ਜੋਗਿੰਦਰ ਕੌਰ ਅਗਨੀਹੋਤਰੀ
ਦੇਸ਼ ਦੇ ਪਿੰਡਾਂ ਵਿੱਚ ਮੁੱਖ ਕਿੱਤਾ ਖੇਤੀਬਾੜੀ ਹੈ। ਉਂਜ ਅਨੇਕਾਂ ਹੋਰ ਧੰਦੇ ਵੀ ਅਪਣਾਏ ਜਾਂਦੇ ਹਨ। ਖੇਤੀ ਦੇ ਨਾਲ ਹੀ ਜਨ-ਜੀਵਨ ਜੁੜਿਆ ਹੋਇਆ ਹੈ ਕਿਉਂਕਿ ਅੰਨ ਹੀ ਜੀਵਨ ਦਾ ਆਧਾਰ ਹੈ। ਕਿਸਾਨ ਅੰਨ ਪੈਦਾ ਕਰਦਾ ਹੈ ਤਾਂ ਸਭ ਦੀ ਉਦਰਪੂਰਤੀ ਹੁੰਦੀ ਹੈ। ਕਿਸਾਨ ਦਾ ਜੀਵਨ ਬਹੁਤ ਸਖ਼ਤ ਮਿਹਨਤ ਵਾਲਾ ਮੰਨਿਆ ਗਿਆ ਹੈ। ਭਾਵੇਂ ਮਸ਼ੀਨੀ ਯੁੱਗ ਨੇ ਕਿਸਾਨ ਦੇ ਜੀਵਨ ਨੂੰ ਸੁਖਾਲਾ ਕਰ ਦਿੱਤਾ ਹੈ, ਪਰ ਕਿਸਾਨ ਦੇ ਉਸ ਸੰਕਟ ਦੇ ਦੌਰ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਜਦੋਂ ਉਸ ਕੋਲ ਸੰਦਾਂ ਤੇ ਪਾਣੀ ਦੀ ਕਮੀ ਸੀ। ਉਸ ਸਮੇਂ ਖੇਤੀ ਕਰਨ ਲਈ ਪਸ਼ੂ ਹੀ ਉਸ ਦੇ ਸਹਾਇਕ ਸਨ। ਜ਼ਮੀਨ ਵਾਹੁਣ ਲਈ ਬਲਦਾਂ, ਊਠਾਂ ਤੇ ਝੋਟਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਕਣਕ ਅਤੇ ਹੋਰ ਫ਼ਸਲਾਂ ਦੀ ਗੋਡੀ ਆਪਣੇ ਹੱਥੀਂ ਇੱਕ ਦੂਜੇ ਨਾਲ ਬਿੜੀ (ਕੰਮ ਬਦਲੇ ਕੰਮ) ’ਤੇ ਕੀਤੀ ਜਾਂਦੀ ਸੀ। ਕਣਕ ਪੱਕਣ ਤੋਂ ਬਾਅਦ ਕੱਟਣਾ/ਵੱਢਣਾ। ਉਸ ਤੋਂ ਬਾਅਦ ਕਣਕ ਕੱਢਣ ਲਈ ਫਲ੍ਹੇ ਤਿਆਰ ਕਰਨਾ। ਫੇਰ ਫਲ੍ਹਿਆਂ ਨਾਲ ਕਣਕ ਕੱਢਣੀ। ਕੜਕਦੀਆਂ ਧੁੱਪਾਂ ਦਾ ਸਿਰਾਂ ਉੱਤੋਂ ਦੀ ਲੰਘਣਾ। ਰਾਤਾਂ ਨੂੰ ਪਾਣੀ ਲਾਉਣ ਦਾ ਕੰਮ ਉਸ ਤੋਂ ਵੀ ਔਖਾ ਸੀ। ਸੱਪਾਂ ਦੇ ਸਿਰ ਮਿੱਧ ਕੇ ਪਾਣੀ ਲਾਉਣਾ ਪੈਂਦਾ ਸੀ। ਉੱਧਰੋਂ ਜੰਗਲੀ ਜਾਨਵਰਾਂ ਦਾ ਡਰ। ਜੰਗਲੀ ਸੂਰ, ਬਘਿਆੜ ਉਸ ਸਮੇਂ ਆਮ ਹੀ ਸਨ। ਕੁਝ ਫ਼ਸਲਾਂ ਗਾਹ ਕੇ ਕੱਢੀਆਂ ਜਾਂਦੀਆਂ ਸਨ। ਅਜਿਹੀਆਂ ਮੁਸ਼ਕਲਾਂ ਨੂੰ ਦੇਖ ਕੇ ਲੋਕ ਨੌਕਰੀ ਕਰਨ ਵਾਲੇ ਪਾਸੇ ਵੀ ਜਾਣ ਲੱਗੇ।
ਉੱਤਮ ਖੇਤੀ, ਮੱਧਮ ਵਪਾਰ, ਨਖਿਧ ਚਾਕਰੀ ਕਰੇ ਗਵਾਰ। ਮੁਸ਼ਕਲਾਂ ਦੇ ਬਾਵਜੂਦ ਖੇਤੀ ਨੂੰ ਉੱਤਮ ਮੰਨਿਆ ਹੈ। ਕਿਰਤ, ਈਮਾਨਦਾਰੀ ਅਤੇ ਆਪਣੀ ਆਜ਼ਾਦੀ ਕਾਰਨ ਹੀ ਇਸ ਨੂੰ ਉੱਤਮ ਮੰਨਿਆ ਜਾਂਦਾ ਹੈ। ਨੌਕਰੀ ਨੂੰ ਨਖਿਧ ਇਸ ਲਈ ਕਿਹਾ ਗਿਆ ਹੈ ਕਿ ਇਹ ਇੱਕ ਕਿਸਮ ਦੀ ਗ਼ੁਲਾਮੀ ਹੈ। ਸੋ ਇਸੇ ਕਰਕੇ ਲੋਕ ਖੇਤੀ ਕਰਨਾ ਪਸੰਦ ਕਰਦੇ ਸਨ। ਸੋਕੇ ਜਾਂ ਡੋਬੇ ਦੇ ਡਰੋਂ ਵੀ ਲੋਕ ਨੌਕਰੀ ਕਰਨਾ ਪਸੰਦ ਕਰਦੇ ਸਨ ਕਿਉਂਕਿ ਨੌਕਰੀ ਦੇ ਪੈਸੇ ਬੱਧੇ ਰੁੱਧੇ ਆਉਂਦੇ ਹਨ। ਅਜਿਹੇ ਸਮੇਂ ਔਰਤਾਂ ਵੀ ਆਦਮੀਆਂ ਨੂੰ ਨੌਕਰੀ ਲਈ ਪ੍ਰੇਰਦੀਆਂ ਸਨ। ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ:
ਇੱਥੇ ਮਿਲਣਗੇ ਫਿੱਡੇ ਛਿੱਤਰ
ਉੱਥੇ ਮਿਲਣਗੇ ਗੂਟ (ਬੂਟ)
ਭਰਤੀ ਹੋ ਜਾ ਵੇ
ਬਾਹਰ ਖੜ੍ਹੇ ਰੰਗਰੂਟ।
ਨੌਕਰੀ ਦਾ ਇਹੀ ਫਾਇਦਾ ਹੈ ਕਿ ਖੇਤੀ ਲਈ ਮੁਸ਼ਕਲਾਂ ਹਨ, ਪਰ ਨੌਕਰੀ ਆਰਾਮ ਦੀ ਹੈ। ਪੈਸੇ ਵੀ ਬੱਧੇ ਰੁੱਧੇ। ਮੀਂਹ ਕਣੀ ਜਾਂ ਸੋਕੇ ਕਾਰਨ ਫ਼ਸਲ ਖ਼ਰਾਬ ਹੋਣ ਦਾ ਡਰ ਨਹੀਂ। ਖੇਤੀ ਦੇ ਕੰਮਾਂ ਵਿੱਚ ਔਰਤਾਂ ਵੀ ਆਦਮੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਸਨ। ਉਨ੍ਹਾਂ ਦੇ ਸਹਿਯੋਗ ਨਾਲ ਹੀ ਖੇਤੀ ਸੰਭਵ ਸੀ। ਖੇਤੀ ਤੇ ਪਸ਼ੂਆਂ ਦਾ ਆਪਸ ਵਿੱਚ ਡੂੰਘਾ ਸਬੰਧ ਹੈ। ਦੋਵੇਂ ਇੱਕ ਦੂਜੇ ’ਤੇ ਨਿਰਭਰ ਹਨ। ਇਸ ਲਈ ਮਰਦ ਅਤੇ ਔਰਤ ਦੋਵੇਂ ਮਿਲਕੇ ਕੰਮ ਕਰਦੇ ਹਨ। ਮਿਹਨਤੀ ਵਿਅਕਤੀ ਦੀ ਹਰ ਪਾਸੇ ਕਦਰ ਹੁੰਦੀ ਹੈ। ਜੇਕਰ ਆਦਮੀ ਮਿਹਨਤ ਕਰਦਾ ਹੈ ਤਾਂ ਔਰਤ ਵੀ ਉਸ ਦੀ ਕਦਰ ਕਰਦੀ ਹੈ ਤਾਂ ਹੀ ਉਹ ਭੱਤਾ ਲੈ ਕੇ ਜਾਣਾ ਆਪਣਾ ਫ਼ਰਜ਼ ਸਮਝਦੀ ਹੈ। ਕੰਮਚੋਰ ਤੇ ਟਾਲੂ ਵਿਅਕਤੀ ਦੀ ਔਰਤ ਵੀ ਕਦਰ ਨਹੀਂ ਕਰਦੀ। ਉਹ ਉਸ ਨੂੰ ਮਿਹਨਤ ਕਰਨ ਲਈ ਮਿਹਣਾ ਵੀ ਮਾਰਦੀ ਹੈ:
ਜੇ ਮੁੰਡਿਆ ਤੂੰ ਹਲ਼ ਨਹੀਂ ਵਾਹੁਣਾ
ਮੈਂ ਵੀ ਨਹੀਂ ਧਰਨੀ ਦਾਲ ਮੁੰਡਿਆ
ਰੋਟੀ ਖਾ ਲੀਂ ਮਿਰਚਾਂ ਦੇ ਨਾਲ ਮੁੰਡਿਆ।
ਪਹਿਲਾਂ ਲੋਕਾਂ ਨੂੰ ਨੌਕਰੀਆਂ ਸ਼ਹਿਰਾਂ ਵਿੱਚ ਲੱਗੇ ਕਾਰਖਾਨਿਆਂ ਵਿੱਚ ਕਰਨੀਆਂ ਪੈਂਦੀਆਂ ਸਨ ਜਾਂ ਫ਼ੌਜ ਵਿੱਚ ਭਰਤੀ ਹੋਣਾ ਪੈਂਦਾ ਸੀ। ਇਸ ਲਈ ਲੋਕ ਦੂਰ ਦੀ ਨੌਕਰੀ ਤੋਂ ਟਲ ਜਾਂਦੇ ਸਨ। ਥੋੜ੍ਹੀਆਂ ਜ਼ਮੀਨਾਂ ਵਾਲੇ ਵੀ ਘਰੋਂ ਬਾਹਰ ਜਾ ਕੇ ਨੌਕਰੀ ਕਰਨ ਲਈ ਤਿਆਰ ਹੋ ਜਾਂਦੇ ਕਿਉਂਕਿ ਵੱਡੇ ਪਰਿਵਾਰਾਂ ਵਿੱਚ ਘੱਟ ਜ਼ਮੀਨ ਕਾਰਨ ਗੁਜ਼ਾਰਾ ਹੋਣਾ ਮੁਸ਼ਕਲ ਹੁੰਦਾ ਸੀ। ਫਿਰ ਅਜਿਹੇ ਹਾਲਾਤ ਵਿੱਚ ਔਰਤ ਆਪਣੇ ਪਤੀ ਨੂੰ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਨਾ ਦਿੰਦੀ ਹੈ:
