ਮੁੰਬਈ: ਅਦਾਕਾਰ ਰਾਜਕੁਮਾਰ ਰਾਓ ਅਤੇ ਸਾਨਿਆ ਮਲਹੋਤਰਾ ਨੇ ਆਪਣੀ ਆਉਣ ਵਾਲੀ ਫਿਲਮ ‘ਹਿੱਟ-ਦਿ ਫਰਸਟ ਕੇਸ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਫਿਲਮ ਦੇ ਨਿਰਮਾਤਾਵਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ 2020 ਵਿੱਚ ਆਈ ਇਸੇ ਨਾਂ ਦੀ ਤੇਲਗੂ ਫਿਲਮ ਦਾ ਹਿੰਦੀ ਰੀਮੇਕ ਹੈ। ਭੂਸ਼ਨ ਕੁੁਮਾਰ, ਦਿਲ ਰਾਜੂ, ਕ੍ਰਿਸ਼ਨ ਕੁਮਾਰ ਅਤੇ ਕੁਲਦੀਪ ਰਾਠੌਰ ਫਿਲਮ ਦੇ ਨਿਰਮਾਤਾ ਹਨ। ‘ਟੀ-ਸੀਰੀਜ਼’ ਨੇ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਮਗਰੋਂ ਟੀਮ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕਰਦਿਆਂ ਟਵੀਟ ਕੀਤਾ, ‘‘ਰਾਜਕੁਮਾਰ ਰਾਓ ਅਤੇ ਸਾਨਿਆ ਮਲਹੋਤਰਾ ਦੇ ਮੁੱਖ ਕਿਰਦਾਰਾਂ ਵਾਲੀ ਭੂਸ਼ਨ ਕੁਮਾਰ ਅਤੇ ਦਿਲ ਰਾਜੂ ਦੀ ਫਿਲਮ ‘ਹਿਟ- ਦਿ ਫਰਸਟ ਕੇਸ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਹੁਣ ਸਿਨੇਮਾ ਘਰਾਂ ਵਿੱਚ ਮਿਲਦੇ ਹਾਂ।’’ ਇਹ ਫਿਲਮ ਡਾ. ਸੈਲੇਸ਼ ਕੋਲਾਨੂ ਦੇ ਨਿਰਦੇਸ਼ਨ ਹੇਠ ਬਣੀ ਹੈ ਅਤੇ ਉਸ ਨੇ ਹੀ ਇਸ ਦੀ ਮੂਲ ਤੇਲਗੂ ਫਿਲਮ ਦਾ ਨਿਰਦੇਸ਼ਨ ਕੀਤਾ ਸੀ। ਇਹ ਫਿਲਮ ਇੱਕ ਪੁਲੀਸ ਅਧਿਕਾਰੀ ਦੀ ਦਿਲਚਸਪ ਕਹਾਣੀ ਹੈ, ਜੋ ਇੱਕ ਲਾਪਤਾ ਲੜਕੀ ਦੀ ਭਾਲ ਕਰਦਾ ਹੈ। -ਪੀਟੀਆਈ