ਮੁੰਬਈ: ਅਦਾਕਾਰ ਸੰਜੇ ਕਪੂਰ ਨੂੰ ਸਾਲ 1995 ਵਿੱਚ ਉਸ ਦੇ ਵੱਡੇ ਭਰਾ ਬੋਨੀ ਕਪੂਰ ਨੇ ਫ਼ਿਲਮ ‘ਪ੍ਰੇਮ’ ਰਾਹੀਂ ਬੌਲੀਵੁੱਡ ਵਿਚ ਦਾਖ਼ਲਾ ਦਿੱਤਾ ਸੀ ਅਤੇ ਫਿਰ ਉੁਸ ਨੇ ਉਸ ਜ਼ਮਾਨੇ ਦੀਆਂ ਪ੍ਰਸਿੱਧ ਅਦਾਕਾਰਾਂ ਮਾਧੁਰੀ ਦੀਕਸ਼ਿਤ, ਜੂਹੀ ਚਾਵਲਾ ਅਤੇ ਮਮਤਾ ਕੁਲਕਰਨੀ ਨਾਲ ਕੰਮ ਕੀਤਾ। ਲਗਾਤਾਰ ਫ਼ਿਲਮਾਂ ਮਿਲਣ ਦੇ ਬਾਵਜੂਦ ਬੋਨੀ ਤੇ ਅਨਿਲ ਕਪੂਰ ਦਾ ਛੋਟਾ ਭਰਾ ਇਸ ਲੈਅ ਨੂੰ ਬਰਕਰਾਰ ਨਹੀਂ ਰੱਖ ਸਕਿਆ ਅਤੇ ਉਸ ਨੂੰ ਆਪਣੇ ਕਰੀਅਰ ਦੀ ਮੁੜ ਸ਼ੁਰੂਆਤ ਕਰਨ ਲਈ ਓਟੀਟੀ ਪਲੈਟਫਾਰਮ ਦੇ ਉਭਾਰ ਹੋਣ ਤੱਕ ਦੀ ਉਡੀਕ ਕਰਨੀ ਪਈ। ਸੰਜੇ ਕਪੂਰ ਨੇ ਆਖਿਆ,‘‘ਮੈਂ ਕਾਫੀ ਸਮੇਂ ਤੋਂ ਇਸ ਖੇਤਰ ਵਿੱਚ ਹਾਂ ਤੇ ਮੈਂ ਆਪਣੇ ਕਰੀਅਰ ਦੇ ਵੱਖ ਵੱਖ ਪੜਾਵਾਂ ਵਿਚੋਂ ਲੰਘਿਆਂ ਹਾਂ। ਅਸੀਂ ਅਕਸਰ ਇਕ ਖਾਸ ਉਮਰ ਤੋਂ ਬਾਅਦ ਕੁਝ ਵਿਸ਼ੇਸ਼ ਕਿਰਦਾਰ ਨਿਭਾਉਣ ਬਾਰੇ ਗੱਲ ਕਰਦੇ ਹਾਂ ਪਰ ਪਿਛਲੇ ਕੁਝ ਸਾਲਾਂ ਵਿਚ ਅਜਿਹੇ ਕਿਰਦਾਰ, ਖਾਸ ਕਰਕੇ ਅਧਖੜ ਉਮਰ ਵਾਲੇ ਕੁਝ ਇਕ ਖਾਸ ਅਦਾਕਾਰਾਂ ਨੂੰ ਹੀ ਮਿਲਦੇ ਹਨ। ਮੈਂ ਹੁਣ ਉਮਰ ਦੇ ਅਜਿਹੇ ਪੜਾਅ ’ਤੇ ਜਿਥੇ ਮੈਂ ਫ਼ਿਲਮ ਵਿਚ ਹੀਰੋ ਦੀ ਭੂਮਿਕਾ ਨਹੀਂ ਨਿਭਾਅ ਸਕਦਾ ਅਤੇ ਨਾ ਹੀ ਦਾਦੇ ਦਾ ਕਿਰਦਾਰ ਨਿਭਾਅ ਸਕਦਾ ਹਾਂ। ਆਮ ਤੌਰ ’ਤੇ ਪਿਤਾ ਦਾ ਕਿਰਦਾਰ ਨਿਭਾਉਣ ਦੇ ਮੌਕੇ ਬਹੁਤ ਘੱਟ ਮਿਲਦੇ ਹਨ। ਪਰ ਮੁੱਖ ਧਾਰਾ ਸਿਨੇ ਜਗਤ ਵਿੱਚ ਅੱਧਖੜ ਉਮਰ ਦੇ ਬੰਦਿਆਂ ਦੀਆਂ ਕਹਾਣੀਆਂ ਨੂੰ ਓਨੀ ਥਾਂ ਨਹੀਂ ਮਿਲਦੀ ਜਿੰਨੀ ਓਟੀਟੀ ’ਤੇ ਮਿਲ ਜਾਂਦੀ ਹੈ।’’ -ਆਈਏਐੱਨਐੱਸ