ਮੁੰਬਈ: ਦੱਖਣ ਭਾਰਤੀ ਫਿਲਮਾਂ ਦਾ ਕਲਾਕਾਰ ਪ੍ਰਭਾਸ ਆਪਣੀ ਅਗਲੀ ਫਿਲਮ ‘ਸਪਿਰਿਟ’ ਨਿਰਦੇਸ਼ਕ ਸੰਦੀਪ ਰੈਡੀ ਵੰਗਾ ਨਾਲ ਕਰੇਗਾ। ਇਹ ਜਾਣਕਾਰੀ ਨਿਰਮਾਤਾਵਾਂ ਨੇ ਅੱਜ ਇੱਥੇ ਸਾਂਝੀ ਕੀਤੀ। ਫਿਲਮ ਭੂਸ਼ਣ ਕੁਮਾਰ ਦੇ ਟੀਸੀਰੀਜ਼ ਅਤੇ ਭਦਰਕਾਲੀ ਪਿਕਚਰਜ਼ ਦੇ ਬੈਨਰ ਹੇਠ ਬਣੇਗੀ। ਨਿਰਮਾਤਾਵਾਂ ਅਨੁਸਾਰ ਫਿਲਮ ‘ਸਪਿਰਿਟ’ ਅੱਠ ਭਾਸ਼ਾਵਾਂ ਜਿਵੇਂ ਹਿੰਦੀ, ਤੇਲਗੂ, ਤਾਮਿਲ, ਮਲਿਆਲਮ, ਕੰਨੜ, ਮੰਦਾਰਿਨ, ਜਾਪਾਨੀ ਅਤੇ ਕੋਰੀਅਨ ਵਿੱਚ ਰਿਲੀਜ਼ ਹੋਵੇਗੀ। ਸੰਦੀਪ ਨੇ ਇਸ ਤੋਂ ਪਹਿਲਾਂ ਤੇਲਗੂ ਭਾਸ਼ਾ ’ਚ ‘ਅਰਜੁਨ ਰੈਡੀ’ ਅਤੇ ਹਿੰਦੀ ਵਿੱਚ ‘ਕਬੀਰ ਸਿੰਘ’ ਜਿਹੀਆਂ ਮਸ਼ਹੂਰ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਨ੍ਹੀਂ ਦਿਨੀਂ ਪ੍ਰਭਾਸ ਫਿਲਮ ‘ਸਲਾਰ’ ਅਤੇ ‘ਆਦਿਪੁਰਸ਼’ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ। ਉਸ ਨੇ ਨਾਗ ਅਸ਼ਿਵਨ ਦੇ ‘ਪ੍ਰਾਜੈਕਟ ਕੇ’ ਨੂੰ ਵੀ ਲਾਈਨ ਵਿੱਚ ਰੱਖਿਆ ਹੋਇਆ ਹੈ। ਪ੍ਰਭਾਸ ਨੇ ਕਿਹਾ ਕਿ ‘ਸਪਿਰਿਟ’ ਉਸ ਦੀ 25ਵੀਂ ਫਿਲਮ ਹੋਵੇਗੀ ਅਤੇ ਇਹ ਉਸ ਦੇ ਪ੍ਰਸ਼ੰਸਕਾਂ ਲਈ ਬੇਹੱਦ ਖ਼ਾਸ ਹੋਵੇਗੀ। -ਆਈਏਐੱਨਐੱਸ