ਮੁੰਬਈ, 19 ਅਕਤੂਬਰ
ਅਦਾਕਾਰ ਰਣਵੀਰ ਸਿੰਘ ਤੇ ਫ਼ਿਲਮਸਾਜ਼ ਰੋਹਿਤ ਸ਼ੈੱਟੀ ਜਲਦੀ ਹੀ ਇਕ ਹੋਰ ਫਿਲਮ ਪ੍ਰਾਜੈਕਟ ਵਿੱਚ ਇਕੱਠਿਆਂ ਨਜ਼ਰ ਆਉਣਗੇ। ‘ਸਰਕਸ’ ਦੇ ਸਿਰਲੇਖ ਵਾਲੀ ਇਹ ਫ਼ਿਲਮ ਵਿਲੀਅਮ ਸ਼ੇਕਸਪੀਅਰ ਦੇ ਨਾਟਕ ‘ਦਿ ਕਾਮੇਡੀ ਆਫ਼ ਐਰਰਜ਼’ ਉੱਤੇ ਆਧਾਰਿਤ ਹੋਵੇਗੀ। ਫ਼ਿਲਮ ਵਿੱਚ ਰਣਵੀਰ ਸਿੰਘ ਦੋਹਰਾ ਕਿਰਦਾਰ ਨਿਭਾਏਗਾ। ਇਸ ਤੋਂ ਪਹਿਲਾਂ ਸ਼ੇਕਸਪੀਅਰ ਦੇ ਇਸ ਨਾਟਕ ’ਤੇ ਬੌਲੀਵੁੱਡ ਵਿੱਚ ਦੋ ਫ਼ਿਲਮਾਂ ‘ਅੰਗੂਰ’(1982) ਤੇ ‘ਦੋ ਦੂਨੀ ਚਾਰ’ (1968) ਬਣ ਚੁੱਕੀਆਂ ਹਨ। ਸੰਜੀਵ ਕੁਮਾਰ ਤੇ ਦੇਵੇਨ ਵਰਮਾ ਦੀ ਮੁੱਖ ਭੂਮਿਕਾਵਾਂ ਵਾਲੀ ‘ਅੰਗੂਰ’ ਨੂੰ ਗੁਲਜ਼ਾਰ ਨੇ ਬਣਾਇਆ ਸੀ ਜਦੋਂਕਿ ਬਿਮਲ ਰੌਏ ਵੱਲੋਂ ਨਿਰਮਤ ‘ਦੋ ਦੂਨੀ ਚਾਰ’ ਵਿੱਚ ਕਿਸ਼ੋਰ ਕੁਮਾਰ ਤੇ ਅਸਿਤ ਸੇਨ ਸਨ। ਰਣਵੀਰ ਦੇ ਮੁੱਖ ਕਿਰਦਾਰ ਵਾਲੀ ਸ਼ੈੱਟੀ ਦੀ ਇਸ ਫ਼ਿਲਮ ਵਿੱਚ ਪੂਜਾ ਹੇਗੜੇ, ਜੈਕੁਲਿਨ ਫਰਨਾਂਡੇਜ਼, ਵਰੁਣ ਸ਼ਰਮਾ, ਸਿਧਾਰਥ ਜਾਧਵ, ਜੌਹਨੀ ਲੀਵਰ, ਸੰਜੈ ਮਿਸ਼ਰਾ, ਵ੍ਰਜੇਸ਼ ਹੀਰਜੀ, ਵਿਜੈ ਪਾਟਕਰ, ਸੁਲਭਾ ਆਰੀਆ, ਮੁਕੇਸ਼ ਤਿਵਾੜੀ, ਅਨਿਲ ਚਰਨਜੀਤ, ਅਸ਼ਵਨੀ ਕਾਲਸੇਕਰ ਤੇ ਮੁਰਲੀ ਸ਼ਰਮਾ ਵੀ ਸ਼ਾਮਲ ਹਨ। ‘ਸਰਕਸ’ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ ਤੇ ਇਸ ਨੂੰ ਮੁੰਬਈ, ਊਟੀ ਤੇ ਗੋਆ ਵਿੱਚ ਫ਼ਿਲਮਾਇਆ ਜਾਵੇਗਾ। ਫ਼ਿਲਮ ਨੂੰ ਅਗਲੇ ਸਾਲ ਸਰਦੀਆਂ ’ਚ ਰਿਲੀਜ਼ ਕੀਤਾ ਜਾਵੇਗਾ। -ਆਈਏਐੱਨਐੱਸ