ਹਰਦਿਆਲ ਸਿੰਘ ਥੂਹੀ
ਸੰਸਾਰ ਭਰ ਵਿਚ ਆਵਾਜ਼ ਨੂੰ ਭਵਿੱਖ ਲਈ ਸਾਂਭਣ ਵਾਲੀ ਮਸ਼ੀਨ ਉਨੀਵੀਂ ਸਦੀ ਦੇ ਆਖਰੀ ਦਹਾਕੇ ਹੋਂਦ ਵਿਚ ਆ ਚੁੱਕੀ ਸੀ। ਭਾਰਤ ਵਿਚ ‘ਦਿ ਗ੍ਰਾਮੋਫੋਨ ਕੰਪਨੀ ਲਿਮਟਿਡ’ ਨੇ 1902 ਵਿਚ ਕਲਕੱਤੇ ਤੋਂ ਰਿਕਾਰਡਿੰਗ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਜਿਸ ਆਵਾਜ਼ ਨੂੰ ਰਿਕਾਰਡ ਕੀਤਾ ਗਿਆ, ਇਹ ਆਵਾਜ਼ ਸੀ ਕਲਕੱਤੇ ਦੀ ਗਾਇਕਾ-ਨਾਚੀ ਗੌਹਰ ਜਾਨ ਦੀ। 1902 ਵਿਚ ਕੰਪਨੀ ਦੇ ਮਾਹਿਰ ਪ੍ਰਤੀਨਿਧੀ ਫੈਡਰਿਕ ਵਿਲੀਅਮ ਗਿਆਸਵਰਗ ਨੇ ਉਸ ਦੀ ਆਵਾਜ਼ ਕਲਕੱਤੇ ਵਿਖੇ ਰਿਕਾਰਡ ਕੀਤੀ, ਜੋ 1903 ਵਿਚ ਹੈਨੋਵਰ (ਜਰਮਨੀ) ਤੋਂ ਤਵਿਆਂ ਵਿਚ ਭਰਕੇ ਆਈ। ਇਨ੍ਹਾਂ ਸਿੰਗਲ ਸਾਈਡ ਤਵਿਆਂ ’ਤੇ ‘ਮੇਡ ਇਨ ਜਰਮਨੀ’ ਉੱਕਰਿਆ ਹੋਇਆ ਸੀ। 1903 ਤੋਂ 1907 ਤਕ ਇਸ ਕੰਪਨੀ ਦੇ ਜਿੰਨੇ ਵੀ ਤਵੇ ਬਣੇ, ਉਹ ਜਰਮਨੀ ਤੋਂ ਹੀ ਬਣਕੇ ਆਉਂਦੇ ਸਨ।
1908 ਵਿਚ ਕੰਪਨੀ ਨੇ ਭਾਰਤ, ਬਰਮਾ ਅਤੇ ਸੀਲੋਨ ਲਈ 139 ਬੇਲੀਆ ਘਾਟ ਰੋਡ, ਸੈਲਦਾ (ਕਲਕੱਤਾ) ਵਿਖੇ ਪਲਾਂਟ ਸਥਾਪਿਤ ਕੀਤਾ। ਏਥੋਂ ਬਣਨ ਵਾਲੇ ਤਵਿਆਂ ’ਤੇ ‘ਮੇਡ ਇਨ ਕਲਕੱਤਾ’ ਉੱਕਰਿਆ ਜਾਣ ਲੱਗਾ। ਜਰਮਨੀ ਤੋਂ ਰਿਕਾਰਡ ਹੋਏ ਲਗਭਗ ਸਾਰੇ ਤਵੇ ਦੁਬਾਰਾ ਫੇਰ ਏਥੋਂ ਜਾਰੀ ਕੀਤੇ ਗਏ। ਇਨ੍ਹਾਂ ਤਵਿਆਂ ’ਤੇ ‘ਰਿਕਾਰਡਿੰਗ ਏਂਜਲ’ ਜਾਂ ‘ਕੁੱਤਾ ਤੇ ਗ੍ਰਾਮੋਫੋਨ’ ਦੀ ਤਸਵੀਰ ਛਪੀ ਹੁੰਦੀ ਸੀ, ‘ਹਿਜ਼ ਮਾਸਟਰਜ਼ ਵੌਇਸ’ ਨਹੀਂ ਲਿਖਿਆ ਹੁੰਦਾ ਸੀ। ਹਰ ਤਵੇ ’ਤੇ ਸੀਰੀਅਲ ਨੰਬਰ ਜੀ. ਸੀ. (7.3.) ਉੱਕਰਿਆ ਹੁੰਦਾ ਸੀ।
