ਸੰਜੀਵ ਸਿੰਘ ਝੱਜ
ਕੁਦਰਤ ਤੇ ਕਾਦਰ ਵਿਚ ਕੋਈ ਫ਼ਰਕ ਨਹੀਂ ਜਾਂ ਇਹ ਕਹਿ ਲਈਏ ਕੁਦਰਤ ਕਾਦਰ ਦਾ ਹੀ ਪ੍ਰਗਟ ਰੂਪ ਹੈ। ਕੁਦਰਤ ਨੇ ਇਸ ਧਰਤੀ ’ਤੇ ਬਹੁਤ ਅਜਿਹੇ ਪ੍ਰਤੱਖ ਚਮਤਕਾਰ ਵਿਖਾਏ ਹਨ ਜਿਨ੍ਹਾਂ ਨੂੰ ਵੇਖ ਕੇ ਕੁਦਰਤ ਜਾਂ ਕਾਦਰ ਦੀ ਸ਼ਕਤੀ ਦਾ ਅਹਿਸਾਸ ਹੁੰਦਾ ਹੈ। ਵੱਡੇ ਵੱਡੇ ਅਣਦਿਸਦੇ ਅਣਸੁਲਝੇ ਰਹੱਸ ਇਸ ਧਰਤੀ ਦੀ ਗੋਦ ਅੰਦਰ ਸਮੋਏ ਹੋਏ ਹਨ। ਕਾਦਰ ਨੇ ਆਪਣੀਆਂ ਸ਼ਕਤੀਆਂ ਦਾ ਨਮੂਨਾ ਹਰ ਜੀਵ ਜੰਤੂ ਅੰਦਰ ਬਿਨਾਂ ਕਿਸੇ ਕਾਣੀ ਵੰਡ ਤੋਂ ਧਰਿਆ ਹੋਇਆ ਹੈ।
ਜਦੋਂ ਵੀ ‘ਸ਼ਕਤੀ’ ਲਫ਼ਜ਼ ਦਾ ਜ਼ਿਕਰ ਆਉਂਦਾ ਹੈ ਤਾਂ ਇਨਸਾਨੀ ਕਲਪਨਾ ਸਰੀਰਕ ਸਮਰੱਥਾ ਤੋਂ ਪਰੇ ਆਪਣਾ ਧਿਆਨ ਕੇਂਦਰਿਤ ਕਰਨ ਲੱਗ ਪੈਂਦੀ ਹੈ। ਇਨਸਾਨ ਦੀ ਸੋਚ ਦੀ ਗੱਲ ਕਰੀਏ ਤਾਂ ਇਹ ਹਵਾ ਵਿਚ ਉੱਡਣਾ, ਚੀਜ਼ਾਂ ਉਡਾ ਦੇਣੀਆਂ, ਇਕ ਥਾਂ ਤੋਂ ਗਾਇਬ ਹੋ ਕੇ ਕਿਸੇ ਦੂਸਰੇ ਥਾਂ ਪ੍ਰਗਟ ਹੋ ਜਾਣਾ ਆਦਿ ਚਮਤਕਾਰਾਂ ਨੂੰ ਸ਼ਕਤੀਆਂ ਦਾ ਨਾਮ ਦਿੰਦਾ ਹੈ। ਹੋ ਸਕਦਾ ਹੈ ਕਿ ਇਹ ਸਾਰਾ ਕੁਝ ਹੁੰਦਾ ਹੋਵੇ, ਪਰ ਜਿਹੜੀਆਂ ਸ਼ਕਤੀਆਂ ਕਾਦਰ ਨੇ ਜੀਵ ਦੇ ਅੰਦਰ ਧਰੀਆਂ ਹੋਈਆਂ ਹਨ, ਉਨ੍ਹਾਂ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਇਨਸਾਨ ਨੇ ਕਦੇ ਕੀਤੀ ਹੀ ਨਹੀਂ।
