ਨਵੀਂ ਦਿੱਲੀ:
ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਉਹ ਉਮੀਦ ਕਰਦਾ ਹੈ ਕਿ ਸਟਾਰ ਪ੍ਰਚਾਰਕ ਲੋਕ ਸਭਾ ਚੋਣਾਂ ਦੇ ਬਾਕੀ ਤਿੰਨ ਪੜਾਵਾਂ ਵਿੱਚ ਮਿਸਾਲ ਕਾਇਮ ਕਰਨਗੇ ਅਤੇ ਸਮਾਜ ਦਾ ਨਾਜ਼ੁਕ ਤਾਣ-ਬਾਣਾ ਵਿਗਾੜਨ ਦੀ ਕੋਸ਼ਿਸ਼ ਨਹੀਂ ਕਰਨਗੇ। ਕਮਿਸ਼ਨ ਨੇ ਕਿਹਾ ਕਿ ਇਹ ‘ਮੁੱਖ ਤੌਰ ’ਤੇ’ ਆਗੂਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਚੋਣਾਂ ਦੇ ਬਾਕੀ ਗੇੜਾਂ ਵਿੱਚ ਆਪਣੇ ਬਿਆਨਾਂ ਜਾਂ ਕਥਨਾਂ ਨੂੰ ਠੀਕ ਕਰਨ। ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਚੋਣ ਕਮਿਸ਼ਨ ਵੱਲੋਂ ਭਾਜਪਾ ਪ੍ਰਧਾਨ ਜੇਪੀ ਨੱਢਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਗਏ ਸਨ। ਚੋਣ ਕਮਿਸ਼ਨ ਨੇ ਕਿਹਾ, ‘‘ਕਮਿਸ਼ਨ ਸਿਆਸੀ ਪਾਰਟੀਆਂ ਦੇ ਸਿਖਰਲੇ ਆਗੂਆਂ, ਖਾਸ ਤੌਰ ’ਤੇ ਇਨ੍ਹਾਂ ਦੇ ਸਟਾਰ ਪ੍ਰਚਾਰਕਾਂ ਤੋਂ ਮੌਜੂਦਾ ਚੋਣਾਂ ਵਿੱਚ ਪ੍ਰਚਾਰ ਦੌਰਾਨ ਭਾਸ਼ਣ ਦੀ ਚੰਗੀ ਮਿਸਾਲ ਕਾਇਮ ਕਰਨ ਦੀ ਉਮੀਦ ਰੱਖਦਾ ਹੈ।’’ ਚੋਣ ਪੈਨਲ ਨੇ ਲੋਕ ਸਭਾ ਚੋਣਾਂ ਦੇ 16 ਮਾਰਚ ਦੇ ਐਲਾਨ ਤੋਂ ਬਾਅਦ ਆਦਰਸ਼ ਚੋਣ ਜ਼ਾਬਤੇ ਬਾਰੇ ਆਪਣੀ ਦੂਜੀ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਇਸ ਨੇ 90 ਫੀਸਦ ਤੋਂ ਵੱਧ ਸ਼ਿਕਾਇਤਾਂ ਦਾ ਨਿਬੇੜਾ ਕਰ ਦਿੱਤਾ ਹੈ। ਕੁੱਝ ਕਾਂਗਰਸ ਅਤੇ ਭਾਜਪਾ ਦੀਆਂ ਸ਼ਿਕਾਇਤਾਂ ਤੋਂ ਇਲਾਵਾ ਹੋਰ ਬਹੁਤੀਆਂ ਸ਼ਿਕਾਇਤਾਂ ਬਕਾਇਆ ਨਹੀਂ ਹਨ। ਕਮਿਸ਼ਨ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਲਗਪਗ ਦੋ ਮਹੀਨੇ ਪੂਰੇ ਹੋ ਗਏ ਹਨ ਅਤੇ ਹੁਣ ਤੱਕ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਕੀਤਾ ਗਿਆ ਚੋਣ ਪ੍ਰਚਾਰ ਜ਼ਿਆਦਾਤਰ ਹਿੰਸਾ ਰਹਿਤ, ਘੱਟ ਰੌਲੇ-ਰੱਪੇ ਵਾਲਾ ਅਤੇ ਬਿਨਾ ਦਖਲਅੰਦਾਜ਼ੀ ਵਾਲਾ ਰਿਹਾ ਹੈ। -ਪੀਟੀਆਈ