ਜਨਵਰੀ 1916 ਤੋਂ ‘ਰਿਕਾਰਡਿੰਗ ਏਂਜਲ’ ਅਤੇ ‘ਕੁੱਤਾ ਤੇ ਗ੍ਰਾਮੋਫੋਨ’ ਦੇ ਨਾਲ ‘ਹਿਜ਼ ਮਾਸਟਰਜ਼ ਵੌਇਸ’ ਲਿਖਿਆ ਜਾਣ ਲੱਗ ਪਿਆ। 1903 ਤੋਂ 1915 ਤਕ ਜੋ ਰਿਕਾਰਡਿੰਗ ਹੋਈ, ਉਹ ਦੁਬਾਰਾ ਫੇਰ ਇਸ ਲੇਬਲ ਅਧੀਨ ‘P’ ਸੀਰੀਜ਼ ਨਾਲ ਜਾਰੀ ਕੀਤੀ ਗਈ। ਇਨ੍ਹਾਂ ’ਤੇ ਪਹਿਲਾਂ ਵਾਲਾ 7.3. ਨੰਬਰ ਵੀ ਨਾਲ ਲਿਖਿਆ ਗਿਆ।
1908 ਤੋਂ 1910 ਦੇ ਵਿਚਕਾਰ ਬਹੁਤ ਸਾਰੀਆਂ ਯੂਰੋਪੀਅਨ ਰਿਕਾਰਡਿੰਗ ਕੰਪਨੀਆਂ ਭਾਰਤੀ ਮਾਰਕੀਟ ਵਿਚ ਪ੍ਰਵੇਸ਼ ਕਰ ਗਈਆਂ, ਜਿਨ੍ਹਾਂ ਵਿਚ ‘ਬੇਕਾ ਗਰੈਂਡ ਰਿਕਾਰਡ’, ‘ਓਡੀਅਨ ਰਿਕਾਰਡ’, ‘ਨਿਕੋਲ ਰਿਕਾਰਡ’, ‘ਰਾਮਾ-ਫੋਨ ਡਿਸਕ ਰਿਕਾਰਡ’ ਆਦਿ ਪ੍ਰਮੁੱਖ ਸਨ। ‘ਦਿ ਸਨ ਡਿਸਕ ਰਿਕਾਰਡ’ ਕੰਪਨੀ ਨੇ ਮੁਕਾਬਲੇ ਕਾਰਨ ਡਬਲ ਸਾਈਡ ਤਵੇ ਦੀ ਕੀਮਤ ਕੇਵਲ ਦੋ ਰੁਪਏ ਕਰ ਦਿੱਤੀ ਜਦੋਂ ਕਿ ਬਾਕੀ ਕੰਪਨੀਆਂ ਦੇ ਤਵਿਆਂ ਦੀ ਕੀਮਤ ਘੱਟੋ ਘੱਟ ਤਿੰਨ ਰੁਪਏ ਸੀ। ਇਸ ਦਾ ਮੁਕਾਬਲਾ ਕਰਨ ਲਈ ‘ਦਿ ਗ੍ਰਾਮੋਫੋਨ ਕੰਪਨੀ’ ਨੇ ਵੀ ‘ਜ਼ੋਨੋਫੋਨ ਰਿਕਾਰਡ’ ਦੇ ਲੇਬਲ ਹੇਠ ਦੋ ਰੁਪਏ ਕੀਮਤ (ਡਬਲ ਸਾਇਡ) ਨਾਲ ਤਵੇ ਬਾਜ਼ਾਰ ਵਿਚ ਭੇਜਣੇ ਸ਼ੁਰੂ ਕਰ ਦਿੱਤੇ।