ਮਨੁੱਖ ਜਾਤੀ ਦੀ ਹੋਂਦ ਹੀ ਸ਼ਕਤੀ ’ਤੇ ਖੜ੍ਹੀ ਹੈ। ਸ਼ਕਤੀ ਤੋਂ ਹੀਣਾ ਮਨੁੱਖ ਇਸ ਧਰਤੀ ’ਤੇ ਜਿਉਂਦਾ ਨਹੀਂ ਰਹਿ ਸਕਦਾ। ਮਨੁੱਖ ਦੀ ਹਰ ਹਰਕਤ ਪਿੱਛੇ ਅਣਦਿਸਦੀ ਅਨੋਖੀ ਸ਼ਕਤੀ ਕੰਮ ਕਰ ਰਹੀ ਹੁੰਦੀ ਹੈ। ਜੀਵਾਂ ਦਾ ਚੱਲਣਾ, ਦੇਖਣਾ, ਪਿਆਰ ਤੇ ਨਫ਼ਰਤ ਨੂੰ ਜਤਾਉਣਾ, ਡਰ ਦੇ ਭਾਵ, ਖਾਣ ਪੀਣ ਤਕ ਦੀ ਹਰ ਕਿਰਿਆ ਪਿੱਛੇ ਇਕ ਅਦੁੱਤੀ ਅੰਦਰੂਨੀ ਸ਼ਕਤੀ ਦਾ ਵਾਸ ਹੈ। ਹਰ ਜੀਵ ਦੇ ਅੰਦਰ ਜਜ਼ਬਾਤਾਂ ਨੂੰ ਸਮਝਣ ਦੀ ਇਕ ਸਭ ਤੋਂ ਵੱਡੀ ਤਾਕਤ ਕੁਦਰਤ ਨੇ ਬਖ਼ਸ਼ੀ ਹੋਈ ਹੈ। ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਕਿ ਕਿਸੇ ਪ੍ਰਤੀ ਤੁਹਾਡੇ ਪਿਆਰ ਜਾਂ ਘ੍ਰਿਣਾ ਨੂੰ ਸਾਹਮਣੇ ਵਾਲਾ ਮਹਿਸੂਸ ਹੀ ਨਾ ਕਰ ਸਕੇ। ਤੁਹਾਡੀ ਘ੍ਰਿਣਾ ਜਾਂ ਮੁਹੱਬਤ ਕਦੀ ਵੀ ਗੁੱਝੀ ਨਹੀਂ ਰਹਿ ਸਕਦੀ। ਭਾਵਨਾਵਾਂ ਨੂੰ ਤੋਲ ਮੋਲ ਕਰਨ ਦੀ ਸ਼ਕਤੀ ਹਰ ਜੀਵ ਦੇ ਅੰਦਰ ਹੈ ਤੇ ਤੁਹਾਡੇ ਅੰਦਰੋਂ ਨਿਕਲੇ ਹਰ ਚੰਗੇ ਮਾੜੇ ਭਾਵ ਨੂੰ ਇਹ ਬਾਖੂਬੀ ਫੜ ਲੈਂਦੀ ਹੈ। ਇਸਤਰੀਆਂ ਅੰਦਰ ਵੀ ਸਿਰਜਣਹਾਰ ਨੇ ਉਹ ਸ਼ਕਤੀ ਰੱਖੀ ਹੋਈ ਹੈ। ਤੁਹਾਡੇ ਸਪਰਸ਼ ਮਾਤਰ ਤੋਂ ਹੀ ਤੁਹਾਡੇ ਭਾਵ ਤੇ ਅੰਦਰਲਾ ਸੱਚ ਇਸਤਰੀ ਦੇ ਸਾਹਮਣੇ ਆ ਜਾਂਦਾ ਹੈ।
ਮਨੁੱਖ ਦੇ ਵਿਵਹਾਰ, ਖਾਣ ਪੀਣ, ਤੁਰਨ ਫਿਰਨ ਅਤੇ ਬੋਲਣ ਦੇ ਲਹਿਜੇ ਤੋਂ ਹੀ ਉਸ ਦੀ ਅੰਦਰਲੀ ਦਸ਼ਾ ਮਹਿਸੂਸ ਹੋ ਜਾਂਦੀ ਹੈ। ਇਨਸਾਨੀ ਸੁਭਾਅ ਹਮੇਸ਼ਾਂ ਆਪਣੇ ਅੰਦਰਲੇ ਭਾਵਾਂ ’ਤੇ ਪਰਦਾ ਪਾ ਕੇ ਰੱਖਣਾ ਚਾਹੁੰਦਾ ਹੈ। ਅੰਦਰ ਚੱਲ ਕੁਝ ਹੋਰ ਰਿਹਾ ਹੁੰਦਾ ਹੈ ਤੇ ਪੇਸ਼ ਕੁਝ ਹੋਰ ਕੀਤਾ ਜਾਂਦਾ ਹੈ। ਇਸ ਧਰਤੀ ’ਤੇ ਵਿਚਰਦਿਆਂ ਕੀਤਾ ਜਾਂਦਾ ਹਰ ਕਾਰਜ ਸਵਾਰਥ ਤੋਂ ਹੀ ਪ੍ਰੇਰਿਤ ਹੁੰਦਾ ਹੈ। ਤੁਹਾਡਾ ਬੁਲਾਉਣਾ, ਤੁਹਾਡਾ ਪ੍ਰਸੰਸਾ ਕਰਨਾ, ਤੁਹਾਡੀ ਜੀ ਹਜ਼ੂਰੀ ਆਦਿ ਇਹ ਉਹ ਸਭ ਤੋਂ ਸਰਲ ਤੇ ਪਾਰਦਰਸ਼ੀ ਪਰਦੇ ਨੇ ਜੋ ਮਨੁੱਖ ਦੀ ਅਸਲੀਅਤ ਵੇਖਣ ਦੀ ਚਾਹ ਰੱਖਣ ਵਾਲੇ ਨੂੰ ਆਸਾਨੀ ਨਾਲ ਸਭ ਕੁਝ ਵਿਖਾ ਦਿੰਦੇ ਹਨ।
ਸਰੀਰਕ ਤੇ ਮਨੋਬਲ ਸ਼ਕਤੀਆਂ ਤੋਂ ਹੀਣੇ ਇਨਸਾਨ ਹੀ ਹਮੇਸ਼ਾਂ ਧੋਖੇ ਤੇ ਜਾਲਸਾਜ਼ੀ ਦਾ ਸ਼ਿਕਾਰ ਹੁੰਦੇ ਹਨ। ਸਭ ਤੋਂ ਵੱਡਾ ਧੋਖਾ ਧਾਰਮਿਕ ਖਿਆਲ ਅਪਣਾਉਣ ਦੀ ਚਾਹ ਰੱਖਣ ਵਾਲੇ ਇਨਸਾਨ ਖਾਂਦੇ ਹਨ। ਜਦੋਂ ਵੀ ਇਨਸਾਨ ਧਾਰਮਿਕ ਦੁਨੀਆ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦੇ ਅੰਦਰਲੀ ਕਾਹਲ ਛੇਤੀ ਹੀ ਉਸ ਦਾ ਮਨ ਮੋੜ ਦਿੰਦੀ ਹੈ ਜਾਂ ਇਹ ਭਰਮ ਖੜ੍ਹਾ ਕਰ ਦਿੰਦੀ ਹੈ ਕਿ ਬ੍ਰਹਿਮੰਡ ਦਾ ਦੂਜਾ ਸਿਰਾ ਵੀ ਮੈਂ ਦੇਖ ਲਿਆ ਹੈ। ਮੇਰਾ ਨਿੱਜੀ ਖਿਆਲ ਹੈ ਕਿ ਧਰਮ ਉਸ ਸ਼ਾਂਤ ਮਹਾਂਸਾਗਰ ਦੀ ਤਰ੍ਹਾਂ ਹੁੰਦੇ ਹਨ ਜੋ ਉੱਪਰੋਂ ਦੇਖਣ ਨੂੰ ਬਹੁਤ ਸਮਤਲ ਲੱਗਦੇ ਹਨ, ਪਰ ਉਹ ਸਾਗਰ ਸਦੀਆਂ ਤੋਂ ਕੀ ਕੀ ਕੁਝ ਵੇਖ ਚੁੱਕੇ ਹੁੰਦੇ ਹਨ ਤੇ ਉਸ ਦੀ ਤਹਿ ਅੰਦਰ ਕਿੰਨੇ ਹੀ ਯੁੱਗ ਤੇ ਕਿੰਨਾ ਹੀ ਕੁਝ ਅਲੋਪ ਹੋ ਚੁੱਕਾ ਸਮੋਇਆ ਹੁੰਦਾ ਹੈ। ਜਿਸ ਨੂੰ ਖੋਜਣ ਲਈ ਇਕ ਤਾਂ ਕੀ ਸ਼ਾਇਦ ਕਈ ਜਨਮ ਵੀ ਥੁੜ ਜਾਣਗੇ।
