ਮੁੰਬਈ: ਅਦਾਕਾਰ ਆਯੂਸ਼ਮਾਨ ਖੁਰਾਨਾ ਕਦੇ ਵੀ ਵਰਜਿਤ ਵਿਸ਼ਿਆਂ ਨਾਲ ਜੁੜੀਆਂ ਫਿਲਮਾਂ ਵਿੱਚ ਕੰਮ ਕਰਨ ਤੋਂ ਪਿੱਛੇ ਨਹੀਂ ਹਟਿਆ। ਉਸ ਅਨੁਸਾਰ ‘ਵਿੱਕੀ ਡੋਨਰ’, ਜਿਸ ਵਿੱਚ ਉਸ ਨੇ ‘ਸਪਰਮ ਡੋਨਰ’ ਦੀ ਭੂਮਿਕਾ ਨਿਭਾਈ ਸੀ ਅਤੇ ‘ਸ਼ੁੱਭ ਮੰਗਲ ਸਾਵਧਾਨ’ ਵਰਗੀਆਂ ਫਿਲਮਾਂ ਦੀ ਸਫ਼ਲਤਾ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਭਾਰਤ ਵਿੱਚ ਲੋਕ, ਵਰਜਿਤ ਵਿਸ਼ਿਆਂ ’ਤੇ ਚਰਚਾ ਕਰਨੀ ਚਾਹੁੰਦੇ ਹਨ। ਆਰ.ਐੱਸ ਪ੍ਰਸੰਨਾ ਵੱਲੋਂ ਨਿਰਦੇਸ਼ਿਤ ਫਿਲਮ ‘ਸ਼ੁੱਭ ਮੰਗਲ ਸਾਵਧਾਨ’ ਅੱਜ ਤੋਂ ਚਾਰ ਸਾਲ ਪਹਿਲਾਂ ਰਿਲੀਜ਼ ਹੋਈ ਸੀ। ਇਸ ਵਿੱਚ ਮੁਦਿਤ ਨਾਂ ਦੇ ਇੱਕ ਸ਼ਰਮੀਲੇ ਲੜਕੇ ਬਾਰੇ ਗੱਲ ਕੀਤੀ ਗਈ ਸੀ, ਜਿਸ ਨੂੰ ਉਸ ਦੇ ਵਿਆਹ ਤੋਂ ਪਹਿਲਾਂ ਪਤਾ ਲੱਗਦਾ ਹੈ ਕਿ ਉਹ ਗੁਪਤ ਰੋਗ ਤੋਂ ਪੀੜਤ ਹੈ। ਆਯੂਸ਼ਮਾਨ ਨੇ ਕਿਹਾ, ‘ਮੈਂ ਬੌਲੀਵੁੱਡ ਵਿੱਚ ‘ਵਿੱਕੀ ਡੋਨਰ’ ਰਾਹੀਂ ਸ਼ੁਰੂਆਤ ਕੀਤੀ ਸੀ, ਜੋ ਵਰਜਿਤ ਵਿਸ਼ੇ ’ਤੇ ਆਧਾਰਿਤ ਸੀ। ਸ਼ੁਜੀਤ ਜੀ ਦਾ ਧੰਨਵਾਦ, ਜਿਨ੍ਹਾਂ ਮੈਨੂੰ ਦਿਖਾਇਆ ਕਿ ਕਿਵੇਂ ਦਰਸ਼ਕ ਬਦਲ ਰਹੇ ਸਨ ਅਤੇ ਅਜਿਹੇ ਵਿਸ਼ਿਆਂ ਨੂੰ ਸਵੀਕਾਰ ਰਹੇ ਸਨ। ‘ਸ਼ੁੱਭ ਮੰਗਲ ਸਾਵਧਾਨ’ ਵਿੱਚ ਆਨੰਦ ਐੱਲ ਰਾਏ ਅਤੇ ਆਰ.ਐੱਸ ਪ੍ਰਸੰਨਾ ਨੇ ਗੁਪਤ ਰੋਗ ਵਰਗੇ ਵਿਸ਼ੇ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਦਿਖਾਇਆ। ਇਨ੍ਹਾਂ ਦੋ ਫਿਲਮਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਭਾਰਤ ਦੇ ਲੋਕ ਵਰਜਿਤ ਵਿਸ਼ਿਆਂ ’ਤੇ ਖੁੱਲ੍ਹ ਕੇ ਚਰਚਾ ਕਰਨੀ ਚਾਹੁੰਦੇ ਹਨ।’ 36 ਸਾਲਾ ਅਦਾਕਾਰ ਨੇ ਕਿਹਾ ਕਿ ਫਿਲਮਾਂ ਨੇ ਉਸ ਨੂੰ ਇਸੇ ਲੀਹ ’ਤੇ ਚੱਲਣ ਅਤੇ ਅਜਿਹੇ ਹੋਰ ਮੁੱਦੇ ਮੁੱਖ ਧਾਰਾ ਸਿਨੇਮਾ ਵਿੱਚ ਉਭਾਰਨ ਲਈ ਉਤਸ਼ਾਹਿਤ ਕੀਤਾ। ਉਸ ਨੇ ‘ਸ਼ੁੱਭ ਮੰਗਲ ਸਾਵਧਾਨ’ ਨੂੰ ਕਰੀਅਰ ਦਾ ਮੀਲ ਪੱਥਰ ਦੱਸਦਿਆਂ ਕਿਹਾ, ‘ਮੈਂ ਮਹਿਸੂਸ ਕੀਤਾ ਕਿ ਇਨ੍ਹਾਂ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਜ਼ਰੂਰੀ ਸੀ। ਇਸ ਨੇ ਮੈਨੂੰ ਆਪਣੀਆਂ ਅਗਲੀਆਂ ਫਿਲਮਾਂ ਦੀ ਚੋਣ ਕਰਨ ਅਤੇ ਅਜਿਹੇ ਮੁੱਦਿਆਂ ’ਤੇ ਭਰੋਸਾ ਰੱਖਣ ਦੀ ਹਿੰਮਤ ਦਿੱਤੀ।’ –ਆਈਏਐੱਨਐੱਸ