ਇਸ ਸਮੇਂ ਦੌਰਾਨ (1902 ਤੋਂ 1915 ਤਕ) ‘ਦਿ ਗ੍ਰਾਮੋਫੋਨ ਕੰਪਨੀ ਲਿਮਟਿਡ’ ਵੱਲੋਂ ਉਕਤ ਲੇਬਲਾਂ ਅਧੀਨ ਪੰਜਾਬੀ ਗਾਇਕੀ ਨਾਲ ਸਬੰਧਤ ਜਾਰੀ ਕੀਤੇ ਤਵਿਆਂ ਵਿਚ ਕੁਝ ਢਾਡੀ ਗਾਇਕੀ ਦੇ ਵੀ ਹਨ। ਇਨ੍ਹਾਂ ਤਵਿਆਂ ਦੇ ਵੇਰਵੇ ਸੰਗੀਤ ਪ੍ਰੇਮੀ ਸ. ਸੁਖਦੇਵ ਸਿੰਘ ਮੋਠਾਂਵਾਲੀ ਨੇੜੇ ਬਾਘਾ ਪੁਰਾਣਾ (ਮੋਗਾ) ਦੇ ਸੰਗੀਤ ਭੰਡਾਰ ਵਿਚੋਂ ਮਿਲੇ, ਜਿੱਥੇ ਇਹ ਸੁਰੱਖਿਅਤ ਹਨ। ਇਨ੍ਹਾਂ ਦੇ ਵੇਰਵਿਆਂ ਨੂੰ ਵਾਚਣ ’ਤੇ ਪਤਾ ਚੱਲਦਾ ਹੈ ਕਿ ਲੋਕ ਢਾਡੀ ਗਾਇਕੀ ਦੀ ਰਿਕਾਰਡਿੰਗ ਮੁੱਢਲੇ ਦੌਰ ਭਾਵ 1904-05 ਵਿਚ ਹੋਣੀ ਸ਼ੁਰੂ ਹੋ ਗਈ ਸੀ। ਹੁਣ ਤਕ ਦੇ ਮਿਲੇ ਵੇਰਵਿਆਂ ਅਨੁਸਾਰ ਸਭ ਤੋਂ ਪਹਿਲਾਂ ਢਾਡੀ ਬੁੱਧ ਸਿੰਘ ਤੇ ਜੰਗ ਸਿੰਘ ਦੀਆਂ ਆਵਾਜ਼ਾਂ ਵਿਚ ਤਵੇ ਭਰੇ ਗਏ। ਇਹ ਪੰਜ ਰਚਨਾਵਾਂ ਹਨ ਜਿਨ੍ਹਾਂ ਦੇ ਨੰਬਰ 7.3. ੧੪੪੦੬, 7. 3. ੧੪੪੦੭, 7. 3. ੧੪੪੦੮, 7. 3. ੧੪੪੦੯ ਅਤੇ 7. 3. ੧੪੪੧੦ ਹਨ। ਹੋ ਸਕਦੈ ਕਿਸੇ ਹੋਰ ਸੰਗੀਤ ਪ੍ਰੇਮੀ ਕੋਲ ਕੋਈ ਹੋਰ ਵੀ ਹੋਵੇ। ਬਾਅਦ ਵਿਚ ਇਹ P. ੫੨, P. ੫੪ ਤੇ P. ੫੫ ਨੰਬਰਾਂ ਅਧੀਨ 1916 ਵਿਚ ਦੁਬਾਰਾ ਵੀ ਰਿਲੀਜ਼ ਕੀਤੇ ਗਏ। ਇਨ੍ਹਾਂ ਵਿਚ ਪੂਰਨ, ਮਿਸ਼ਰੀ, ਸੱਸੀ, ਮਲਕੀ ਆਦਿ ਗਾਥਾਵਾਂ ਨਾਲ ਸਬੰਧਤ ਰਚਨਾਵਾਂ ਹਨ। ਨਮੂਨੇ ਵਜੋਂ ਕੁਝ ਮੁੱਖੜੇ ਹਨ:
* ਬਾਬਲ ਦੰਮਾਂ ਦਾ ਲੋਭੀ, ਵਰ ਤਾਂ ਸਾਬੋ ਦਾ ਲੈਂਦਾ
