ਮਨਦੀਪ ਸਿੰਘ ਸਿੱਧੂ
ਸੋਹਨ ਲਾਲ ਕਪਿਲਾ ਦੀ ਪੈਦਾਇਸ਼ 1924 ਵਿੱਚ ਲਾਹੌਰ ਦੇ ਪੰਜਾਬੀ ਬ੍ਰਾਹਮਣ ਪਰਿਵਾਰ ਵਿੱਚ ਹੋਈ। ਉਨ੍ਹਾਂ ਨੇ ਇਬਤਿਦਾਈ ਤਾਲੀਮ ਲਾਹੌਰ ਤੋਂ ਪ੍ਰਾਪਤ ਕੀਤੀ। ਜਦੋਂ ਪੰਜਾਬ ਵੰਡ ਹੋਈ ਤਾਂ ਇਹ ਪੱਕੇ ਤੌਰ ’ਤੇ ਭਾਰਤੀ ਪੰਜਾਬ ਆ ਵੱਸੇ। ਹੌਲੀ-ਹੌਲੀ ਫਿਲਮਾਂ ਨਾਲ ਦਿਲਚਸਪੀ ਦੇ ਚੱਲਦਿਆਂ ਬੰਬੇ ਦਾ ਰੁਖ਼ ਕੀਤਾ। ਸਭ ਤੋਂ ਪਹਿਲਾਂ ਇਹ ਬੰਬੇ ਟਾਕੀਜ਼ ਤੇ ਬਾਅਦ ’ਚ ਪੱਕੇ ਤੌਰ ’ਤੇ ਫਿਲਮੀਸਤਾਨ ਕੰਪਨੀ ਵਿੱਚ ਸ਼ਾਮਲ ਹੋ ਗਏ। ਫਿਲਮਾਂ ’ਚ ਪਹਿਲਾਂ ਇਨ੍ਹਾਂ ਨੇ ਸੋਹਨ, ਸੋਹਨ ਲਾਲ ਤੇ ਫਿਰ ਸੋਹਨ ਕਪਿਲਾ ਦੇ ਨਾਮ ਨਾਲ ਅਦਾਕਾਰੀ ਕੀਤੀ।
ਜਦੋਂ ਫਿਲਮਸਾਜ਼ ਅਸ਼ੋਕ ਕੁਮਾਰ (ਅਦਾਕਾਰ) ਤੇ ਸਾਵਕ ਵਾਚਾ ਨੇ ਸਾਂਝੇ ਤੌਰ ’ਤੇ ਫਿਲਮਸਾਜ਼ ਅਦਾਰੇ ਬੰਬੇ ਟਾਕੀਜ਼, ਬੰਬੇ ਦੇ ਬੈਨਰ ਹੇਠ ਨਜ਼ੀਰ ਅਜਮੇਰੀ (ਸਹਾਇਕ ਅਸਗਰ ਜਾਫ਼ਰੀ) ਦੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਮਜਬੂਰ’ (1948) ਬਣਾਈ ਤਾਂ ਸੋਹਨ ਲਾਲ ਕਪਿਲਾ ਨੂੰ ਸੋਹਨ ਲਾਲ ਦੇ ਨਾਮ ਨਾਲ ਨਵੇਂ ਹੀਰੋ ਵਜੋਂ ਮੁਤਆਰਿਫ਼ ਕਰਵਾਇਆ। ਫਿਲਮ ’ਚ ਸੋਹਨ ਨੇ ਅਦਾਕਾਰਾ ਇੰਦੂ ਨਾਲ ਆਪਣਾ ਅਦਾਕਾਰਾਨਾ ਫ਼ਨ ਆਗ਼ਾਜ਼ ਕੀਤਾ ਜਦੋਂਕਿ ਮਰਕਜ਼ੀ ਕਿਰਦਾਰ ਵਿੱਚ ਸ਼ਿਆਮ ਉਰਫ਼ ਸ਼ਿਆਮ ਸੁੰਦਰ ਚੱਢਾ (ਸਿਆਲਕੋਟ) ਤੇ ਮੁਨੱਵਰ ਸੁਲਤਾਨਾ (ਲਾਹੌਰ) ਮੌਜੂਦ ਸਨ। ਫ਼ਸਾਨਾ ਤੇ ਮੁਕਾਲਮੇ ਨਜ਼ੀਰ ਅਜਮੇਰੀ, ਗੀਤ ਨਾਜ਼ਿਮ ਪਾਣੀਪਤੀ ਤੇ ਮੌਸੀਕੀ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ (ਸਹਾਇਕ ਸ਼ੌਕਤ, ਪ੍ਰਕਾਸ਼ ਨਾਥ) ਨੇ ਮੁਰੱਤਬਿ ਕੀਤੀ। ਇਹ ਕਾਮਯਾਬ ਫਿਲਮ 14 ਮਈ 1948 ਨੂੰ ਕੈਪੀਟਲ ਤੇ ਕਮਲ ਸਿਨਮਾ, ਬੰਬੇ ਵਿਖੇ ਪਰਦਾਪੇਸ਼ ਹੋਈ। ਸਰ ਮੰਗਲਾਦਾਸ ਵਾਡੀ ਨੇ ਲਮਿੰਗਟਨ ਰੋਡ ’ਤੇ ਬਣੇ ਆਪਣੇ ਫਿਲਮਸਾਜ਼ ਅਦਾਰੇ ਲੋਕਮਾਨਯ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਅਮੀਆ ਚੱਕਰਵਰਤੀ (ਸਹਾਇਕ ਗੁਰੂ ਦੱਤ, ਵਰਜਿੰਦਰ ਗੌੜ) ਦੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਗਰਲਜ਼ ਸਕੂਲ’ (1949) ਬਣਾਈ ਤਾਂ ਸੋਹਨ ਦੇ ਸਨਮੁੱਖ ਪੰਜਾਬਣ ਅਦਾਕਾਰਾ ਗੀਤਾ ਬਾਲੀ ਉਰਫ਼ ਹਰਕੀਰਤਨ ਕੌਰ ਨੂੰ ਪੇਸ਼ ਕੀਤਾ। ਸੀ. ਰਾਮਚੰਦਰ ਤੇ ਅਨਿਲ ਬਿਸਵਾਸ ਦੇ ਸੰਗੀਤ ’ਚ ਕਵੀ ਪ੍ਰਦੀਪ ਦੇ ਲਿਖੇ ਸੋਹਨ (ਨਾਲ ਗੀਤਾ ਬਾਲੀ) ’ਤੇ ਫਿਲਮਾਏ ਗੀਤ ‘ਗੋਰੀ ਏਕ ਬਾਤ ਸੁਨ ਬੜੀ ਮਜ਼ੇਦਾਰ ਹੈ’, ‘ਰਾਮ ਭਰੋਸੇ ਮੇਰੀ ਗਾੜੀ ਚਲੀ ਜਾਏ’ (ਚਿਤਲਕਰ, ਸ਼ਮਸ਼ਾਦ ਬੇਗ਼ਮ) ਆਦਿ ਗੀਤ ਖ਼ੂਬ ਚੱਲੇ।
ਸੇਠ ਜਗਤ ਨਾਰਾਇਣ ਦੇ ਫਿਲਮਸਾਜ਼ ਅਦਾਰੇ ਜਗਤ ਪਿਕਚਰਜ਼, ਬੰਬੇ ਦੀ ਸਤੀਸ਼ ਨਿਗਮ ਨਿਰਦੇਸ਼ਿਤ ਫਿਲਮ ‘ਰਾਜ ਰਾਨੀ’ (1950) ’ਚ ਅਦਾਕਾਰਾ ਮੀਨਾ ਤੇ ਰਹਿਮਾਨ ਦੀ ਜੋੜੀ ਨਾਲ ਦੂਜੇ ਹੀਰੋ ਵਜੋਂ ਸੋਹਨ ਤੇ ਊਸ਼ਾ ਕਿਰਨ ਜੋੜੀਦਾਰ ਵਜੋਂ ਮੌਜੂਦ ਸਨ। ਫ਼ਸਾਨਾ, ਮੁਕਾਲਮੇ ਤੇ ਗੀਤ ਪੰਡਤ ਦੀਨਾ ਨਾਥ ਮਧੋਕ ਤੇ ਮੌਸੀਕਾਰ ਹੰਸਰਾਜ ਬਹਿਲ ਸਨ। ਆਸ਼ਾ ਬਿਸਵਾਸ (ਪਤਨੀ ਅਨਿਲ ਬਿਸਵਾਸ) ਦੇ ਫਿਲਮਸਾਜ਼ ਅਦਾਰੇ ਵੈਰਾਇਟੀ ਪਿਕਚਰਜ਼, ਬੰਬੇ ਦੀ ਜੇ. ਪੀ. ਅਡਵਾਨੀ ਨਿਰਦੇਸ਼ਿਤ ਫਿਲਮ ‘ਲਾਜਵਾਬ’ (1950) ’ਚ ਸੋਹਨ ਨੇ ‘ਸੋਹਨ’ ਦਾ ਤੇ ਉਸ ਦੇ ਹਮਰਾਹ ਲਖਨਊ ਦੀ ਮੁਟਿਆਰ ਰੇਹਾਨਾ ਉਰਫ਼ ਮੁਸ਼ਤਰ ਜਹਾਨ ਬੇਗ਼ਮ ਨੇ ‘ਸਲੋਨੀ’ ਦਾ ਪਾਰਟ ਅਦਾ ਕੀਤਾ। ਅਨਿਲ ਬਿਸਵਾਸ ਦੇ ਸੰਗੀਤ ’ਚ ਪ੍ਰੇਮ ਧਵਨ ਦਾ ਲਿਖਿਆ ਸੋਹਨ ਤੇ ਰੇਹਾਨਾ ’ਤੇ ਫਿਲਮਾਇਆ ਗੀਤ ‘ਜ਼ਮਾਨੇ ਕਾ ਦਸਤੂਰ ਹੈ ਯੇ ਪੁਰਾਨਾ’ (ਮੁਕੇਸ਼, ਲਤਾ ਮੰਗੇਸ਼ਕਰ) ਵੀ ਬਹੁਤ ਚੱਲਿਆ।
ਐੱਚ. ਐੱਸ. ਕਵਾਤੜਾ ਦੇ ਫਿਲਮਸਾਜ਼ ਅਦਾਰੇ ਕਵਾਤੜਾ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਮਜ਼ਾਹੀਆ ਫ਼ਿਲਮ ‘ਤੀਸ ਮਾਰ ਖ਼ਾਨ’ (1955) ’ਚ ਕਾਮੇਡੀਅਨ ਆਗਾ ਤੇ ਸ਼ਿਆਮਾ ਨਾਲ ਸੋਹਨ ਸਹਾਇਕ ਅਦਾਕਾਰ ਦੇ ਤੌਰ ’ਤੇ ਕੰਮ ਕਰ ਰਹੇ ਸਨ। ਫ਼ਸਾਨਾ ਐੱਸ. ਪੀ. ਬਖ਼ਸ਼ੀ ਤੇ ਐੱਸ. ਕੇ. ਪ੍ਰਭਾਕਰ, ਮੁਕਾਲਮੇ ਅਖ਼ਤਰ-ਉੱਲ-ਇਮਾਨ ਤੇ ਮਨੋਹਰ ਸਿੰਘ ਸਹਿਰਾਈ, ਗੀਤ ਪ੍ਰੇਮ ਧਵਨ ਤੇ ਸ਼ਲਿੰਦਰ ਅਤੇ ਮੌਸੀਕਾਰ ਸਰਦੂਲ ਕਵਾਤੜਾ (ਸਹਾਇਕ ਭਗਵੰਤ ਕਵਾਤੜਾ) ਸਨ। ਫਿਲਮੀਸਤਾਨ ਪ੍ਰਾਈਵੇਟ ਲਿਮਟਿਡ, ਬੰਬੇ ਦੀ ਚਤੁਰਭੁਜ ਜੋਸ਼ੀ ਨਿਰਦੇਸ਼ਿਤ ਫਿਲਮ ‘ਸੰਸਕਾਰ’ (1958) ਵਿੱਚ ਸੋਹਨ ਕਪਿਲਾ ਨੇ ਸਹਾਇਕ ਭੂਮਿਕਾ ਨਿਭਾਈ। ਇਸੇ ਬੈਨਰ ਦੀ ਹੀ ਮੋਹਨ ਸਿਨਹਾ ਨਿਰਦੇਸ਼ਿਤ ਫਿਲਮ ‘ਚਾਂਦ ਕੀ ਦੁਨੀਆ’ (1959) ’ਚ ਸੋਹਨ ਕਪਿਲਾ ਨੇ ਵਿਜੈਨਗਰ ਦੇ ਰਾਜਕੁਮਾਰ ‘ਪਦਮ’ ਦਾ ਤੇ ਉਸ ਦੇ ਰੂਬਰੂ ਅਦਾਕਾਰਾ ਨਲਿਨੀ ਚੋਕਰ ਨੇ ਰਾਜਕੁਮਾਰੀ ‘ਚੰਦਰਿਕਾ’ ਦਾ ਕਿਰਦਾਰ ਅਦਾ ਕੀਤਾ ਜਦੋਂਕਿ ਪਦਮ ਦੇ ਮਜ਼ਾਹੀਆ ਦੋਸਤ ‘ਪੋਲਮ’ ਦਾ ਪਾਤਰ ਰਾਮ ਅਵਤਾਰ ਨੇ ਨਿਭਾਇਆ। ਨਿਰਮਲ ਕੁਮਾਰ ਦੇ ਸੰਗੀਤ ’ਚ ਕਮਰ ਜਲਾਲਾਬਾਦੀ ਦਾ ਲਿਖਿਆ ‘ਏ ਚਾਂਦ ਆਕਾਸ਼…ਹੋ ਕੇ ਰਾਕੇਟ ਪੇ ਸਵਾਰ ਆਇਆ ਆਜ ਤੇਰਾ ਦਿਲਦਾਰ’ (ਮੁਹੰਮਦ ਰਫ਼ੀ, ਐੱਸ. ਡੀ. ਬਾਤਿਸ਼) ਸੋਹਨ ਕਪਿਲਾ ਤੇ ਰਾਮ ਅਵਤਾਰ ’ਤੇ ਫਿਲਮਾਇਆ ਬੜਾ ਪਿਆਰਾ ਗੀਤ ਸੀ। ਫਿਲਮੀਸਤਾਨ ਬੈਨਰ ਦੀ ਹੀ ਵੀ. ਐੱਮ. ਗੁੰਜਾਲ ਨਿਰਦੇਸ਼ਿਤ ਫਿਲਮ ‘ਏਕ ਅਰਮਾਨ ਮੇਰਾ’ (1959) ’ਚ ਸੋਹਨ ਕਪਿਲਾ ਨੇ ‘ਗ਼ੁਲਫ਼ਾਮ’ ਦਾ ਤੇ ਉਸ ਦੇ ਸਨਮੁਖ ਜਯਸ੍ਰੀ ਗਡਕਰ ਨੇ ਪਰੀਸਤਾਨ ਦੀ ਰਾਜਕੁਮਾਰੀ ‘ਨਰਗਿਸ’ ਦਾ ਪਾਰਟ ਅਦਾ ਕੀਤਾ। ਐੱਸ. ਡੀ. ਬਾਤਿਸ਼ (ਸਹਾਇਕ ਪਿਆਰੇ ਲਾਲ) ਦੇ ਸੰਗੀਤ ’ਚ ਕੈਫ਼ ਇਰਫ਼ਾਨੀ ਦਾ ਲਿਖਿਆ ‘ਏਕ ਤਰਫ਼ ਜਾਨੇ ਤਮੰਨਾ…ਆਸ਼ਿਕ ਏਕ ਹਸੀਨਾ ਦੋ’ (ਮੁਹੰਮਦ ਰਫ਼ੀ) ਸੋਹਨ ਕਪਿਲਾ ’ਤੇ ਫਿਲਮਾਇਆ ਗਿਆ ਸੀ।
ਸੋਹਨ ਕਪਿਲਾ ਨੇ ਸਿਰਫ਼ 2 ਪੰਜਾਬੀ ਫਿਲਮਾਂ ਵਿੱਚ ਹੀਰੋ ਦੇ ਮਰਕਜ਼ੀ ਕਿਰਦਾਰ ਅਦਾ ਕੀਤੇ। ਜਦੋਂ ਤੋਲਾ ਰਾਮ ਜਲਨ ਨੇ ਆਪਣੇ ਫਿਲਮਸਾਜ਼ ਫਿਲਮੀਸਤਾਨ ਪ੍ਰਾਈਵੇਟ ਲਿਮਟਿਡ, ਬੰਬੇ ਦੇ ਬੈਨਰ ਹੇਠ ਮਜਨੂੰ (ਹੈਰੋਲਡ ਲੂਈਸ) ਦੀ ਹਿਦਾਇਤਕਾਰੀ ’ਚ ਪਹਿਲੀ ਪੰਜਾਬੀ ਫਿਲਮ ‘ਮੁਕਲਾਵਾ’ (1957) ਬਣਾਈ ਤਾਂ ਸੋਹਨ ਕਪਿਲਾ ਨੂੰ ਮਰਕਜ਼ੀ ਕਿਰਦਾਰ ਵਿੱਚ ਪੇਸ਼ ਕੀਤਾ, ਜਿਸ ਦੇ ਰੂਬਰੂ ਹੀਰੋਇਨ ਦਾ ਪਾਰਟ ਮੰਜੂ ਅਦਾ ਕਰ ਰਹੀ ਸੀ। ਕਹਾਣੀ, ਗੀਤ ਤੇ ਮੁਕਾਲਮੇ ਮਨੋਹਰ ਸਿੰਘ ਸਹਿਰਾਈ ਅਤੇ ਸੰਗੀਤ ਐੱਸ. ਡੀ. ਬਾਤਿਸ਼ (ਸਹਾਇਕ ਪਿਆਰੇ ਲਾਲ) ਨੇ ਮੁਰੱਤਬਿ ਕੀਤਾ। ਫਿਲਮ ’ਚ ਸੋਹਨ ਕਪਿਲਾ (ਨਾਲ ਮੰਜੂ) ’ਤੇ ਫਿਲਮਾਏ ‘ਲਾ ਲਾ ਲਾ…ਗੋਰੀਏ ਜਵਾਨੀ ਰੰਗਲੀ ਨੀਂ’ (ਸ਼ਮਿੰਦਰ ਚਹਿਲ, ਆਸ਼ਾ ਭੌਸਲੇ), ‘ਉੱਡ ਗਈਆਂ ਡਾਰਾਂ ਟੁਰ ਚੱਲੀਆਂ ਬਹਾਰਾਂ’ (ਆਸ਼ਾ ਭੌਸਲੇ, ਐੱਸ. ਡੀ. ਬਾਤਿਸ਼) ਆਦਿ ਗੀਤ ਬੇਹੱਦ ਮਕਬੂਲ ਹੋਏ। ਇਹ ਫਿਲਮ 20 ਅਕਤੂਬਰ 1957 ਨੂੰ ਸੁਸਾਇਟੀ ਥੀਏਟਰ, ਲੁਧਿਆਣਾ ਵਿਖੇ ਨੁਮਾਇਸ਼ ਹੋਈ। ਸੋਹਨ ਕਪਿਲਾ ਦੀ ਦੂਜੀ ਪੰਜਾਬੀ ਫਿਲਮ ਵੀ ਫਿਲਮੀਸਤਾਨ ਬੈਨਰ ਦੀ ਹੀ ਓ. ਪੀ. ਦੱਤਾ ਨਿਰਦੇਸ਼ਿਤ ‘ਹੁਲਾਰੇ’ (1957) ਸੀ। ਫਿਲਮ ’ਚ ਇੱਕ ਵਾਰ ਫਿਰ ਸੋਹਨ ਦੇੇ ਹਮਰਾਹ ਅਦਾਕਾਰਾ ਮੰਜੂ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀ ਸੀ। ਪੰਡਤ ਸ਼ਿਵ ਦਿਆਲ ਬਾਤਿਸ਼ ਦੇ ਸੰਗੀਤ ’ਚ ਵਰਮਾ ਮਲਿਕ ਦਾ ਲਿਖਿਆ ਸੋਹਨ ਤੇ ਮੰਜੂ ’ਤੇ ਫਿਲਮਾਇਆ ਰੂਮਾਨੀ ਗੀਤ ‘ਸੋਹਣੀ ਪੀਂਘ ਝੂਟੇਂਦੀਏ ਨਾਰੇ ਨੀਂ ਤੇਰੇ ਝੁਮਕੇ ਲੈਣ ਹੁਲਾਰੇ ਨੀਂ’ (ਐੱਸ. ਡੀ. ਬਾਤਿਸ਼, ਆਸ਼ਾ ਭੌਸਲੇ) ਬੜਾ ਹਿੱਟ ਹੋਇਆ। ਇਹ ਫਿਲਮ 13 ਦਸੰਬਰ 1957 ਨੂੰ ਅੰਮ੍ਰਿਤ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ।
