ਬਿੰਦਰ ਸਿੰਘ ਖੁੱਡੀ ਕਲਾਂ
ਅਦਾਕਾਰੀ ਦੇ ਖੇਤਰ ’ਚ ਸਤਿੰਦਰ ਸਿੱਧੂ ਦਾ ਨਾਂ ਕਈ ਪੱਖਾਂ ਤੋਂ ਵਿਲੱਖਣ ਹੈ। ਊਹ ਜ਼ਿਆਦਾ ਕਰਨ ਨਾਲੋਂ ਮਿਆਰੀ ਕਰਨ ’ਚ ਵਿਸ਼ਵਾਸ ਰੱਖਦੀ ਹੈ। ਸ਼ਾਇਦ ਇਹੋ ਵਜ੍ਹਾ ਹੈ ਕਿ ਉਹ ਫ਼ਿਲਮਾਂ ਦੀ ਚੋਣ ਬਹੁਤ ਸੋਚ ਸਮਝ ਕੇ ਕਰਦੀ ਹੈ। ਦੂਜੀ ਵਿਲੱਖਣਤਾ ਹੈ ਕਿ ਅਦਾਕਾਰੀ ਉਸ ਲਈ ਇਬਾਦਤ ਹੈ, ਕਮਾਈ ਦਾ ਜ਼ਰੀਆ ਨਹੀਂ।
ਸਕੂਲ ਸਿੱਖਿਆ ਵਿਭਾਗ ’ਚ ਬਤੌਰ ਲੈਕਚਰਾਰ ਸੇਵਾਵਾਂ ਨਿਭਾਅ ਰਹੀ ਸਤਿੰਦਰ ਸਿੱਧੂ ਨੂੰ ਅਦਾਕਾਰੀ ਦਾ ਸ਼ੌਕ ਬਚਪਨ ਤੋਂ ਹੀ ਹੈ। ਪਰਿਵਾਰਕ ਮਾਹੌਲ ਦੇ ਸਹਿਯੋਗ ਬਦੌਲਤ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ’ਤੇ ਇਸ ਸ਼ੌਕ ਨੂੰ ਉਡਾਣ ਭਰਨ ਦਾ ਮੌਕਾ ਮਿਲਿਆ। ਉਹ ਆਪਣੇ ਆਪ ਨੂੰ ਨਸੀਬ ਵਾਲੀ ਮੰਨਦੀ ਹੈ ਕਿ ਵਿਆਹ ਉਪਰੰਤ ਪੇਕਾ ਪਰਿਵਾਰ ਵਾਂਗ ਹੀ ਸਹੁਰਾ ਪਰਿਵਾਰ ਨੇ ਵੀ ਉਸਦੇ ਅਦਾਕਾਰੀ ਦੇ ਸ਼ੌਕ ਨੁੂੰ ਹੋਰ ਪਰਵਾਜ਼ ਦਿੱਤੀ। ਉਹ ਕਮਾਲ ਦੀ ਮੰਚ ਸੰਚਾਲਕ ਅਤੇ ਅਦਾਕਾਰ ਹੈ।
ਪ੍ਰਾਇਮਰੀ ਸਕੂਲ ਦੀ ਸਿੱਖਿਆ ਦੌਰਾਨ ਤੀਜੀ ਜਮਾਤ ’ਚ ਪੜ੍ਹਦਿਆਂ ਲੋਕ ਗੀਤ ਗਾਇਨ ਮੁਕਾਬਲੇ ਵਿਚੋਂ ਅੱਵਲ ਰਹਿ ਕੇ ਜਿੱਤਿਆ ਟਿਫਨ ਉਸਨੂੰ ਹਮੇਸ਼ਾਂ ਅੱਵਲ ਰਹਿਣ ਦੀ ਪ੍ਰੇਰਨਾ ਦਿੰਦਾ ਆ ਰਿਹਾ ਹੈ। ਸਕੂਲ ਤੋਂ ਬਾਅਦ ਕਾਲਜ ਦੇ ਦਿਨਾਂ ਦੌਰਾਨ ਗਿੱਧਾ, ਭੰਗੜਾ, ਵਨ ਐਕਟ ਪਲੇਅ ਯੂਨੀਵਰਸਿਟੀ ਪੱਧਰ ਤਕ ਅਤੇ ਮੋਨੋ ਐਕਟਿੰਗ ’ਚ ਅੰਤਰ ਯੂਨੀਵਰਸਿਟੀ ਪੱਧਰ ਤਕ ਹਮੇਸ਼ਾਂ ਪਹਿਲਾ ਸਥਾਨ ਹੀ ਪ੍ਰਾਪਤ ਕੀਤਾ। ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਦੌਰਾਨ ‘ਸੁਨੱਖੀ ਕੁੜੀ’ ਦਾ ਐਵਾਰਡ ਪ੍ਰਾਪਤ ਕਰਦਿਆਂ ਓਵਰਆਲ ਟਰਾਫੀ ਜਿੱਤੀ। ਉਸ ਸਮੇਂ ਦੇ ਸੂਬੇ ਦੇ ਮੁੱਖ ਮੰਤਰੀ ਬੇਅਤ ਸਿੰਘ ਵੱਲੋਂ ਸਿੱਧੂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਸਨੇ ਅਦਾਕਾਰੀ ਦੇ ਨਾਲ ਨਾਲ ਬੈਡਮਿੰਟਨ ’ਚ ਨੈਸ਼ਨਲ ਪੱਧਰ ਤਕ ਦੀਆਂ ਪ੍ਰਾਪਤੀਆਂ ਅਤੇ ਕਾਲਜ ਦੀ ਬੈਡਮਿੰਟਨ ਦੀ ਬੈਸਟ ਪਲੇਅਰ ਰਹਿਣ ਦੇ ਨਾਲ ਨਾਲ ਤੀਰ ਅੰਦਾਜ਼ੀ ਵਿਚ ਵੀ ਨੈਸ਼ਨਲ ਪੱਧਰ ਦੀਆਂ ਪ੍ਰਾਪਤੀਆਂ ਕੀਤੀਆਂ ਹਨ। ਉਸਨੂੰ ਲਗਾਤਾਰ ਪੰਜ ਵਰ੍ਹੇ ਕਾਲਜ ਦੀ ਬੈਸਟ ਅਥਲੀਟ ਰਹਿਣ ਦਾ ਮਾਣ ਵੀ ਹਾਸਲ ਹੈ।
2004-05 ਦੌਰਾਨ ਰਿਹਾਇਸ਼ ਚੰਡੀਗੜ੍ਹ ਤਬਦੀਲ ਕਰਨ ਨਾਲ ਟੈਗੋਰ ਥੀਏਟਰ ਨਾਲ ਜੁੜਨ ਦਾ ਬਣਿਆ ਸਬੱਬ ਉਸਦੀ ਅਦਾਕਾਰੀ ਨੂੰ ਉੱਚੇ ਅੰਬਰਾਂ ਦੀ ਪਰਵਾਜ਼ ਦੇ ਗਿਆ। ਸਿੱਧੂ ਦਾ ਕਹਿਣਾ ਹੈ ਕਿ ਇੱਥੇ ਰਹਿ ਕੇ ਉਸਨੂੰ ਜਿੱਥੇ ਥੀਏਟਰ ਦੀਆਂ ਬਾਰੀਕੀਆਂ ਸਮਝਣ ਦਾ ਮੌਕਾ ਮਿਲਿਆ, ਉੱਥੇ ਹੀ ਨਾਮਵਰ ਅਦਾਕਾਰਾਂ ਨਾਲ ਰਹਿ ਕੇ ਅਦਾਕਾਰੀ ਨੂੰ ਹੋਰ ਸੰਵਾਰਨ ਅਤੇ ਨਿਖਾਰਨ ਦਾ ਮੌਕਾ ਵੀ ਮਿਲਿਆ। ਇੱਥੋਂ ਹੀ ਉਸਦੀ ਚੋਣ ਬਤੌਰ ਫ਼ਿਲਮ ਅਦਾਕਾਰ ਹੋਈ।
ਸਿੱਧੂ ਨੇ ਫ਼ਿਲਮ ‘ਬੈਸਟ ਇਜ਼ ਬੈਸਟ’ ਵਿਚ ਓਮ ਪੁਰੀ ਨਾਲ ਭੂਮਿਕਾ ਨਿਭਾਉਂਦਿਆਂ ਵੱਡੇ ਪਰਦੇ ’ਤੇ ਅਦਾਕਾਰੀ ਦਾ ਆਗਾਜ਼ ਕੀਤਾ। ਭਰੂਣ ਹੱਤਿਆ ਬਾਰੇ ਫ਼ਿਲਮ ‘ਕਲਖ ਹਨੇਰੇ’, ਫਿਰ ਯਸ਼ਰਾਜ ਬੈਨਰਜ਼ ਦੀ ਫ਼ਿਲਮ ‘ਆ ਗਏ ਮੁੰਡੇ ਯੂ ਕੇ ਦੇ’ ਵਿਚ ਨੀਰੂ ਬਾਜਵਾ ਦੀ ਮਾਂ ਵਜੋਂ ਮੁੱਖ ਕਿਰਦਾਰ ਨਿਭਾਇਆ। ਫ਼ਿਲਮ ‘ਦਿ ਬਲੱਡ ਸਟਰੀਟ’ ’ਚ ਵੀ ਸਿੱਧੂ ਨੂੰ ਆਪਣੀ ਅਦਾਕਾਰੀ ਦੇ ਜ਼ੌਹਰ ਵਿਖਾਉਣ ਦਾ ਮੌਕਾ ਮਿਲਿਆ। ਊਸ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ।