ਮੈਨੂੰ ਭੇਜ ਕੇ ਸਾਬੋ, ਮੁੜ ਕੇ ਖ਼ਬਰ ਨੀਂ ਲੈਂਦਾ।
* ਪੁੰਨੂੰ ਨੂੰ ਲੈ ਗਏ ਰਾਤੀਂ ਬਲੋਚ, ਮੈਂ ਮਰ ਗਈ ਨੀਂ ਮਾਏਂ,
ਉਹਨਾਂ ਧਾਰੇ ਨੀਂ ਵਣਜਾਰਿਆਂ ਵਾਲੇ ਰੂਪ।
ਪਹੁ ਫੁੱਟੀ ਮਾਏ, ਸੁਣ ਕੇ ਨੀਂ ਮੈਂ ਮਰ ਗਈ ਨੀਂ,
ਸੁਣ ਲੈ ਮੇਰੀ ਸੱਸੀ ਦੀ ਕੂਕ।
* ਦੋਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ।
ਇਸ ਤੋਂ ਬਾਅਦ ਜੰਗ ਸਿੰਘ ਤੇ ਚੰਦਾ ਸਿੰਘ ਦੀਆਂ ਆਵਾਜ਼ਾਂ ਵਿਚ ਇਕ ਤਵਾ 7.3. ੧੪੪੩੪-੪੩੫ (P. ੪੩੮੨) ਮਿਲਦਾ ਹੈ ਜਿਸ ਵਿਚ ‘ਮਿਰਜ਼ਾ’ ਅਤੇ ‘ਹੀਰ’ ਗਾਥਾਵਾਂ ਨਾਲ ਸਬੰਧਤ ਰਚਨਾਵਾਂ ਹਨ:
* ਰੋਂਦੀ ਹੀਰ ਵੀ ਓ ਝੱਲੀ ਨਾ ਜਾਂਦੀ ਐ,
ਏਥੇ ਕਰਦੀ ਚਾਕਾ ਹਾਲ ਓਏ ਹਟੋਰੇ।
ਕਾੜ ਕਾੜ ਮੈਂ ਤਾਂ ਵੇ ਪੱਟਾਂ ਨੂੰ ਪਿੱਟਦੀ ਆਂ,
ਮੇਰੇ ਚਾਕ ਪਾਪਣ ਦੇ ਦੀਂਹਦਾ ਨਾ ਕੋਲੇ।
* ਰੋਵਾਂ ਡਰਦੀ ਵੇ ਜੱਟਾ ਤੇਰੇ ਆਸ਼ਕ ਤੋਂ,
ਮੁੜਕੇ ਨਾ ਲੈਂਦੀ ਵੇ ਅੱਜ ਨਾਂ।
ਨੀਵੇਂ ਨੀਵੇਂ ਵੇ ਹੋਣ ਜਾਂ ਝੌਂਪੜੇ,
ਰੁੱਖਾਂ ਬਾਝ ਵੇ ਗਰਾਂ।
ਇਸੇ ਸਮੇਂ ਦੌਰਾਨ ਇਕ ਹੋਰ ਜੁੱਟ ਦੀ ਰਿਕਾਰਡਿੰਗ ਮਿਲਦੀ ਹੈ। ਇਹ ਹਨ ਜਮਾਲੂਦੀਨ ਤੇ ਸ਼ਾਦੀ ਮੱਖਣ ਨੂਰਮਹਿਲ ਵਾਲੇ। ਇਨ੍ਹਾਂ ਦੇ ਗ੍ਰਾਮੋਫੋਨ ਕੰਪਨੀ (7.3.) ਅਤੇ ਜ਼ੋਨੋਫੋਨ ਰਿਕਾਰਡ ਕੰਪਨੀ ਵਿਚ ਰਿਕਾਰਡ ਹੋਏ ਤਵੇ ਮਿਲਦੇ ਹਨ। ਇਨ੍ਹਾਂ ਦੀਆਂ ਆਵਾਜ਼ਾਂ ਬਹੁਤ ਸੁਰੀਲੀਆਂ ਅਤੇ ਬੁਲੰਦ ਹਨ। ਇਨ੍ਹਾਂ ਤਵਿਆਂ ਦੇ ਨੰਬਰ 7.3. -੯-੧੪੪੩੭-੪੩੮ (P. ੪੩੮੩), X-੩-੧੦੨੬੪੮, X-੩-੧੦੪੨੧੨ (©. ੩੧੪), X-੩-੧੦੪੨੧੮, X-੩-੧੦੪੩੫੫-੩੫੬ (©-੯੭੦), ©. ੬੮੫ ਹਨ। ਇਨ੍ਹਾਂ ਵਿਚ ਸੋਹਣੀ, ਮਿਰਜ਼ਾ, ਸੱਸੀ, ਅਮਰ ਸਿੰਘ ਦੀ ਕਲੀ, ਦਊਦ ਦੀ ਕਲੀ ਅਤੇ ਗੁਰੂ ਨਾਨਕ ਦੇਵ ਜੀ ਬਾਰੇ ਰਚਨਾਵਾਂ ਹਨ।
* ਬੰਦਨਾ ਐ ਜੀ ਮੇਰੀ ਸਤਿਗੁਰ ਨਾਨਕ ਕੋ
* ਤਾਰਿਆ ਬਾਬੇ ਜੱਗ
* ਹੱਸ ਹੱਸ ਕੇ ਦੇਹ ਦੀਦਾਰ ਸਾਨੂੰ,
ਭਾਵੇਂ ਰੱਖ ਨਾ ਰੱਖ ਤੂੰ ਯਾਰੀਆਂ ਨੀਂ।
ਪੀੜ੍ਹਾ ਡਾਹ ਕੇ ਬੈਠ ਜਾ ਕੋਲ ਸਾਡੇ,
ਸਾਨੂੰ ਦੱਸ ਹਕੀਕਤਾਂ ਸਾਰੀਆਂ ਨੀਂ।
* ਅੱਧੀ ਵੇ ਰਾਤ ਪਹਿਰ ਦੇ ਤੜਕੇ,
ਸੋਹਣੀ ਘਰ ਘੁਮਿਆਰਾਂ ਦੇ ਵੜਦੀ।
ਕੱਚੇ ਪੱਕੇ ਵਾਲੀ ਸਾਰ ਨਾ ਜਾਣੇ,
ਬੇਲੀਆਂ ਹੱਥ ਵੇ ਕੱਚੇ ਵੱਲ ਕਰਦੀ।
* ਸਾਹਿਬਾਂ ਮਿਰਜ਼ਾ ਝਗੜਦੇ, ਜੰਡ ਦੇ ਤਾਂ ਹੇਠ ਖੜ੍ਹੋ।
ਮੈਂ ਰੱਜ ਨਾ ਮਿਲੀ ਸਹੇਲੀਆਂ, ਨਾ ਮੈਂ ਮਿਲੀ ਹਾਂ ਰੋ।
ਲੋਕ ਢਾਡੀ ਗਾਇਕੀ ਦੇ ਇਤਿਹਾਸ ਵਿਚ ਜਿੱਥੇ ਕੁੱਝ ਔਰਤਾਂ ਦੇ ਖੁੱਲ੍ਹੇ ਅਖਾੜਿਆਂ ਵਿਚ ਗਾਉਣ ਦੇ ਹਵਾਲੇ ਮਿਲਦੇ ਹਨ, ਉੱਥੇ ਇਕ ਜੋੜੀ ਦੀਆਂ ਆਵਾਜ਼ਾਂ ਵਿਚ ਵੀ ਦੋ ਤਵੇ ਰਿਕਾਰਡ ਹੋਏ ਮਿਲਦੇ ਹਨ। ਇਹ ਜੋੜੀ ਹੈ ਈਸ਼ਵਰ ਸਿੰਘ ਤੇ ਨਰੈਣ ਕੌਰ ਦੀ, ਜਿਨ੍ਹਾਂ ਨੂੰ ‘ਜ਼ੋਨੋਫੋਨ ਰਿਕਾਰਡ ਕੰਪਨੀ’ ਨੇ ਆਪਣੇ ਮੁੱਢਲੇ ਦੌਰ ਭਾਵ 1910-11 ਵਿਚ ਰਿਕਾਰਡ ਕੀਤਾ। ਤਵਾ ਨੰਬਰ X-3-104061, 104062 ਦੇ ਦੋਵੇਂ ਪਾਸੇ ਗਾਥਾ ‘ਹੀਰ ਰਾਂਝਾ’ ਹੈ ਅਤੇ ਤਵਾ ਨੰਬਰ X-੩-੧੦੪੦੬੭, ੧੦੪੦੬੮ ਦੇ ਇਕ ਪਾਸੇ ਮਿਰਜ਼ਾ ਅਤੇ ਦੂਜੇ ਪਾਸੇ ਸੱਸੀ ਦੀ ਗਾਥਾ ਹੈ। ਈਸ਼ਵਰ ਸਿੰਘ ਨੇ ਆਗੂ ਅਤੇ ਨਰੈਣ ਕੌਰ ਨੇ ਪਾਛੂ ਦੀ ਭੂਮਿਕਾ ਨਿਭਾਈ ਹੋਈ ਹੈ। ਮੁੱਖੜੇ ਇਸ ਪ੍ਰਕਾਰ ਹਨ।
* ਆਸ਼ਕ ਕਮਾਉਣਾ ਸਿਆਲੇ, ਸ਼ੇਰ ਦਾ ਜਗਾਉਣਾ ਏ।
ਆਸ਼ਕ ਹੋਕਾ ਦਿੰਦੇ ਇਹ ਸੂਲੀ ’ਤੇ ਖੜ੍ਹਕੇ
ਏਸੇ ਆਸ਼ਕ ਨੇ ਰੋਡਾ ਪੰਛੀ ਪੱਟ ਲਿਆ।
ਜਿਹੜਾ ਮਰ ਗਿਆ ਨੀਂ ਤੰਦੂਰਾਂ ਦੇ ਵਿਚ ਸੜਕੇ।
* ਕੱਲਰ ਖੇਤੀ ਬਿਨ ਖੂਹੇ ਦੇ ਪਾਣੀ
ਕਿਸੇ ਮੂਰਖ ਜੱਟ ਨੇ ਬੀਜ ਕੇ ਗਮਾਈ।
ਉਨ੍ਹਾਂ ਬੰਦਿਆਂ ਵਿਚ ਤੇ ਅਕਲ ਦਾ ਘਾਟਾ ਨੀਂ।
ਜਿਹੜੇ ਤੱਕਦੇ ਸਿਆਲੇ ਨਾਰ ਓਏ ਪਰਾਈ।
* ਸੰਮੀ ਸੰਝ ਦੇ ਨਿਕਲੇ, ਜੱਟਾ ਸਾਰੀ ਰਾਤ ਚਲੇ।
ਜੰਡ, ਕਰੀਰ, ਵਣ, ਬੇਰੀਆਂ, ਜੱਟਾ ਸੂਹਾ ਕੌਣ ਬਣੇ।
* ਵਰਜ ਰਹੀ ਮੈਂ ਧੀਏ ਭੱਜ ਕੇ ਮੁੜਿਆ,
ਤੈਂ ਕੀ ਲੈਣਾ ਪੁੰਨੂੰ ਦੇ ਸੰਗੋਂ।
ਊਠਾਂ ਵਾਲਿਆਂ ਦੀ ਧੀਏ ਯਾਰੀ ਕੇਹੀ,
ਭੱਜ ਜਾਂਦੇ ਉੱਠ ਕੇ ਪਿੰਡੋਂ।
