ਮੁੰਬਈ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਅਦਾਕਾਰਾ ਆਲੀਆ ਭੱਟ ਵਿਆਹ ਦੀਆਂ ਰਸਮਾਂ ਮੁਕੰਮਲ ਹੋਣ ਤੋਂ ਬਾਅਦ ਮਹਿਮਾਨਾਂ ਨਾਲ ਖੂਬ ਨੱਚੇ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਨਵ-ਵਿਆਹੀ ਜੋੜੀ ਨੇ ਗਾਇਕ ਸੁਖਵਿੰਦਰ ਦੇ ਗੀਤ ‘ਛਈਆਂ ਛਈਆਂ’ ਉੱਤੇ ਠੁਮਕੇ ਲਾਏ। ਵਿਆਹ ਮਗਰੋਂ ਕੀਤੀ ਗਈ ਪਾਰਟੀ ਵਿੱਚ ਆਲੀਆ ਨੇ ਲਾਲ ਰੰਗ ਦਾ ਪਜਾਮੀ ਸੂਟ ਤੇ ਰਣਬੀਰ ਨੇ ਚਿੱਟੇ ਰੰਗ ਦੇ ਕੁੜਤੇ ਪਜਾਮੇ ਨਾਲ ਲਾਲ ਰੰਗ ਦੀ ਨਹਿਰੂ ਜੈਕਟ ਪਹਿਨੀ ਹੋਈ ਸੀ। ਇਸ ਤੋਂ ਪਹਿਲਾਂ ਰਣਬੀਰ ਦੀ ਮਾਂ ਨੀਤੂ ਕਪੂਰ ਨੇ ਆਪਣੀ ਬਹੂ ਆਲੀਆ ਭੱਟ ਦਾ ਘਰ ਵਿੱਚ ਸਵਾਗਤ ਕੀਤਾ ਤੇ ਉਸ ਦੇ ਗ੍ਰਹਿ ਪ੍ਰਵੇਸ਼ ਦੀਆਂ ਰਸਮਾਂ ਨਿਭਾਈਆਂ। ਉਸ ਨੇ ਆਪਣੀ ਨੂੰਹ ਤੇ ਪੁੱਤਰ ਦੀਆਂ ਇੰਸਟਾਗ੍ਰਾਮ ’ਤੇ ਵੀ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਦੀ ਕੈਪਸ਼ਨ ’ਚ ਨੀਤੂ ਨੇ ਲਿਖਿਆ, ‘ਮੇਰੀ ਦੁਨੀਆ’। ਰਣਬੀਰ ਦੀ ਭੈਣ ਰਿਧਿਮਾ ਨੇ ਵੀ ਨਵ-ਵਿਆਹੇ ਜੋੜੇ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਆਖਿਆ, ‘‘ਆਲੀਆ ਭੱਟ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ ਤੇ ਆਉਣ ਵਾਲੀ ਜ਼ਿੰਦਗੀ ਤੇਰੇ ਨਾਲ ਜਿਊਣ ਲਈ ਬਹੁਤ ਖੁਸ਼ ਹਾਂ। ਪਰਿਵਾਰ ਵਿੱਚ ਤੇਰਾ ਸਵਾਗਤ ਹੈ, ਮੇਰੀ ਪਿਆਰੀ ਤੂੰ ਹਮੇਸ਼ਾਂ ਹੀ ਇਸ ਪਰਿਵਾਰ ਦਾ ਹਿੱਸਾ ਸੀ।’ -ਆਈਏਐੱਨਐੱਸ