ਫਿਲਮੀਸਤਾਨ ਪ੍ਰਾਈਵੇਟ ਲਿਮਟਿਡ, ਬੰਬੇ ਦੀ ਹੀ ਹੇਮਨ ਗੁਪਤਾ ਨਿਰਦੇਸ਼ਿਤ ਹਿੰਦੀ ਫਿਲਮ ‘ਬਾਬਰ’ (1960) ’ਚ ਸੋਹਨ ਕਪਿਲਾ ਨੇ ਸਾਹਿਬ-ਏ-ਆਲਮ ‘ਮਿਰਜ਼ਾ ਨਸੀਰੂਦੀਨ ਹਿਮਾਯੂੰ’ ਦਾ ਪਾਰਟ ਜਿਸ ਦੇ ਸਨਮੁਖ ਅਦਾਕਾਰਾ ਅਜ਼ਰਾ ਨੇ ‘ਮਲਿਕਾ ਬਾਨੋ’ ਦਾ ਕਿਰਦਾਰ ਨਿਭਾਇਆ ਜਦੋਂਕਿ ‘ਬਾਬਰ’ ਦਾ ਟਾਈਟਲ ਰੋਲ ਗਜਾਨਨ ਜਗੀਰਦਾਰ ਕਰ ਰਿਹਾ ਸੀ। ਫ਼ਸਾਨਾ, ਮੰਜ਼ਰਨਾਮਾ ਤੇ ਮੁਕਾਲਮੇ ਹਕੀਮ ਲੱਟਾ, ਗੀਤ ਸਾਹਿਰ ਲੁਧਿਆਣਵੀ ਤੇ ਸੰਗੀਤਕ ਤਰਜ਼ਾਂ ਰੌਸ਼ਨ ਨੇ ਬਣਾਈਆਂ। ਸੋਹਨ ਤੇ ਫਿਲਮਾਈ ਰੂਮਾਨੀ ਗ਼ਜ਼ਲ ‘ਤੁਮ ਏਕ ਬਾਰ ਮੁਹੱਬਤ ਕਾ ਇਮਤਿਹਾਨ ਤੋ ਲੋ’ (ਮੁਹੰਮਦ ਰਫ਼ੀ) ਬੜੀ ਪਸੰਦ ਕੀਤੀ ਗਈ। ਬਤੌਰ ਫਿਲਮਸਾਜ਼ (ਨਾਲ ਓ. ਪੀ. ਦੱਤਾ) ਸੋਹਨ ਕਪਿਲਾ ਨੇ ਆਪਣੇ ਫਿਲਮਸਾਜ਼ ਅਦਾਰੇ ਦੀਪਕ ਜਿਓਤੀ, ਬੰਬੇ ਦੇ ਬੈਨਰ ਹੇਠ ਓ. ਪੀ. ਦੱਤਾ ਦੀ ਹਿਦਾਇਤਕਾਰੀ ਵਿੱਚ ਫਿਲਮ ‘ਕਮਰਸ਼ੀਅਲ ਪਾਇਲਟ ਆਫ਼ੀਸਰ’ (1963) ਬਣਾਈ। ਫਿਲਮ ’ਚ ਸੋਹਨ ਨੇ ਪਾਇਲਟ ਅਫ਼ਸਰ ‘ਮਦਨ ਕਪੂਰ’ ਦਾ ਟਾਈਟਲ ਰੋਲ, ਜਿਸ ਦੇ ਨਾਲ ਅਦਾਕਾਰਾ ਸ਼ਿਆਮਾ ਨੇ ‘ਕਾਮਿਨੀ’ ਦਾ ਪਾਤਰ ਨਿਭਾਇਆ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਓ. ਪੀ. ਦੱਤਾ, ਗੀਤ ਆਨੰਦ ਬਖ਼ਸ਼ੀ ਤੇ ਸੰਗੀਤਕ ਧੁਨਾਂ ਰੌਸ਼ਨ ਨੇ ਬਣਾਈਆਂ। ਸੋਹਨ ਕਪਿਲਾ ’ਤੇ ਫਿਲਮਾਏ ‘ਓਏ ਹੋਏ…ਕਾਨ ਮੈਂ ਝੁਮਕੇ ਚਾਲ ਮੇਂ ਠੁਮਕੇ’, ‘ਨਸ਼ੀਲੀ ਹਵਾ ਹੈ ਸਮਾਂ ਹੈ ਗੁਲਾਬੀ’ (ਮੁਹੰਮਦ ਰਫ਼ੀ, ਆਸ਼ਾ ਭੌਸਲੇ), ‘ਸ਼ਰਾਬ ਕਾ ਸਹਾਰਾ ਲੈ ਕੇ ਬਹਿਲ ਸਕਾ ਨਾ ਮੇਰਾ ਜੀਅ’ (ਮੁਹੰਮਦ ਰਫ਼ੀ) ਗੀਤ ਬਹੁਤ ਚੱਲੇ। ਇਸ ਐਕਸ਼ਨ, ਰੋਮਾਂਟਿਕ ਫਿਲਮ ਦੀ ਪ੍ਰਚਾਰ ਪੁਸਤਿਕਾ ਤੇ ਲੌਬੀ ਕਾਰਡ ‘ਪਾਇਲਟ ਆਫ਼ੀਸਰ’ ਦੇ ਨਾਮ ਨਾਲ ਜਾਰੀ ਹੋਏ ਸਨ। ਸੋਹਨ ਕਪਿਲਾ ਦੀ ਆਖ਼ਰੀ ਹਿੰਦੀ ਫਿਲਮ ਵੀ ਫਿਲਮੀਸਤਾਨ ਪ੍ਰਾਈਵੇਟ ਲਿਮਟਿਡ, ਬੰਬੇ ਦੀ ਸ਼ਾਹਿਦ ਲਤੀਫ਼ ਨਿਰਦੇਸ਼ਿਤ ਫਿਲਮ ‘ਪਿਕਨਿਕ’ (1960) ਸੀ। ਇਸ ਫਿਲਮ ’ਚ ਸੋਹਨ ਕਪਿਲਾ ਨੇ ‘ਮਿਸਟਰ ਸੁਰੇਸ਼’ ਨਾਮੀ ਮਹਿਮਾਨ ਭੂਮਿਕਾ ਨਿਭਾਈ। ਐੱਸ. ਮੋਹਿੰਦਰ (ਸਹਾਇਕ ਇੰਦਰਜੀਤ) ਦੇ ਸੰਗੀਤ ਵਿੱਚ ਮਜਰੂਹ ਸੁਲਤਾਨਪੁਰੀ ਦਾ ਲਿਖਿਆ ਕਲੱਬ ਗੀਤ ‘ਜਬ ਮੇਰਾ ਆਂਚਲ ਢਲੇਗਾ ਸਾਂਪ ਦਿਲੋਂ ਪਰ ਚਲੇਗਾ’ (ਆਸ਼ਾ ਭੌਸਲੇ, ਮੁਹੰਮਦ ਰਫ਼ੀ) ਗੀਤ ਅਜ਼ਰਾ (ਆਸ਼ਾ ਵਿਨੋਦ) ਤੇ ਸੋਹਨ ’ਤੇ ਫਿਲਮਾਇਆ ਸੀ। ਫਿਲਮ ਦੇ ਮੁੱਖ ਕਿਰਦਾਰ ਵਿੱਚ ਮਨੋਜ (ਵਿਨੋਦ), ਅਜ਼ਰਾ (ਆਸ਼ਾ), ਸ਼ੋਭਾ ਖੋਟੇ (ਕਲਪਨਾ) ਮੌਜੂਦ ਸਨ।
1960ਵਿਆਂ ਦੇ ਦਹਾਕੇ ਤੋਂ ਬਾਅਦ ਸੋਹਨ ਕਪਿਲਾ ਹਿੰਦੀ ਤੇ ਪੰਜਾਬੀ ਫਿਲਮ ਸਨਅਤ ਵਿੱਚੋਂ ਗਾਇਬ ਹੋ ਗਏ। ਫਿਰ ਉਹ ਕਿੱਥੇ ਚਲੇ ਗਏ? ਉਨ੍ਹਾਂ ਦਾ ਪਰਿਵਾਰ ਕਿੱਥੇ ਹੈ? ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਕੁਝ ਪਤਾ ਨਹੀਂ ਚੱਲਿਆ ਅਤੇ ਨਾ ਹੀ ਵਕਤ ਦਿਆਂ ਫਿਲਮੀ ਰਸਾਲਿਆਂ ਨੇ ਕਦੇ ਅਜਿਹੇ ਗ਼ੈਰ-ਮਾਰੂਫ਼ (ਅਣਜਾਣ) ਫ਼ਨਕਾਰਾਂ ਉੱਤੇ ਲਿਖਣ ਦੀ ਕੋਸ਼ਿਸ਼ ਕੀਤੀ।
ਸੰਪਰਕ: 97805-09545