ਡੂੰਘਾ ਵਾਹ ਲੈ ਹਲ਼ ਵੇ
ਤੇਰੀ ਘਰੇ ਨੌਕਰੀ।
‘ਖੇਤੀ ਖਸਮਾਂ ਸੇਤੀ’ ਦੀ ਕਹਾਵਤ ਅਨੁਸਾਰ ਖੇਤੀ ਮਾਲਕ ਤੋਂ ਬਗੈਰ ਨਹੀਂ ਹੁੰਦੀ। ਮਾਲਕ ਵੀ ਮਿਹਨਤੀ ਹੋਣਾ ਚਾਹੀਦਾ ਹੈ। ਬਿਨਾਂ ਹੱਥ ਹਿਲਾਇਆਂ ਕੁਝ ਵੀ ਨਹੀਂ ਹੁੰਦਾ। ਜੇਕਰ ਖੇਤ ਦਾ ਮਾਲਕ ਖੇਤ ਵਿੱਚ ਗੇੜਾ ਨਾ ਮਾਰੇ ਤਾਂ ਖੇਤ ਵੀ ਉਦਾਸ ਹੋ ਜਾਂਦਾ ਹੈ ਕਿਉਂਕਿ ਮਾਲਕ ਖੇਤ ਵਿੱਚ ਜਾ ਕੇ ਕੁਝ ਨਾ ਕੁਝ ਜ਼ਰੂਰ ਸੰਵਾਰਦਾ ਹੈ। ਖੇਤੀ ਕਰਨਾ ਤਪ ਦੇ ਬਰਾਬਰ ਮੰਨਿਆ ਗਿਆ ਹੈ। ਪਹਿਲਾਂ ਕਣਕਾਂ ਬੀਜੀਆਂ ਜਾਂਦੀਆਂ ਸਨ। ਫਿਰ ਉਨ੍ਹਾਂ ਦੀ ਗੋਡੀ ਕੀਤੀ ਜਾਂਦੀ ਸੀ। ਕਿਸਾਨ ਇੱਕ ਦੂਜੇ ਦੇ ਸਹਿਯੋਗ ਨਾਲ ਕਣਕਾਂ ਗੁੱਡਦੇ ਸਨ। ਕਣਕਾਂ ਕਈ ਵਾਰ ਗੁੱਡੀਆਂ ਜਾਂਦੀਆਂ ਸਨ। ਰੂੜੀ ਦੀ ਖਾਦ ਪਾਈ ਜਾਂਦੀ ਸੀ। ਇਸ ਤਰ੍ਹਾਂ ਹੀ ਮਸ਼ੀਨੀ ਯੁੱਗ ਆਉਣ ਤੋਂ ਪਹਿਲਾਂ ਕਣਕਾਂ ਕੇਰਾ, ਪੋਰਾ ਤੇ ਛਿੱਟੇ ਆਦਿ ਤਰੀਕੇ ਨਾਲ ਬੀਜੀਆਂ ਜਾਂਦੀਆਂ ਸਨ। ਦੋ ਜਾਂ ਤਿੰਨ ਵਾਰ ਜ਼ਮੀਨ ਨੂੰ ਵਾਹ ਕੇ ਫਿਰ ਸੁਹਾਗਾ ਮਾਰ ਕੇ ਬੀਜੀ ਜਾਂਦੀ ਸੀ। ਫਿਰ ਉਨ੍ਹਾਂ ਦੀ ਦੇਖ-ਰੇਖ ਲਈ ਵੀ ਮਿਹਨਤ ਕਰਨੀ ਪੈਂਦੀ ਸੀ। ਕੱਚੇ ਖਾਲਾਂ ਨੂੰ ਪਾਣੀ ਲਾਉਣ ਤੋਂ ਪਹਿਲਾਂ ਘੜਨਾ ਪੈਂਦਾ ਸੀ। ਕਣਕਾਂ ਪੱਕਣ ’ਤੇ ਉਨ੍ਹਾਂ ਨੂੰ ਹੱਥੀਂ ਵੱਢਿਆ ਜਾਂਦਾ ਸੀ। ਕੱਢਣ ਵੇਲੇ ਫਲ੍ਹਿਆਂ ਨਾਲ ਕੱਢਿਆ ਜਾਂਦਾ ਸੀ।
