ਮੁੰਬਈ: ਫਿਲਮ ਅਦਾਕਾਰ ਰਾਜਕੁਮਾਰ ਰਾਓ ਅਤੇ ਭੂਮੀ ਪੇਡਨੇਕਰ ਨੇ ਆਪਣੀ ਨਵੀਂ ਫਿਲਮ ‘ਬਧਾਈ ਦੋ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਰਾਜਕੁਮਾਰ ਨੇ ਇੰਸਟਾਗ੍ਰਾਮ ’ਤੇ ਭੂਮੀ ਪੇਡਨੇਕਰ ਅਤੇ ਫਿਲਮ ਦੇ ਨਿਰਦੇਸ਼ਕ ਹਰਸ਼ਵਰਧਨ ਕੁਲਕਰਨੀ ਨਾਲ ਆਪਣੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਰਾਜਕੁਮਾਰ ਨੇ ਆਪਣੀ ਪੋਸਟ ’ਚ ਲਿਖਿਆ ਕਿ ਆਪਣੇ ਸੈੱਟ ਤੋਂ ਬਾਹਰ ਹੋ ਕੇ ਸਿੱਧਾ ਤੁਹਾਡੇ ਦਿਲਾਂ ਵੱਲ ਆ ਰਹੇ ਹਾਂ। ਤੁਹਾਡੇ ਲਈ ਫਿਲਮ ਰਿਲੀਜ਼ ਹੋਣ ਦੀ ਉਡੀਕ ਨਹੀਂ ਹੋ ਰਹੀ ‘ਬਧਾਈ ਹੋ’। ਭੂਮੀ ਪੇਡਨੇਕਰ ਨੇ ਵੀ ਇਹੀ ਤਸਵੀਰ ਵੈਬਸਾਈਟ ’ਤੇ ਸਾਂਝੀ ਕਰਦਿਆਂ ਲਿਖਿਆ, ‘ਸ਼ਰਦੁਲ ਤੇ ਸੁਮੀ ਲਈ ਫਿਲਮ ਦੀ ਸ਼ੂਟਿੰਗ ਮੁਕੰਮਲ। ਇਹ ਤਸਵੀਰ ਫਿਲਮ ਦੀ ਪੂਰੀ ਟੀਮ ਦਾ ਇੱਕ-ਦੂਜੇ ਲਈ ਪਿਆਰ, ਖੁਸ਼ੀ ਤੇ ਯਾਦਾਂ ਦੀ ਪ੍ਰਤੀਕ ਹੈ।’ ਭੂਮੀ ਨੇ ਰਾਜਕੁਮਾਰ ਤੇ ਹਰਸ਼ਵਰਧਨ ਦਾ ਸ਼ੁਕਰੀਆ ਕੀਤਾ। ਉਸ ਨੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਜੋ ਉਸ ਨੂੰ ਰਾਜਕੁਮਾਰ ਤੇ ਹਰਸ਼ਵਰਧਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਹ ਫਿਲਮ ‘ਬਧਾਈ ਹੋ’ ਫਿਲਮ ਦੀ ਅਗਲੀ ਕੜੀ ਹੈ। ‘ਬਧਾਈ ਹੋ’ ਫਿਲਮ ’ਚ ਮੁੱਖ ਭੂਮਿਕਾਵਾਂ ਆਯੁਸ਼ਮਾਨ ਖੁਰਾਨਾ ਤੇ ਸਾਨਿਆ ਮਲਹੋਤਰਾ ਨੇ ਨਿਭਾਈਆਂ ਸਨ। ਫਿਲਮ ਦੀ ਕਹਾਣੀ ਸੁਮਨ ਅਧਿਕਾਰੀ ਅਤੇ ਅਕਸ਼ਤ ਘਿਲਦਿਆਲ ਨੇ ਲਿਖੀ ਹੈ। -ਆਈਏਐੱਨਐੱਸ