ਊਹ ਆਪਣੀ ਅਦਾਕਾਰੀ ਦਾ ਲੋਹਾ ਵਿਦੇਸ਼ਾਂ ’ਚ ਵੀ ਮਨਵਾ ਚੁੱਕੀ ਹੈ। ਕੈਨੇਡਾ ’ਚ ਨਗਿੰਦਰ ਗੱਖੜ ਦੀ ਨਿਰਦੇਸ਼ਨਾਂ ਹੇਠ ‘ਜ਼ਫਰਨਾਮਾ- ਫਤਹਿ ਦੀ ਚਿੱਠੀ’ ਬਾਰੇ ਖੇਡੇ ਨਾਟਕ ਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਵਿਦਿਆਰਥੀਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਲਈ ਵੀ ਉਹ ਹਮੇਸ਼ਾਂ ਤਤਪਰ ਰਹਿੰਦੀ ਹੈ। ਉਹ ਐੱਨ.ਐੱਸ.ਐੱਸ. ਦੀ ਪ੍ਰੋਗਰਾਮ ਅਫ਼ਸਰ ਹੋਣ ਦੇ ਨਾਲ ਨਾਲ ਬਤੌਰ ਸੂਬਾਈ ਕਮਾਡੈਂਟ ਅਫ਼ਸਰ ਯੂਥ ਲੀਡਰਸ਼ਿਪ ਕੈਂਪਾਂ ਦੇ ਸੰਚਾਲਨ ਜ਼ਰੀਏ ਹਜ਼ਾਰਾਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰ ਚੁੱਕੀ ਹੈ। ਗਿੱਧੇ ਅਤੇ ਭੰਗੜੇ ਨਾਲ ਉਸਨੂੰ ਅੰਤਾਂ ਦਾ ਲਗਾਅ ਹੈ। ਉਸ ਦੀਆਂ ਗਿੱਧਾ ਅਤੇ ਭੰਗੜਾ ਟੀਮਾਂ ਹਮੇਸ਼ਾਂ ਹੀ ਪਹਿਲੇ ਸਥਾਨ ’ਤੇ ਰਹਿੰਦੀਆਂ ਹਨ। ਡੇਰਾਬਸੀ ਬਲਾਕ ਦੀ ਸੱਭਿਆਚਾਰਕ ਇੰਚਾਰਜ ਵਜੋਂ ਤਕਰੀਬਨ ਸੱਤ ਵਰ੍ਹੇ ਸੇਵਾਵਾਂ ਨਿਭਾਉਣ ਬਦਲੇ ਉਸਨੂੰ ਉੱਥੋਂ ਦੇ ਐੱਸ.ਡੀ.ਐੱਮ. ਅਤੇ ਕਲੱਬਾਂ ਸਮੇਤ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਵੱਲੋਂ ਸਨਮਾਨ ਪੱਤਰ ਅਤੇ ਮਹਿਲਾ ਦਿਵਸ ਮੌਕੇ ਸੱਭਿਆਚਾਰਕ ਖੇਤਰ ’ਚ ਯੋਗਦਾਨ ਬਦਲੇ ‘ਐਵਾਰਡ ਆਫ ਐਕਸੀਲੈਂਸ’ ਨਾਲ ਨਿਵਾਜਣ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਸੰਸਥਾਵਾਂ ਵੱਲੋਂ ਉਸ ਦੀ ਕਲਾ ਦਾ ਸਨਮਾਨ ਕੀਤਾ ਜਾ ਚੁੱਕਾ ਹੈ।
ਸੰਪਰਕ : 98786-05965