ਕਾਦਰ ਵੱਲੋਂ ਬਖ਼ਸ਼ੀਆਂ ਇਹ ਤਾਕਤਾਂ ਅਸਲ ਵਿਚ ਤੁਹਾਨੂੰ ਇਨਸਾਨ ਬਣਨ ਲਈ ਪ੍ਰੇਰਿਤ ਕਰਦੀਆਂ ਹਨ। ਬਹੁਤ ਇਨਸਾਨ ਅਜਿਹੇ ਹੁੰਦੇ ਹਨ ਜੋ ਇਨ੍ਹਾਂ ਤਾਕਤਾਂ ਨੂੰ ਵਰਤ ਕੇ ਸਮਾਜ ਨੂੰ ਗੁੰਮਰਾਹ ਕਰਨ ਦਾ ਕਾਰਜ ਕਰਦੇ ਹਨ, ਪਰ ਇਹ ਸ਼ਕਤੀਆਂ ਪ੍ਰਵਾਨ ਵੀ ਤਦੇ ਚੜ੍ਹਦੀਆਂ ਹਨ, ਜੇਕਰ ਇਨ੍ਹਾਂ ਦੀ ਵਰਤੋਂ ਕੇਵਲ ਮਨੁੱਖਤਾ ਦੀ ਭਲਾਈ ਲਈ ਕੀਤੀ ਜਾਵੇ। ਮਨੁੱਖ ਹੋਣ ਦੇ ਨਾਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਕੁਦਰਤ ਵੱਲੋਂ ਬਖ਼ਸ਼ੀਆਂ ਇਨ੍ਹਾਂ ਸ਼ਕਤੀਆਂ ਦੀ ਪਛਾਣ ਕਰੀਏ। ਇਨ੍ਹਾਂ ਸ਼ਕਤੀਆਂ ਨੂੰ ਜਗਾਉਣ ਦੀ ਜ਼ਰੂਰਤ ਹੈ ਤੇ ਮੇਰਾ ਮੰਨਣਾ ਹੈ ਕਿ ਇਹ ਸ਼ਕਤੀਆਂ ਪ੍ਰਤੱਖ ਹਨ ਤੇ ਇਨ੍ਹਾਂ ਨੂੰ ਚੰਗੀ ਸੋਚ ਵਾਲੇ ਇਨਸਾਨਾਂ ਦਾ ਸੰਗ ਕਰਕੇ ਸਹਿਜੇ ਹੀ ਪ੍ਰਗਟ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡਾ ਵਤੀਰਾ ਮਨੁੱਖ ਵਾਲਾ ਹੈ, ਫਿਰ ਕੁਝ ਵੀ ਗ਼ਲਤ ਹੋਣ ਦੀ ਸੰਭਾਵਨਾ ਨਹੀਂ ਹੁੰਦੀ। ਜਦੋਂ ਜਦੋਂ ਵੀ ਅਣਮਨੁੱਖੀ ਸੋਚ ਤੇ ਵਤੀਰਾ ਬੁੱਧੀ ’ਤੇ ਭਾਰੂ ਹੁੰਦਾ ਹੈ, ਉਦੋਂ ਉਦੋਂ ਨੁਕਸਾਨ ਹੀ ਝੱਲਣਾ ਪੈਂਦਾ ਹੈ ਅਤੇ ਉਸ ਨੁਕਸਾਨ ਦਾ ਜ਼ਿੰਮੇਵਾਰ ਵੀ ਇਨਸਾਨ ਖ਼ੁਦ ਹੁੰਦਾ ਹੈ।
ਸੰਪਰਕ: 98151-50542