ਇਨ੍ਹਾਂ ਤੋਂ ਇਲਾਵਾ ਹੋਰ ਵੀ ਕੋਈ ਤਵਾ ਹੋ ਸਕਦਾ ਹੈ। ਮੁੱਢਲੇ ਦੌਰ ਦੇ ਢਾਡੀਆਂ ਵਿਚੋਂ ਇਕ ਹੋਰ ਜ਼ਿਕਰਯੋਗ ਨਾਂ ਮੇਹਰ ਸਿੰਘ ਦਾ ਹੈ, ਜਿਸ ਦੀ ਮੇਹਰ ਸਿੰਘ ਐਂਡ ਪਾਰਟੀ ਨਾਂ ਹੇਠ ਬਹੁਤ ਸਾਰੀ ਰਿਕਾਰਡਿੰਗ ਮਿਲਦੀ ਹੈ। ਇਹ ਰਿਕਾਰਡਿੰਗ ਲਗਭਗ 1915 ਤੋਂ ਆਰੰਭ ਹੋ ਕੇ 1930 ਤੋਂ ਪਹਿਲਾਂ ਪਹਿਲਾਂ ਦੀ ਹੈ। ਇਸ ਢਾਡੀ ਦੇ ‘ਮੇਹਰ ਸਿੰਘ ਐਂਡ ਪਾਰਟੀ’ ਤੋਂ ਇਲਾਵਾ ਕੁਝ ਤਵੇ ਇੰਦਰ ਸਿੰਘ ਤੇ ਮੇਹਰ ਸਿੰਘ ਦੇ ਨਾਂ ਹੇਠ ਵੀ ਮਿਲਦੇ ਹਨ। ਮੇਹਰ ਸਿੰਘ ਹੁਰਾਂ ਨੇ ਜ਼ਿਆਦਾਤਰ ਹੀਰ ਨੂੰ ਗਾਇਆ ਹੋਇਆ ਹੈ। ਇਸ ਤੋਂ ਇਲਾਵਾ ਪੂਰਨ, ਮਿਰਜ਼ਾ, ਦੁੱਲਾ, ਕੌਲਾਂ ਆਦਿ ਦੇ ਤਵੇ ਵੀ ਹਨ। ਇੰਦਰ ਸਿੰਘ ਤੇ ਮੇਹਰ ਸਿੰਘ ਦੀ ਰਿਕਾਰਡਿੰਗ ਜ਼ੋਨੋਫ਼ੋਨ ਕੰਪਨੀ ਵਿਚ ਹੈ ਜਿਸ ਦੇ ਨਮੂਨੇ ਇਸ ਪ੍ਰਕਾਰ ਹਨ:
* ਹਟ ਜਾ ਪਰੇਡੇ ਪੂਰਨਾ, ਪਿੱਛੇ ਹਟ ਜਾ।
ਜਿੱਦਣ ਦਾ ਭੋਰਿਓਂ ਨਿਕਲਿਆ,
ਦਿੱਤਾ ਓਏ ਧਨ ਲੁਟਾ।
* ਚੜਿ੍ਹਆ ਓਏ ਮੇਹਰੂ ਪੋਸਤੀ, ਸੱਜੇ ਹੱਥ ਫੜੀ ਬੰਦੂਕ।
* ਸੁਣ ਵੇ ਕਾਜ਼ੀਆ ਪਾਕ ਵੇ ਨਮਾਜ਼ੀਆ,
ਕਾਗਜ਼ ਕਾਜ਼ੀਆ ਵੇ ਲਿਖਦਾ ਏਂ ਬੱਗੇ।
* ਰਾਤਾਂ ਕਾਲੀਆਂ ਮਾਏ ਰਾਤਾਂ ਨੀਂ ਕਾਲੀਆਂ,
ਕਾਲੀਆਂ ਮਾਏ ਨੀਂ ਬਾਗਾਂ ਦੀਆਂ ਛਾਵਾਂ।
ਸਾਰੇ ਪੱਤਣ ਆਣ ਖੇੜਿਆਂ ਨੇ ਮੱਲ ਲਏ ਨੀਂ,
ਕਿਹੜੇ ਮਾਏਂ ਨੀਂ ਪੱਤਣ ਮੈਂ ਨਾਵ੍ਹਾਂ।
1918-20 ਦੇ ਦਰਮਿਆਨ ਹੀ ਢਾਡੀ ਚੰਦਾ ਸਿੰਘ ਤੇ ਕਪੂਰ ਸਿੰਘ ਦੀਆਂ ਆਵਾਜ਼ਾਂ ਵਿਚ ਰਿਕਾਰਡ ਹੋਇਆ ਇਕ ਤਵਾ ਵੀ ਮਿਲਦਾ ਹੈ, ਜੋ ਬਾਅਦ ਵਿਚ ‘ਦਿ ਟਵਿਨ’ ਕੰਪਨੀ ਵਿਚ ਦੁਬਾਰਾ 6” 2024 ਨੰਬਰ ਅਧੀਨ ਰਿਲੀਜ਼ ਕੀਤਾ ਗਿਆ। ਇਹ ਤਵਾ ਹੀਰ ਅਤੇ ਮਿਰਜ਼ੇ ਦੀ ਗਾਥਾ ਨਾਲ ਸਬੰਧਿਤ ਹੈ:
* ਸੁੱਤਾ ਪਿਆ ਵਿਚ ਬਾਰ ਦੇ, ਲਾਲ ਦੁਸ਼ਾਲਾ ਤਾਣ।
* ਭਾਬੋ ਮੇਰੀਏ ਜੋਗੀ ਇਕ ਆ ਗਿਆ ਨੀਂ
ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਅਖ਼ੀਰ ਵਿਚ ਐੱਚ. ਐੱਮ. ਵੀ. ਕੰਪਨੀ ਨੇ ਢਾਡੀ ਦੀਦਾਰ ਸਿੰਘ ਰਟੈਂਡਾ ਦੀ ਆਵਾਜ਼ ਨੂੰ ਰਿਕਾਰਡ ਕੀਤਾ। ਦੀਦਾਰ ਸਿੰਘ ਰਟੈਂਡਾ ਕਿਸੇ ਰਸਮੀ ਜਾਣ ਪਛਾਣ ਦਾ ਮੁਥਾਜ ਨਹੀਂ। ਸੱਤਵੇਂ ਦਹਾਕੇ ਤਕ ਪੰਜਾਬ ਦਾ ਬੱਚਾ ਬੱਚਾ ਉਸ ਦੇ ਨਾਂ ਤੋਂ ਜਾਣੂ ਸੀ। ਅੱਜ ਵੀ ਪੁਰਾਣੀ ਪੀੜ੍ਹੀ ਦੇ ਚੇਤਿਆਂ ਵਿਚ ਇਹ ਨਾਂ ਸਮਾਇਆ ਹੋਇਆ ਹੈ। ਲਗਾਤਾਰ ਤਿੰਨ ਦਹਾਕੇ ਵੱਖ-ਵੱਖ ਰਿਕਾਰਡਿੰਗ ਕੰਪਨੀਆਂ ਨੇ ਉਸ ਦੀ ਆਵਾਜ਼ ਵਿਚ ਲਗਭਗ ਨੱਬੇ ਤਵੇ ਰਿਵੀਜ਼ ਕੀਤੇ। ਐੱਚ. ਐੱਮ. ਵੀ. ਕੰਪਨੀ ਤੋਂ ਇਲਾਵਾ ਦਿ ਟਵਿਨ, ਜ਼ੀਨੋਫ਼ੋਨ, ਯੰਗ ਇੰਡੀਆ, ਨੈਸ਼ਨਲ ਰਿਕਾਰਡਜ਼, ਕੋਲੰਬੀਆ, ਹਿੰਦੁਸਤਾਨ ਰਿਕਾਰਡਜ਼, ਸਟਾਰ ਹਿੰਦੁਸਤਾਨ ਰਿਕਾਰਡਜ਼, ਸਰਗਮ ਆਦਿ ਕੰਪਨੀਆਂ ਨੇ ਉਸ ਨੂੰ ਰਿਕਾਰਡ ਕੀਤਾ। ਦੀਦਾਰ ਸਿੰਘ ਤੋਂ ਬਾਅਦ ਢਾਡੀ ਕਲਾ ਦੀ ਰਿਕਾਰਡਿੰਗ ਸੱਤਵੇਂ ਦਹਾਕੇ ਤਕ ਲਗਾਤਾਰ ਹੁੰਦੀ ਰਹੀ। ਜੋ ਬਹੁਤ ਸਾਰੇ ਸੰਗੀਤ ਪ੍ਰੇਮੀਆਂ ਦੇ ਭੰਡਾਰ ਵਿਚ ਸੁਰੱਖਿਅਤ ਹੈ।
ਸੰਪਰਕ: 84271-00341