ਸੁਰਜੀਤ ਜੱਸਲ
ਪੰਜਾਬੀ ਸਾਹਿਤ ਅਤੇ ਸਿਨਮਾ ਦਾ ਬਹੁਤ ਗੂੜ੍ਹਾ ਰਿਸ਼ਤਾ ਹੈ। ਦੋਵੇਂ ਸਾਡੇ ਸਮਾਜ ਦਾ ਦਰਪਣ ਹਨ, ਪਰ ਅਫ਼ਸੋਸ ਕਿ ਵਪਾਰਕ ਸੋਚ ਲੈ ਕੇ ਚਲਦਿਆਂ ਫ਼ਿਲਮਸਾਜ਼ਾਂ ਵੱਲੋਂ ਸਾਹਿਤਕਾਰਾਂ ਦੀਆਂ ਲਿਖਤਾਂ ਦੀ ਬਜਾਏ ਮਸਾਲਾ ਕਹਾਣੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਹੁਣ ਕੁਝ ਤਬਦੀਲੀ ਆ ਰਹੀ ਹੈ, ਪੰਜਾਬੀ ਸਾਹਿਤ ਤੇ ਸਿਨਮਾ ਦੀ ਸੁਚੱਜੀ ਸੋਚ ਰੱਖਣ ਵਾਲੇ ਕੁਝ ਲੇਖਕ ਤੇ ਨਿਰਦੇਸ਼ਕ ਅੱਗੇ ਆਏ ਹਨ। ਨਿਰਦੇਸ਼ਕ ਭਗਵੰਤ ਕੰਗ ਵੱਲੋਂ ਕੀਤੀ ਇਸ ਪਹਿਲ ਕਦਮੀ ਸਦਕਾ ਨਾਵਲਕਾਰ ਜੀਤ ਸਿੰਘ ਸੰਧੂ ਦੇ ਨਾਵਲ ’ਤੇ ਆਧਾਰਿਤ ‘ਤੇਜਾ ਨਗੌਰੀ’ ਨਾਂ ਦੀ ਵੈੱਬ ਸੀਰੀਜ਼ ਲੈ ਕੇ ਆਏ ਹਨ, ਜਿਸ ਨੇ ਦਰਸ਼ਕਾਂ ਦੇ ਦਿਲਾਂ ’ਤੇ ਗੂੜ੍ਹੀ ਛਾਪ ਛੱਡੀ ਹੈ। ਇਸ ਵੈੱਬ ਸੀਰੀਜ਼ ਦੇ ਪਹਿਲੇ ਸੀਜ਼ਨ ਦੇ 12 ਐਪੀਸੋਡ ਹਨ ਜਿਨ੍ਹਾਂ ’ਚੋਂ ਛੇ ਐਪੀਸੋਡ ਯੂ-ਟਿਊਬ ਉੱਪਰ ਆ ਚੁੱਕੇ ਹਨ ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਵਾਂ ਪਿਆਰ ਮਿਲਿਆ ਹੈ।
ਪੇਂਡੂ ਜਨ-ਜੀਵਨ ’ਤੇ ਆਧਾਰਿਤ ਜਾਤੀਵਾਦ ਵਿਚ ਉਲਝੀ ਇਸ ਕਹਾਣੀ ਵਿਚ ਉਹ ਡਰਾਮਾ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਵੱਡੇ ਪਰਦੇ ’ਤੇ ਦਿਖਾਉਣ ਦੀ ਅੱਜ ਤਕ ਕਿਸੇ ਨੇ ਹਿੰਮਤ ਨਹੀਂ ਕੀਤੀ। ਇਸ ਵੈੱਬ ਸੀਰੀਜ਼ ਦੀ ਕਹਾਣੀ ਪ੍ਰੇਮ-ਪਿਆਰ, ਅਣਖ, ਜਾਤ-ਪਾਤ ਦੇ ਭੇਦਭਾਵ ਦੇ ਆਲੇ-ਦੁਆਲੇ ਘੁੰਮਦੀ ਹੈ। ਜਿਸ ਵਿਚ ਆਮ ਪੇਂਡੂ ਭਾਸ਼ਾ ਦਾ ਖੁੱਲ੍ਹ ਕੇ ਇਸਤੇਮਾਲ ਕੀਤਾ ਹੈ। ਮਾਲਵਾ ਖੇਤਰ ਵਿਚ ਪਿੰਡ ਪੱਧਰ ’ਤੇ ਵਰਤੀ ਜਾਣ ਵਾਲੀ ਦੇਸੀ ਬੋਲੀ, ਪੁਲੀਸ ਟਾਊਟ ਸਿਸਟਮ ਅਤੇ ਕਾਰਗੁਜ਼ਾਰੀ, ਘਰ ਤੋਂ ਬੇਪਰਵਾਹ ਲੋਕ, ਲੀਡਰੀ ਦਾ ਚਸਕਾ, ਸਰਪੰਚੀ ਦੀਆਂ ਕਿੜਾਂ, ਵੱਖ ਵੱਖ ਜਾਤਾਂ ਦੇ ਮੁੰਡੇ-ਕੁੜੀਆਂ ਦਾ ਪਿਆਰ, ਚੁਗਲੀ ਕਲਚਰ, ਛੋਟੀਆਂ ਬਰਾਦਰੀਆਂ ’ਚ ਬਦਮਾਸ਼ੀ ਕਲਚਰ, ਝੂਠੀ ਸ਼ਾਨੋ-ਸ਼ੌਕਤ, ਅਣਖ ਲਈ ਕਤਲੇਆਮ, ਇਹ ਸਭ ਕੁਝ ਇਸ ਵਿਚ ਬਾਖ਼ੂਬੀ ਦਿਖਾਇਆ ਗਿਆ ਹੈ। ਆਊਟ ਲਾਈਨ ਮੀਡੀਆ ਨੈੱਟ ਅਤੇ ਦਿ ਵਿਹਲਾ ਫ਼ਿਲਮਜ਼ ਦੇ ਬੈਨਰ ਅਧੀਨ ਬਣੀ ਇਸ ਵੈੱਬ ਸੀਰੀਜ਼ ਦੀ ਖਾਸੀਅਤ ਇਹ ਵੀ ਹੈ ਕਿ ਇਸ ਵਿਚ ਸਾਰੇ ਕਲਾਕਾਰ ਥੀਏਟਰ ਦੇ ਮੰਝੇ ਹੋਏ ਕਲਾਕਾਰ ਹਨ, ਜਿਨ੍ਹਾਂ ਵਿਚ ਮੋਹਨ ਕੰਬੋਜ, ਤਰਸ਼ਿੰਦਰ ਥਿੰਦ, ਜੱਸੀ ਜਸਵਿੰਦਰ, ਦਰਸ਼ਨ ਘਾਰੂ, ਤੇਜੀ ਸੰਧੂ, ਪਰਮਿੰਦਰ ਗਿੱਲ, ਪਿੰਕੀ ਸੱਗੂ, ਕੁਲਦੀਪ ਪਟਿਆਲਾ, ਜਗਤਾਰ ਸਿੰਘ ਬੈਨੀਪਾਲ, ਪਰੈਟੀ ਲੰਗ, ਹਰਵਿੰਦਰ ਰੁੜਕੀ, ਹਰਮੀਤ ਬਾਜਵਾ ਅਤੇ ਅੰਮ੍ਰਿਤਪਾਲ ਸਿੰਘ ਦੇ ਨਾਂ ਵਰਨਣਯੋਗ ਹਨ। ਇਨ੍ਹਾਂ ਤੋਂ ਇਲਾਵਾ ਮੁੱਖ ਭੂਮਿਕਾ ਵਿਚ ਕਈ ਪੰਜਾਬੀ ਫ਼ੀਚਰ ਫ਼ਿਲਮਾਂ ਵਿਚ ਵੱਖ-ਵੱਖ ਕਿਰਦਾਰ ਨਿਭਾ ਚੁੱਕਿਆ ਸੋਨੂ ਕੇਲੋਂ ਹੈ, ਜਿਸ ਨਾਲ ਹੀਰੋਇਨ ਦੀ ਭੂਮਿਕਾ ਮਾਡਲ ਅਤੇ ਅਭਿਨੇਤਰੀ ਪ੍ਰਭਜੋਤ ਕੌਰ ਰੰਧਾਵਾ ਨੇ ਨਿਭਾਈ ਹੈ। ਇਸ ਵੈੱਬ ਸੀਰੀਜ਼ ਦੇ ਡੀ.ਓ.ਪੀ. ਗੱਗੀ ਵਰਮਾ, ਨਿਰਮਾਤਾ ਭਗਵੰਤ ਕੰਗ ਅਤੇ ਪਰਮਜੀਤ ਸਿੰਘ ਨਾਗਰਾ ਹਨ। ‘ਤੇਜਾ ਨਗੌਰੀ’ ਨੂੰ ਮਿਲੀ ਸਫਲਤਾ ਨਾਲ ਜੀਤ ਸਿੰਘ ਸੰਧੂ ਨਾਵਲਕਾਰ ਤੋਂ ਅੱਗੇ ਫ਼ਿਲਮ ਲੇਖਕ ਅਤੇ ਭਗਵੰਤ ਕੰਗ ਲਘੂ ਫ਼ਿਲਮਾਂ ਤੋਂ ਅੱਗੇ ਵੈੱਬ ਸੀਰੀਜ਼ ਨਿਰਦੇਸ਼ਕ ਦੇ ਤੌਰ ’ਤੇ ਮੂਹਰਲੀਆਂ ਸਫਾਂ ਵਿਚ ਸ਼ਾਮਲ ਹੋ ਗਏ ਹਨ।
ਸੰਪਰਕ: 98146-07737