ਅੱਜ ਦੇ ਸਮੇਂ ਵਿੱਚ ਜ਼ਿਆਦਾ ਮਿਹਨਤ ਦੀ ਲੋੜ ਨਹੀਂ। ਵਿਗਿਆਨ ਦੀਆਂ ਕਾਢਾਂ ਸਦਕਾ ਖੇਤੀ ਦਾ ਕੰਮ ਆਸਾਨ ਹੋ ਗਿਆ ਹੈ। ਜ਼ਮੀਨ ਵਾਹੁਣ ਲਈ ਬਲਦਾਂ ਦੀ ਲੋੜ ਨਹੀਂ ਬਲਕਿ ਉਨ੍ਹਾਂ ਦੀ ਥਾਂ ਟਰੈਕਟਰਾਂ ਨੇ ਲੈ ਲਈ ਹੈ। ਕਣਕਾਂ ਗੁੱਡਣ ਦੀ ਬਜਾਏ ਨਦੀਨਾਂ ਨੂੰ ਮਾਰਨ ਲਈ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਕਪਾਹ ਤੇ ਨਰਮਾ ਹੁਣ ਬਹੁਤ ਘੱਟ ਬੀਜਿਆ ਜਾਂਦਾ ਹੈ। ਹੁਣ ਜ਼ਿਆਦਾ ਰਕਬੇ ਵਿੱਚ ਝੋਨਾ ਬੀਜਿਆ ਜਾਂਦਾ ਹੈ। ਖਾਦਾਂ ਦੀ ਵਰਤੋਂ ਕਰਨ ਕਰਕੇ ਫਸਲਾਂ ਦਾ ਉਤਪਾਦਨ ਵੀ ਵਧਿਆ ਹੈ। ਪਹਿਲਾਂ ਨਾਲੋਂ ਖੇਤੀ ਸੌਖੀ ਹੈ। ਖੇਤਾਂ ਵਿੱਚ ਪਾਣੀ ਵਾਸਤੇ ਮੋਟਰਾਂ ਲੱਗੀਆਂ ਹੋਈਆਂ ਹਨ। ਖਾਲ ਪੱਕੇ ਹਨ। ਖੇਤ ਵੀ ਹੁਣ ਤੁਰ ਕੇ ਨਹੀਂ ਜਾਣਾ ਪੈਂਦਾ। ਹਰ ਕੋਈ ਮੋਟਰਸਾਈਕਲ ਜਾਂ ਸਕੂਟਰੀ ’ਤੇ ਹੀ ਖੇਤ ਗੇੜਾ ਮਾਰਨ ਜਾਂਦਾ ਹੈ। ਇੰਨਾ ਕੁਝ ਸੁਖਾਲਾ ਹੋਣ ਦੇ ਬਾਵਜੂਦ ਨਵੀਂ ਪੀੜ੍ਹੀ ਵਿੱਚ ਨਿਰਾਸ਼ਤਾ ਹੈ। ਨਵੀਂ ਪੀੜ੍ਹੀ ’ਤੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਵਧ ਰਿਹਾ ਹੈ। ਤਕਨੀਕੀ ਸਹੂਲਤਾਂ ਹੋਣ ਦੇ ਬਾਵਜੂਦ ਨਵੀਂ ਪੀੜ੍ਹੀ ਖੇਤੀ ਕਰਨ ਤੋਂ ਕੰਨੀਂ ਕਤਰਾਉਂਦੀ ਹੈ ਅਤੇ ਆਪਣੀ ਆਜ਼ਾਦੀ ਲਈ ਪੱਛਮ ਵੱਲ ਭੱਜ ਰਹੀ ਹੈ। ਹਾਲਾਂਕਿ, ਉੱਧਰ ਜਾ ਕੇ ਇੱਧਰ ਨਾਲੋਂ ਵੱਧ ਮਿਹਨਤ ਕਰਨੀ ਪੈਂਦੀ ਹੈ। ਜੇ ਗਹੁ ਨਾਲ ਦੇਖਿਆ ਜਾਵੇ ਤਾਂ ਲੱਖਾਂ ਰੁਪਏ ਖ਼ਰਚ ਕਰਕੇ ਵਿਦੇਸ਼ ਵਿੱਚ ਜਾ ਕੇ ਮਜ਼ਦੂਰੀ ਕਰਨ ਨਾਲੋਂ ਤਾਂ ਆਪਣੀ ਥੋੜ੍ਹੀ ਜ਼ਮੀਨ ’ਤੇ ਵੀ ਵਧੀਆ ਨਿਰਬਾਹ ਕੀਤਾ ਜਾ ਸਕਦਾ ਹੈ। ਜ਼ਮੀਨ ਵੇਚ ਕੇ ਲੱਖਾਂ ਰੁਪਏ ਲਾ ਕੇ ਵੀ ਜੇ ਮਜ਼ਦੂਰੀ ਹੀ ਕਰਨੀ ਹੈ ਤਾਂ ਇਸ ਤੋਂ ਵੱਡੀ ਮੂਰਖਤਾ ਨਹੀਂ ਹੈ। ਇਹੋ ਪੈਸੇ ਜਮ੍ਹਾਂ ਕਰਵਾ ਕੇ ਉਸ ਦੇ ਵਿਆਜ ਨਾਲ ਵੀ ਕਬੀਲਦਾਰੀ ਸੌਖੀ ਚੱਲ ਸਕਦੀ ਹੈ। ਜਿੰਨੀ ਮਿਹਨਤ ਬਾਹਰ ਜਾ ਕੇ ਕੀਤੀ ਜਾਂਦੀ ਹੈ, ਉਸ ਤੋਂ ਘੱਟ ਮਿਹਨਤ ਨਾਲ ਆਪਣੇ ਦੇਸ਼ ਵਿੱਚ ਸਰਦਾ ਹੈ। ਲੇਜ਼ਰ ਤਕਨੀਕ ਨਾਲ ਜ਼ਮੀਨ ਪੱਧਰ ਕੀਤੀ ਜਾ ਸਕਦੀ ਹੈ ਤੇ ਖੇਤ ਨੂੰ ਪਾਣੀ ਲਾਉਣ ਲਈ ਕੋਈ ਕਠਿਨਾਈ ਨਹੀਂ ਆਉਂਦੀ। ਆਪਣੇ ਸਭਿਆਚਾਰ ਨਾਲੋਂ ਕੱਟ ਕੇ ਜੀਵਨ ਬਤੀਤ ਕਰਨ ਦੀ ਬਜਾਏ ਆਪਣੇ ਜੀਵਨ ਨੂੰ ਸੁਖਾਲਾ ਰੱਖਣ ਦੀ ਲੋੜ ਹੈ। ਬੇਗਾਨੇ ਦੇਸ਼ਾਂ ਵਿੱਚ ਸਿਰਫ਼ ਪੈਸਾ ਹੀ ਹੈ। ਨਾ ਕੋਈ ਮੋਹ ਮੁਹੱਬਤ ਤੇ ਨਾ ਹੀ ਕੋਈ ਰੀਤੀ ਰਿਵਾਜ। ਨਾ ਹੀ ਕੋਈ ਸ਼ੌਕ ਦਾ ਖਾਣ-ਪੀਣ।
ਭਾਵੇਂ ਬੀਤ ਚੁੱਕੇ ਸਮੇਂ ਨੌਜਵਾਨਾਂ ਨੂੰ ਦੂਰ ਦੀ ਨੌਕਰੀ ਕਰਨ ਨਾਲੋਂ ਘਰ ਰਹਿ ਕੇ ਮਿਹਨਤ ਵੱਲ ਪ੍ਰੇਰਿਤ ਕੀਤਾ ਜਾਂਦਾ ਸੀ, ਪਰ ਅੱਜ ਵੀ ਉਹੀ ਹਾਲਾਤ ਬਣ ਰਹੇ ਹਨ। ਇਸ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ। ਇਹ ਲੋਕ ਗੀਤ ਅੱਜ ਵੀ ਉਵੇਂ ਹੀ ਢੁੱਕਦਾ ਹੈ:
ਡੂੰਘਾ ਵਾਹ ਲੈ ਹਲ਼ ਵੇ
ਤੇਰੀ ਘਰੇ ਨੌਕਰੀ।
ਸੰਪਰਕ: 94178-40323