ਕਵਿਤਾਵਾਂ ਦਾ ਸੰਗ੍ਰਹਿ ਹੈ ਜਿਨ੍ਹਾਂ ਦਾ ਸਿਰਜਣ ਕਾਲ ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਤੋਂ ਲੈ ਕੇ ਇੱਕੀਵੀਂ ਸਦੀ ਦੇ ਵਰਤਮਾਨ ਦਹਾਕੇ ਤਕ ਫੈਲਿਆ ਹੋਇਆ ਹੈ।
ਮੱਲ ਸਿੰਘ ਰਾਮਪੁਰੀ ਦੀ ਅਗਲੀ ਪੁਸਤਕ ‘ਟੁਕੜੇ ਟੁਕੜੇ ਸੱਚ’ ਵਾਰਤਕ ਰੂਪ ਵਿਚ ਉਸ ਦੇ ਉਨ੍ਹਾਂ ਸਵੈਜੀਵਨੀਮੂਲਕ ਅਨੁਭਵਾਂ ਦਾ ਸੰਗ੍ਰਹਿ ਹੈ ਜੋ ਉਸ ਨੇ ਆਪਣੀ ਸਾਰੀ ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ’ਤੇ ਹੰਢਾਏ ਹਨ। ਇਹ ਅਨੁਭਵ ਦੋ ਰੂਪਾਂ ਵਿਚ ਇਸ ਪੁਸਤਕ ਵਿਚ ਪ੍ਰਗਟ ਹੋਏ ਹਨ। ਇਉਂ ਮੱਲ ਸਿੰਘ ਰਾਮਪੁਰੀ ਨਿਰੰਤਰ ਅੱਧੀ ਸਦੀ ਦੇ ਸਮਵਿਥ ਵਿਚਰਨ ਵਾਲਾ ਉਹ ਕਲਮੀ ਯੋਧਾ ਤੇ ਨਾਟ ਕਰਮੀ ਸੀ ਜਿਸਨੇ ਅਵਾਮੀ ਚੇਤਨਾ ਨਾਲ ਲੈਸ ਹੋ ਕੇ ਅਵਾਮ ਦੀਆਂ ਪੀੜਾਂ ਨੂੰ ਆਪਣੀਆਂ ਰਚਨਾਵਾਂ ਦਾ ਮਾਧਿਅਮ ਬਣਾਇਆ ਅਤੇ ਉਪੇਰਾ ਥੀਏਟਰ ਵਰਗਾ ਜਟਿਲ ਮਾਧਿਅਮ ਚੁਣ ਕੇ ਉਸ ਰਾਹੀਂ ਜਨ-ਜਨ ਤਕ ਪਹੁੰਚਾਇਆ। ਹੁਣ ਉਨ੍ਹਾਂ ਦੇ ਰੁਖ਼ਸਤ ਹੋਣ ਨਾਲ ਇਪਟਾ ਦੀ ਉਪੇਰਾ ਪਰੰਪਰਾ ਦਾ ਆਖਰੀ ਚਿਰਾਗ਼ ਬੁਝ ਗਿਆ ਹੈ, ਪਰ ਉਹ ਰੌਸ਼ਨੀਆਂ ਦਾ ਇਕ ਕਾਫ਼ਲਾ ਛੱਡ ਕੇ ਗਿਆ ਹੈ। ਆਓ, ਰਾਮਪੁਰੀ ਦੇ ਬਹਾਨੇ ਉਨ੍ਹਾਂ ਦੀ ਅਤੇ ਸੰਪੂਰਨ ਇਪਟਾ ਦੀ ਮਹਾਨ ਦੇਣ ਨੂੰ ਯਾਦ ਕਰੀਏ। ਇਸ ਅਣਥੱਕ ਯੋਧੇ ਨੂੰ ਇਹੀ ਸੱਚੀ ਸ਼ਰਧਾਂਜਲੀ ਹੈ।
ਸੰਪਰਕ: 98768-20600